US-Iran Deal: ਵਿਸ਼ਵ ਰਾਜਨੀਤੀ ਅਤੇ ਮੱਧ ਪੂਰਬ (Middle East) ਵਿੱਚ ਚੱਲ ਰਹੇ ਭਾਰੀ ਤਣਾਅ ਦਰਮਿਆਨ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਅਮਰੀਕਾ, ਈਰਾਨ ਅਤੇ ਕਈ ਪੱਛਮੀ ਏਸ਼ੀਆਈ ਦੇਸ਼ਾਂ ਦਰਮਿਆਨ ਇੱਕ ਪ੍ਰਸਤਾਵਿਤ ਸਮਝੌਤੇ ਦੇ ਢਾਂਚੇ (US-Iran Deal Framework) ‘ਤੇ ਸਹਿਮਤੀ ਬਣ ਗਈ ਹੈ। ਇਸ ਵੱਡੇ ਕੂਟਨੀਤਕ ਮੋੜ ਤੋਂ ਬਾਅਦ ਅਮਰੀਕਾ ਨੇ ਈਰਾਨ ‘ਤੇ ਹੋਣ ਵਾਲੇ ਸੰਭਾਵੀ ਫੌਜੀ ਹਮਲੇ ਨੂੰ ਫਿਲਹਾਲ ਰੋਕਣ ਦਾ ਫੈਸਲਾ ਕੀਤਾ ਹੈ।
ਟਰੰਪ ਅਨੁਸਾਰ, ਇਸ ਪ੍ਰਸਤਾਵਿਤ ਸਮਝੌਤੇ ਦੇ ਤਹਿਤ ਵਿਸ਼ਵ ਵਪਾਰ ਅਤੇ ਤੇਲ ਦੀ ਸਪਲਾਈ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹੋਰਮੁਜ਼ ਜਲਡਮਰੂ (Strait of Hormuz) ਨੂੰ ਤੁਰੰਤ ਪੂਰੀ ਤਰ੍ਹਾਂ ਖੋਲ੍ਹਿਆ ਜਾਵੇਗਾ ਅਤੇ ਈਰਾਨ ਦੇ ਪ੍ਰਮਾਣੂ ਖਤਰੇ ਨੂੰ ਹਮੇਸ਼ਾ ਲਈ ਖਤਮ ਕੀਤਾ ਜਾਵੇਗਾ।
US-Iran Deal’ ‘ਤੇ ਟ੍ਰੂਥ ਸੋਸ਼ਲ’ ‘ਤੇ ਟਰੰਪ ਦਾ ਬਿਆਨ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ (Truth Social) ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਅਮਰੀਕਾ ਈਰਾਨ ਵਿਰੁੱਧ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। “ਅਮਰੀਕਾ ਈਰਾਨ ਵਿਰੁੱਧ ਫੌਜੀ ਤਾਕਤ, ਸ਼ਕਤੀ ਅਤੇ ਹਮਲੇ ਦੀ ਵਰਤੋਂ ਕਰਨ ਲਈ ਅਜਿਹੇ ਪੱਧਰ ‘ਤੇ ਤਿਆਰ ਸੀ, ਜੋ ਦੂਜੇ ਵਿਸ਼ਵ ਯੁੱਧ (World War II) ਤੋਂ ਬਾਅਦ ਕਦੇ ਨਹੀਂ ਦੇਖਿਆ ਗਿਆ। ਪਰ ਕੂਟਨੀਤੀ ਨੂੰ ਇੱਕ ਮੌਕਾ ਦੇਣ ਲਈ ਅਸੀਂ ਯੋਜਨਾਬੱਧ ਫੌਜੀ ਹਮਲੇ ਨੂੰ ਰੋਕਣ ਦਾ ਫੈਸਲਾ ਕੀਤਾ ਹੈ।”
ਡੋਨਾਲਡ ਟਰੰਪ ਨੇ ਦੱਸਿਆ ਕਿ ਈਰਾਨ ਅਤੇ ਮੱਧ ਪੂਰਬ ਦੇ ਹੋਰ ਗੁਆਂਢੀ ਦੇਸ਼ਾਂ ਨੇ ਵਾਸ਼ਿੰਗਟਨ ਨੂੰ ਅਪੀਲ ਕੀਤੀ ਸੀ ਕਿ ਫੌਜੀ ਕਾਰਵਾਈ ਵਿੱਚ ਕੁਝ ਦੇਰੀ ਕੀਤੀ ਜਾਵੇ, ਕਿਉਂਕਿ ਸਮਝੌਤੇ ਦੀਆਂ ਮੁੱਖ ਸ਼ਰਤਾਂ ‘ਤੇ ਇੱਕ ਆਮ ਸਹਿਮਤੀ ਬਣ ਚੁੱਕੀ ਹੈ।
