ਕੈਨੇਡਾ

Surrey ਵਿੱਚ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਸਮਰੱਥਾ ਵਿੱਚ ਵਾਧਾ

📷 Surrery

ਸਰ੍ਹੀ (Surrey) ਦੇ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ (KPU) ਨੂੰ ਇਸ ਸਾਲ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ 462 ਨਵੀਆਂ ਸੀਟਾਂ ਮਿਲਣਗੀਆਂ। ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਸੂਬੇ ਵਿੱਚ ਸ਼ੁਰੂ ਹੋ ਰਹੇ ਮੁੱਖ ਪ੍ਰੋਜੈਕਟਾਂ ਦੇ ਮੱਦੇਨਜ਼ਰ ਉੱਚ ਮੰਗ ਵਾਲੇ ਕਿੱਤਿਆਂ ਵਿੱਚ ਰੁਜ਼ਗਾਰ ਦੇ ਮੌਕਿਆਂ ਲਈ ਸਭ ਤੋਂ ਪਹਿਲਾਂ ਤਿਆਰ ਹੋਣ। ਇਸ ਨਾਲ ਇਸ ਸਾਲ KPU ਵਿੱਚ ਉਪਲਬਧ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਦੀਆਂ ਕੁੱਲ ਸੀਟਾਂ ਦੀ ਗਿਣਤੀ ਵਧ ਕੇ 1,762 ਹੋ ਜਾਵੇਗੀ।

“ਸਰ੍ਹੀ (Surrey) ਵਿੱਚ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ ਸੈਂਕੜੇ ਨਵੀਆਂ ਸੀਟਾਂ ਸ਼ਾਮਲ ਕਰਕੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਭਵਿੱਖ ਦੀਆਂ ਉੱਚ ਮੰਗ ਵਾਲੀਆਂ ਨੌਕਰੀਆਂ ਲਈ ਲੋੜੀਂਦੀ ਸਿਖਲਾਈ ਮਿਲੇ। ਇਸ ਨਾਲ ਉਹ ਆਪਣੇ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਆਪਣੇ ਸੁਪਨਿਆਂ ਨੂੰ ਵੀ ਸਾਕਾਰ ਕਰ ਸਕਣਗੇ,”

ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ। “ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲੋਕਾਂ ਲਈ ਸੰਤੁਸ਼ਟੀਜਨਕ ਪੇਸ਼ੇ ਅਤੇ ਵਧੇਰੇ ਕਮਾਈ ਦੇ ਮੌਕੇ ਪੈਦਾ ਕਰਦੀ ਹੈ ਅਤੇ ਉਹ ਘਰ, ਬੁਨਿਆਦੀ ਢਾਂਚਾ ਅਤੇ ਵੱਡੇ ਪ੍ਰੋਜੈਕਟ ਮੁਹੱਈਆ ਕਰਦੀ ਹੈ, ਜਿਨ੍ਹਾਂ ਦੀ ਸਾਡੇ ਸੂਬੇ ਨੂੰ ਲੋੜ ਹੈ। ਇਸੇ ਤਰ੍ਹਾਂ ਅਸੀਂ ਅਜਿਹੀ ਅਰਥਵਿਵਸਥਾ ਦਾ ਨਿਰਮਾਣ ਕਰਦੇ ਹਾਂ ਜੋ ਲੋਕਾਂ ਲਈ ਬਿਹਤਰ ਢੰਗ ਨਾਲ ਕੰਮ ਕਰਦੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਅੱਗੇ ਵਧਣ ਦੇ ਹੋਰ ਮੌਕੇ ਪੈਦਾ ਕਰਦੀ ਹੈ।”

