SIR: ਪੰਜਾਬ ਵਿੱਚ ਵੋਟਰ ਸੂਚੀ ਨੂੰ ਪਾਰਦਰਸ਼ੀ ਅਤੇ ਅੱਪਡੇਟ ਬਣਾਉਣ ਲਈ ਚਲਾਏ ਜਾ ਰਹੇ ‘ਵਿਸ਼ੇਸ਼ ਗਹਿਨ ਸੁਧਾਈ’ (Special Intensive Revision – SIR) ਅਭਿਆਨ ਦੇ ਪਹਿਲੇ ਗੇੜ ਦੌਰਾਨ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਚੋਣ ਕਮਿਸ਼ਨ ਵੱਲੋਂ ਕਰਵਾਏ ਗਏ ਇਸ ਵਿਸ਼ੇਸ਼ ਸਰਵੇਖਣ ਦੌਰਾਨ ਸੂਬੇ ਵਿੱਚ ਲਗਭਗ 20 ਲੱਖ ਵੋਟਰ ਆਪਣੇ ਦਰਜ ਪਤਿਆਂ ‘ਤੇ ਨਹੀਂ ਮਿਲੇ ਹਨ। ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ‘ਚ ਮ੍ਰਿਤਕ ਅਤੇ ਡਬਲ ਵੋਟਰਾਂ ਦੀ ਪਛਾਣ ਕੀਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ (SIR) ਮੁਹਿੰਮ ਦੇ ਨਤੀਜਿਆਂ ਤੋਂ ਬਾਅਦ ਹੁਣ 13 ਅਗਸਤ ਨੂੰ ਵੋਟਰ ਸੂਚੀ ਦਾ ਪ੍ਰਾਰੰਭਿਕ ਡਰਾਫਟ ਜਾਰੀ ਕੀਤਾ ਜਾਵੇਗਾ।
20 ਲੱਖ ਵੋਟਰਾਂ ਦੇ ਗਾਇਬ ਹੋਣ ਪਿੱਛੇ ਕੀ ਹੈ ਪੂਰਾ ਮਾਮਲਾ?
ਪੰਜਾਬ ਦੀ ਮੁੱਖ ਚੋਣ ਅਫ਼ਸਰ (CEO) ਸ੍ਰੀਮਤੀ ਆਨੰਦਿਤਾ ਮਿੱਤਰਾ ਨੇ ਸਰਵੇ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸੁਧਾਈ ਪ੍ਰਕਿਰਿਆ (SIR) ਦੌਰਾਨ ਬੂਥ ਲੈਵਲ ਅਫ਼ਸਰਾਂ (BLOs) ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਤਸਦੀਕ ਕੀਤੀ। ਇਸ ਦੌਰਾਨ ਅਹਿਮ ਅੰਕੜੇ ਸਾਹਮਣੇ ਆਏ ਹਨ। ਲਗਭਗ 4,12,715 ਵੋਟਰ ਅਜਿਹੇ ਹਨ ਜੋ ਦਿੱਤੇ ਗਏ ਪਤੇ ‘ਤੇ ਨਹੀਂ ਮਿਲੇ ਅਤੇ ਨਾ ਹੀ ਉਨ੍ਹਾਂ ਬਾਰੇ ਕੋਈ ਠੋਸ ਜਾਣਕਾਰੀ ਮਿਲੀ ਹੈ।
ਸਰਵੇ ਦੌਰਾਨ 5.74 ਲੱਖ ਦੇ ਕਰੀਬ ਵੋਟਰਾਂ ਦੀ ਮੌਤ ਹੋ ਚੁੱਕੀ ਹੋਣ ਦਾ ਪਤਾ ਲੱਗਿਆ ਹੈ, ਜਿਨ੍ਹਾਂ ਦੇ ਨਾਂ ਹਾਲੇ ਵੀ ਸੂਚੀ ਵਿੱਚ ਸ਼ਾਮਲ ਸਨ। ਲਗਭਗ 1,19,145 ਵੋਟਰ ਅਜਿਹੇ ਪਾਏ ਗਏ ਹਨ ਜਿਨ੍ਹਾਂ ਦੇ ਨਾਂ ਦੋ-ਦੋ ਵੱਖ-ਵੱਖ ਥਾਵਾਂ ‘ਤੇ ਦਰਜ ਸਨ ਅਤੇ ਲਗਭਗ 12 ਲੱਖ ਵੋਟਰ ਅਜਿਹੇ ਹਨ ਜੋ ਨਾਲ ਪੂਰੀ ਤਰ੍ਹਾਂ ਮੈਪ ਨਹੀਂ ਹੋ ਸਕੇ ਹਨ।
ਐਨਿਊਮਰੇਸ਼ਨ ਫਾਰਮਾਂ ਦੀ ਵੰਡ ਅਤੇ ਵਾਪਸੀ
ਸੂਬੇ ਭਰ ਵਿੱਚ ਵੋਟਰ ਡਾਟਾ ਨੂੰ ਦਰੁਸਤ ਕਰਨ ਲਈ ਚੋਣ ਕਮਿਸ਼ਨ ਦੇ ਬੂਥ ਲੈਵਲ ਅਫ਼ਸਰਾਂ (BLOs) ਵੱਲੋਂ ਕੁੱਲ 2.61 ਕਰੋੜ ਐਨਿਊਮਰੇਸ਼ਨ ਫਾਰਮ ਘਰ-ਘਰ ਵੰਡੇ ਗਏ ਸਨ। ਇਹਨਾਂ ਵਿੱਚੋਂ ਲਗਭਗ 2.41 ਕਰੋੜ ਫਾਰਮ ਵਾਪਸ ਪ੍ਰਾਪਤ ਹੋ ਕੇ ਬੀ.ਐਲ.ਓਜ਼ ਕੋਲ ਜਮ੍ਹਾਂ ਹੋ ਚੁੱਕੇ ਹਨ। ਬਾਕੀ ਰਹਿੰਦੇ ਫਾਰਮਾਂ ਅਤੇ ਅੰਕੜਿਆਂ ਦੀ ਜਾਂਚ ਪ੍ਰਕਿਰਿਆ ਵੀ ਤੇਜ਼ੀ ਨਾਲ ਨਿਪਟਾਈ ਜਾ ਰਹੀ ਹੈ।
ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕਰਨ ਤੋਂ ਬਾਅਦ ਆਮ ਨਾਗਰਿਕਾਂ ਨੂੰ ਆਪਣੇ ਨਾਂ ਚੈੱਕ ਕਰਨ ਅਤੇ ਲੋੜੀਂਦੀਆਂ ਸੋਧਾਂ ਕਰਵਾਉਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ।
ਦਾਅਵੇ ਤੇ ਇਤਰਾਜ਼: ਜੇਕਰ ਕਿਸੇ ਦਾ ਨਾਂ ਵੋਟਰ ਸੂਚੀ ਵਿੱਚੋਂ ਗਲਤੀ ਨਾਲ ਕੱਟਿਆ ਗਿਆ ਹੈ ਜਾਂ ਕਿਸੇ ਜਾਣਕਾਰੀ ਵਿੱਚ ਸੁਧਾਰ ਦੀ ਲੋੜ ਹੈ, ਤਾਂ ਉਹ ਆਨਲਾਈਨ ਜਾਂ ਆਫਲਾਈਨ ਮਾਧਿਅਮ ਰਾਹੀਂ ਆਪਣੇ ਦਾਅਵੇ/ਇਤਰਾਜ਼ ਦਰਜ ਕਰਵਾ ਸਕਦੇ ਹਨ।
ERO) ਵੱਲੋਂ ਸੁਣਵਾਈ: ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ (ERO) ਵੋਟਰਾਂ ਵੱਲੋਂ ਪ੍ਰਾਪਤ ਇਤਰਾਜ਼ਾਂ ਦਾ ਨਿਪਟਾਰਾ ਕਰਨਗੇ। ਜਿਨ੍ਹਾਂ ਵੋਟਰਾਂ ਦੇ ਦਸਤਾਵੇਜ਼ਾਂ ‘ਚ ਕੋਈ ਸ਼ੰਕਾ ਜਾਂ ਤਰੁੱਟੀ ਹੋਵੇਗੀ, ਉਨ੍ਹਾਂ ਨੂੰ ਈ.ਆਰ.ਓ. ਦਫ਼ਤਰ ਵੱਲੋਂ ਨੋਟਿਸ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਲੋੜੀਂਦੇ ਸਬੂਤਾਂ ਸਮੇਤ ਹਾਜ਼ਰ ਹੋ ਕੇ ਪੱਖ ਰੱਖਣਾ ਪਵੇਗਾ।
16 ਅਗਸਤ ਨੂੰ ਲੱਗਣਗੇ ਵਿਸ਼ੇਸ਼ ਬੂਥ-ਲੈਵਲ ਕੈਂਪ
ਚੋਣ ਕਮਿਸ਼ਨ ਨੇ ਆਮ ਲੋਕਾਂ ਦੀ ਸਹੂਲਤ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਜਿਹੜੇ ਲੋਕ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਮਾਰ ਸਕਦੇ ਜਾਂ ਆਨਲਾਈਨ ਸੁਵਿਧਾ ਵਰਤਣ ‘ਚ ਅਸਮਰਥ ਹਨ, ਉਨ੍ਹਾਂ ਲਈ 16 ਅਗਸਤ ਨੂੰ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ‘ਚ ਬੀ.ਐਲ.ਓ. ਮੌਕੇ ‘ਤੇ ਮੌਜੂਦ ਰਹਿਣਗੇ ਅਤੇ ਲੋਕ ਆਪਣੇ ਫਾਰਮ ਭਰ ਸਕਣਗੇ।