ਈਰਾਨ ਨਾਲ ਸਮਝੌਤੇ (US-Iran Deal) ਦੀਆਂ ਮੁੱਖ ਸ਼ਰਤਾਂ
ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਅਨੁਸਾਰ, ਇਸ ਸੰਭਾਵੀ ਸਮਝੌਤੇ ਵਿੱਚ ਵਿਸ਼ਵ ਦੀਆਂ ਆਰਥਿਕ ਗਤੀਵਿਧੀਆਂ ਅਤੇ ਊਰਜਾ ਲਾਂਘੇ ਲਈ ਅਹਿਮ ਹੋਰਮੁਜ਼ ਜਲਡਮਰੂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਤਰ੍ਹਾਂ ਖੋਲ੍ਹਿਆ ਜਾਵੇਗਾ। ਈਰਾਨ ਆਪਣੇ ਪ੍ਰਮਾਣੂ ਹਥਿਆਰ ਵਿਕਸਤ ਕਰਨ ਦੇ ਪ੍ਰੋਗਰਾਮ ਨੂੰ ਖਤਮ ਕਰੇਗਾ, ਜਿਸ ਨਾਲ ਖੇਤਰ ਵਿੱਚ ਪ੍ਰਮਾਣੂ ਖਤਰਾ ਖਤਮ ਹੋਵੇਗਾ। ਟਰੰਪ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਵੀ ਇਸ ਕੂਟਨੀਤਕ ਰਸਤੇ ਅਤੇ ਸਮਝੌਤੇ ਦੀ ਪ੍ਰਕਿਰਿਆ ਦਾ ਸਮਰਥਨ ਕੀਤਾ ਹੈ।
ਟਰੰਪ ਨੇ ਲਿਖਿਆ, “ਇਸ ਬੇਨਤੀ ਦੇ ਆਧਾਰ ‘ਤੇ, ਮੈਂ ਦੁਨੀਆ ਦੇ ਭਵਿੱਖ ਅਤੇ ਇੱਕ ਸਫਲ ਵਾ ਹੱਸਦੇ ਖੇਡਦੇ ਈਰਾਨ ਦੀ ਹੋਂਦ ਲਈ ਹਮਲੇ ਨੂੰ ਰੋਕਣ ‘ਤੇ ਸਹਿਮਤ ਹੋਇਆ ਹਾਂ, ਬਸ਼ਰਤੇ ਇਹ ਸਮਝੌਤਾ ਜਲਦੀ ਤੋਂ ਜਲਦੀ ਅੰਤਿਮ ਰੂਪ ਲਵੇ।”
ਇਜ਼ਰਾਈਲ ਦੀ ਭੂਮਿਕਾ ਅਤੇ ਅਨਿਸ਼ਚਿਤਤਾਵਾਂ
ਭਾਵੇਂ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ, ਪਰ ਉਨ੍ਹਾਂ ਨੇ ਇਸ ਪ੍ਰਸਤਾਵਿਤ ਸਮਝੌਤੇ ਦੀ ਅੰਤਿਮ ਸਮਾਂ-ਸੀਮਾ ਜਾਂ ਹੋਰ ਬਾਰੀਕੀਆਂ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ। ਇਸ ਤੋਂ ਇਲਾਵਾ, ਈਰਾਨੀ ਸਰਕਾਰ ਜਾਂ ਇਜ਼ਰਾਈਲ ਵਲੋਂ ਅਜੇ ਤੱਕ ਟਰੰਪ ਦੇ ਇਸ ਦਾਅਵੇ ‘ਤੇ ਕੋਈ ਅਧਿਕਾਰਤ ਪੁਸ਼ਟੀ ਜਾਂ ਵਿਸਥਾਰਪੂਰਵਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ, ਕੈਂਪ ਡੇਵਿਡ ਵਿਖੇ ਪਹਿਲੀ ਲਾਈਵ ਟੈਲੀਵਿਜ਼ਨ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਈਰਾਨ ਅਮਰੀਕੀ ਫੌਜਾਂ ਲਈ ਖਤਰਾ ਬਣਨਾ ਬੰਦ ਨਹੀਂ ਕਰਦਾ, ਉਦੋਂ ਤੱਕ ਉਸ ‘ਤੇ ਆਰਥਿਕ ਅਤੇ ਫੌਜੀ ਦਬਾਅ ਬਣਾਇਆ ਰੱਖਿਆ ਜਾਵੇਗਾ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ ਸੀ ਕਿ “ਜੇਕਰ ਗੱਲਬਾਤ (US-Iran Deal) ਸਿਰੇ ਨਹੀਂ ਚੜ੍ਹਦੀ, ਤਾਂ ਅਸੀਂ ਉਨ੍ਹਾਂ ‘ਤੇ ਬਹੁਤ ਸਖ਼ਤ ਹਮਲਾ ਕਰਾਂਗੇ। ਅਜਿਹਾ ਹਮਲਾ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਣਗੇ।”
ਉਨ੍ਹਾਂ ਨੇ ਦੁਹਰਾਇਆ ਕਿ ਅਮਰੀਕਾ ਦਾ ਮੁੱਖ ਮਕਸਦ ਈਰਾਨ ਨੂੰ ਪ੍ਰਮਾਣੂ ਹਥਿਆਰਾਂ ਤੱਕ ਪਹੁੰਚਣ ਤੋਂ ਰੋਕਣਾ ਹੈ। ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਕੋਲ ਪ੍ਰਮਾਣੂ ਹਥਿਆਰ ਆ ਜਾਂਦੇ ਹਨ, ਤਾਂ ਮੱਧ ਪੂਰਬ ਵਿੱਚ ਅਸਥਿਰਤਾ ਅਤੇ ਤਬਾਹੀ ਦਾ ਖਤਰਾ ਕਾਫੀ ਵਧ ਜਾਵੇਗਾ।
ਡੋਨਾਲਡ ਟਰੰਪ ਦੇ ਇਸ ਦਾਅਵੇ ਨਾਲ ਮੱਧ ਪੂਰਬ ਵਿੱਚ ਜੰਗ ਦੇ ਬੱਦਲ ਫਿਲਹਾਲ ਛੱਟਦੇ ਨਜ਼ਰ ਆ ਰਹੇ ਹਨ। ਜੇਕਰ ਇਹ ਸਮਝੌਤਾ (US-Iran Deal) ਸਿਰੇ ਚੜ੍ਹਦਾ ਹੈ, ਤਾਂ ਇਹ ਨਾ ਕੇਵਲ ਹੋਰਮੁਜ਼ ਜਲਡਮਰੂ ਰਾਹੀਂ ਵਿਸ਼ਵ ਤੇਲ ਵਪਾਰ ਨੂੰ ਸੁਚਾਰੂ ਬਣਾਏਗਾ, ਸਗੋਂ ਖੇਤਰ ਵਿੱਚ ਇੱਕ ਵੱਡੇ ਅੰਤਰਰਾਸ਼ਟਰੀ ਸੰਕਟ ਨੂੰ ਟਾਲਣ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ। ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਤਹਿਰਾਨ ਅਤੇ ਵਾਸ਼ਿੰਗਟਨ ਦਰਮਿਆਨ ਹੋਣ ਵਾਲੇ ਅਗਲੇ ਕੂਟਨੀਤਕ ਕਦਮਾਂ ‘ਤੇ ਟਿਕੀਆਂ ਹੋਈਆਂ ਹਨ।
ਹੋਰ ਖ਼ਬਰਾਂ: J&K: ਕੁਲਗਾਮ ‘ਚ ਪਹਿਲਗਾਮ ਵਰਗਾ ਅੱਤਵਾਦੀ ਹਮਲਾ!
Punjab Congress ‘ਚ ਕਲੇਸ਼! ਮੀਟਿੰਗ ‘ਚ ਲੱਗੇ ‘ਚੰਨੀ ਜ਼ਿੰਦਾਬਾਦ’ ਦੇ ਨਾਅਰੇ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