ਉੱਚ ਮੰਗ ਵਾਲੇ ਹੁਨਰਮੰਦ ਕਿੱਤਿਆਂ ਵਿੱਚ ਦਾਖਲੇ ਲਈ ਹੋਰ ਰਾਹ ਬਣਾਉਣਾ

ਇਹ ਪਹਿਲਕਦਮੀ ਸੂਬੇ ਦੀ ‘ਲੁੱਕ ਵੈਸਟ’ ਕਾਰਜਨੀਤੀ ਅਤੇ 2026-27 ਵਿੱਚ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ 5,000 ਨਵੀਆਂ ਸੀਟਾਂ ਜੋੜਨ ਦੀ ਵਚਨਬੱਧਤਾ ਦਾ ਹਿੱਸਾ ਹੈ। KPU ਵਿੱਚ ਜੋੜੀਆਂ ਜਾ ਰਹੀਆਂ ਨਵੀਆਂ ਸੀਟਾਂ ਉਡੀਕ ਸੂਚੀਆਂ ਨੂੰ ਘਟਾਉਣ, ਅਪ੍ਰੈਂਟਿਸਸ਼ਿਪ ਸਿਖਲਾਈ ਦੇ ਮੌਕਿਆਂ ਦਾ ਵਿਸਤਾਰ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨਗੀਆਂ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਸੂਬੇ ਭਰ ਵਿੱਚ ਪੈਦਾ ਹੋ ਰਹੇ ਰੁਜ਼ਗਾਰ ਮੌਕਿਆਂ ਦਾ ਸਭ ਤੋਂ ਪਹਿਲਾਂ ਲਾਭ ਮਿਲੇ।

ਨਵੀਆਂ ਸਿਖਲਾਈ ਥਾਵਾਂ ਵੱਧ ਮੰਗ ਵਾਲੇ ਅਪ੍ਰੈਂਟਿਸਸ਼ਿਪ ਪ੍ਰੋਗਰਾਮਾਂ ਦੀਆਂ ਉਡੀਕ ਸੂਚੀਆਂ ਨੂੰ ਘਟਾਉਣ, ਹੋਰ ਨੌਜਵਾਨਾਂ ਨੂੰ ਹੁਨਰਮੰਦ ਕਿੱਤਿਆਂ ਵੱਲ ਆਕਰਸ਼ਿਤ ਕਰਨ ਅਤੇ ਘਰਾਂ ਦੀ ਉਸਾਰੀ, ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਅਤੇ ਉਦਯੋਗਿਕ ਵਿਕਾਸ ਲਈ ਲੋੜੀਂਦੇ ਕਈ ਕਿੱਤਿਆਂ ਵਿੱਚ ਸਿਖਲਾਈ ਦਾ ਸਮਰਥਨ ਕਰਨਗੀਆਂ। ਇਨ੍ਹਾਂ ਵਿੱਚ ਹੇਠ ਲਿਖੇ ਕਿੱਤੇ ਸ਼ਾਮਲ ਹਨ, ਪਰ ਇਹ ਇਨ੍ਹਾਂ ਤੱਕ ਹੀ ਸੀਮਤ ਨਹੀਂ ਹਨ:

  • ਕੰਸਟ੍ਰਕਸ਼ਨ ਇਲੈਕਟ੍ਰੀਸ਼ੀਅਨ
  • ਇੰਡਸਟ੍ਰੀਅਲ ਮਕੈਨਿਕ (ਮਿੱਲਰਾਈਟ)
  • ਪਲੰਬਰ
  • ਕੰਸਟ੍ਰਕਸ਼ਨ ਕ੍ਰਾਫਟ ਵਰਕਰ
  • ਪਾਰਟਸ ਟੈਕਨੀਸ਼ੀਅਨ

ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਖੇਤਰਾਂ ਵਿੱਚੋਂ ਇੱਕ ਹੋਣ ਕਾਰਨ, ਲੋਅਰ ਮੇਨਲੈਂਡ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ। KPU ਵਿੱਚ ਸਿਖਲਾਈ ਸਮਰੱਥਾ ਵਧਾਉਣ ਨਾਲ ਹੋਰ ਲੋਕਾਂ ਨੂੰ ਸਿੱਖਿਆ ਅਤੇ ਸਿਖਲਾਈ ਤੱਕ ਹੋਰ ਤੇਜ਼ੀ ਨਾਲ ਪਹੁੰਚ ਮਿਲੇਗੀ। ਇਸ ਦੇ ਨਾਲ ਹੀ, ਇਹ ਪਹਿਲ ਰੁਜ਼ਗਾਰ ਦੇਣ ਵਾਲਿਆਂ ਦੀ ਉੱਚ-ਹੁਨਰਮੰਦ ਕਾਰਜਬਲ ਦੀ ਲੋੜ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗੀ।

“ਸਰ੍ਹੀ (Surrey) ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਨਾਲ ਹੀ ਹੁਨਰਮੰਦ ਕਾਮਿਆਂ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ,” ਪੋਸਟ-ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਮੰਤਰੀ, ਜੈਸੀ ਸੁੰਨੜ ਨੇ ਕਿਹਾ। “KPU ਵਿੱਚ ਜੋੜੀਆਂ ਜਾ ਰਹੀਆਂ ਇਹ ਨਵੀਆਂ ਸੀਟਾਂ ਹੋਰ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਹਾਸਲ ਕਰਨ ਦਾ ਮੌਕਾ ਦੇਣਗੀਆਂ।