ਇਸ ਤੋਂ ਇਲਾਵਾ, ਡਰਾਫਟ ਵੋਟਰ ਸੂਚੀ ਦੀਆਂ ਕਾਪੀਆਂ ਸੂਬੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਵੀ ਸੌਂਪੀਆਂ ਜਾਣਗੀਆਂ ਤਾਂ ਜੋ ਉਹ ਵੀ ਆਪਣੇ ਪੱਧਰ ‘ਤੇ ਵੋਟਰਾਂ ਦੀ ਜਾਂਚ ਕਰ ਸਕਣ।
12 ਲੱਖ ‘ਅਨਮੈਪਡ’ ਵੋਟਰਾਂ ਲਈ ਰਾਹਤ ਦੀ ਖ਼ਬਰ
ਮੁੱਖ ਚੋਣ ਅਫ਼ਸਰ ਸ੍ਰੀਮਤੀ ਆਨੰਦਿਤਾ ਮਿੱਤਰਾ ਨੇ 12 ਲੱਖ ਅਨਮੈਪਡ ਵੋਟਰਾਂ ਦੀ ਚਿੰਤਾ ਦੂਰ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਵੋਟਰਾਂ ਦੇ ਨਾਂ ਵੋਟਰ ਸੂਚੀ ਵਿੱਚ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਵੋਟ ਕੱਟੀ ਨਹੀਂ ਗਈ ਹੈ। ਅਜਿਹੇ ਵੋਟਰ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਜਾਣਕਾਰੀ ਲੈ ਸਕਦੇ ਹਨ।
ਇਹ ਵੋਟਰ ਆਪਣੇ ਬੂਥ ਲੈਵਲ ਅਫ਼ਸਰ ਕੋਲ ਜ਼ਰੂਰੀ ਪਛਾਣ ਪੱਤਰ ਤੇ ਰਿਹਾਇਸ਼ੀ ਦਸਤਾਵੇਜ਼ ਦਿਖਾ ਕੇ ਆਪਣੀ ਵੋਟ ਨੂੰ ਆਸਾਨੀ ਨਾਲ ਰੈਗੂਲਰ ਕਰਵਾ ਸਕਦੇ ਹਨ। ਨਾਲ ਹੀ, ਚੋਣ ਕਮਿਸ਼ਨ ਨੇ ਸਾਫ਼ ਕੀਤਾ ਹੈ ਕਿ ਜਿਨ੍ਹਾਂ ਮ੍ਰਿਤਕਾਂ ਜਾਂ ਪੱਕੇ ਤੌਰ ‘ਤੇ ਹੋਰ ਥਾਵਾਂ ‘ਚ ਸ਼ਿਫ਼ਟ ਹੋ ਚੁੱਕੇ ਲੋਕਾਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਭੇਜਿਆ ਜਾਵੇਗਾ, ਬਲਕਿ ਨਿਯਮਾਂ ਅਨੁਸਾਰ ਪ੍ਰਕਿਰਿਆ ਪੂਰੀ ਕਰਕੇ ਉਨ੍ਹਾਂ ਦੇ ਨਾਂ ਕੱਟੇ ਜਾਣਗੇ।
ਨਵੀਂ ਵੋਟ ਬਣਾਉਣ ਵਾਲਿਆਂ ਲਈ ਫਾਰਮ ਨੰਬਰ 6
ਜਿਹੜੇ ਨੌਜਵਾਨ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਜਾਂ ਜਿਨ੍ਹਾਂ ਦੀ ਹਾਲੇ ਤੱਕ ਵੋਟ ਨਹੀਂ ਬਣੀ, ਉਹ ਫਾਰਮ ਨੰਬਰ 6 ਭਰ ਕੇ ਆਪਣੀ ਨਵੀਂ ਵੋਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ। ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦਾ ਕੋਈ ਵੀ ਯੋਗ ਨਾਗਰਿਕ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।
ਹੋਰ ਖ਼ਬਰਾਂ: E20 ਪੈਟਰੋਲ ਖਿਲਾਫ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ
Canada ਦੇ ਗੁਰੂਘਰ ‘ਚ ਗੋਲਕ ਦੇ ਹਿਸਾਬ-ਕਿਤਾਬ ਨੂੰ ਲੈ ਕੇ ਟਕਰਾਅ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.