ਇਸ ਦੇ ਨਾਲ ਹੀ ਸੂਬੇ ਭਰ ਵਿੱਚ ਉਸਾਰੇ ਜਾ ਰਹੇ ਪ੍ਰੋਜੈਕਟਾਂ, ਜਿਨ੍ਹਾਂ ਵਿੱਚ ਹਸਪਤਾਲਾਂ, ਸਕੂਲਾਂ ਅਤੇ ਸਰ੍ਹੀ-ਲੈਂਗਲੀ ਸਕਾਈਟ੍ਰੇਨ ਵਰਗੇ ਸਥਾਨਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ਾਮਲ ਹਨ, ਵਿੱਚ ਸੰਤੁਸ਼ਟੀਜਨਕ ਪੇਸ਼ਿਆਂ ਲਈ ਤਿਆਰੀ ਕਰਨ ਵਿੱਚ ਮਦਦ ਕਰਨਗੀਆਂ। ਅੱਜ ਸਰ੍ਹੀ (Surrey) ਦੇ ਕਾਰਜਬਲ ਵਿੱਚ ਨਿਵੇਸ਼ ਕਰਕੇ, ਅਸੀਂ ਸਥਾਨਕ ਕਾਰਜਬਲ ਨੂੰ ਮਜ਼ਬੂਤ ਬਣਾ ਰਹੇ ਹਾਂ ਅਤੇ ਆਉਣ ਵਾਲੇ ਸਾਲਾਂ ਦੌਰਾਨ ਖੇਤਰ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕਰ ਰਹੇ ਹਾਂ।”

ਵਧੇਰੇ ਮਜ਼ਬੂਤ ਕਾਰਜਬਲ ਅਤੇ ਅਰਥਵਿਵਸਥਾ ਨੂੰ ਸਹਿਯੋਗ ਦੇਣਾ

“ਅਸੀਂ ਹੁਨਰਮੰਦ ਕਿੱਤਿਆਂ ਵਿੱਚ ਨਿਵੇਸ਼ ਕਰਨ ਦੀ ਸੂਬੇ ਦੀ ਵਚਨਬੱਧਤਾ ਲਈ ਧੰਨਵਾਦੀ ਹਾਂ,” ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਵਾਈਸ-ਚਾਂਸਲਰ, ਡਾਇਨ ਪਰਵੇ ਨੇ ਕਿਹਾ। “ਇਹ ਵਿੱਤੀ ਸਹਾਇਤਾ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਸਥਿਰਤਾ ਪ੍ਰਦਾਨ ਕਰਦੀ ਹੈ। ਇਸ ਨਾਲ KPU ਨੂੰ ਭਵਿੱਖ ਦੇ ਵਿਕਾਸ ਦੇ ਮੌਕਿਆਂ ਅਤੇ ਲੇਬਰ ਮਾਰਕਿਟ ਦੀਆਂ ਲੋੜਾਂ ਅਨੁਸਾਰ ਕੰਮ ਕਰਨ ਵਿੱਚ ਮਦਦ ਮਿਲੇਗੀ, ਅਤੇ ਨਾਲ ਹੀ ਸੂਬੇ ਅਤੇ ਦੇਸ਼ ਦੇ ਭਵਿੱਖੀ ਵਿਕਾਸ ਲਈ ਲੋੜੀਂਦੇ ਹੁਨਰਮੰਦ ਕਾਮਿਆਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।”

ਲੁੱਕ ਵੈਸਟ ਕਾਰਜਨੀਤੀ ਰਾਹੀਂ, ਸਰਕਾਰ ਸੂਬੇ ਭਰ ਵਿੱਚ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਨੂੰ ਵਧੇਰੇ ਮਜ਼ਬੂਤ ਕਰਨ ਲਈ ਤਿੰਨ ਸਾਲਾਂ ਦੌਰਾਨ $241 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ। KPU ਵਿੱਚ ਉਪਲਬਧ ਕਰਵਾਈਆਂ ਗਈਆਂ ਵਧੇਰੇ ਸੀਟਾਂ ਇਸੇ ਫੰਡ ਰਾਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਹੋਰ ਖ਼ਬਰਾਂ ਪੜ੍ਹੋਂ: Surrey Memorial ਹਸਪਤਾਲ ਵਿੱਚ ਨਵੀਂ ਗੁਰਦਾ ਦੇਖਭਾਲ ਸਹੂਲਤ ਨਾਲ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ

Avatar of ARSHDEEP

Arsh is a multilingual news writer and content specialist at StudioX News with more than 8 years of experience in journalism, digital media, and multilingual content. Holding Master's degrees in Journalism & Mass Communication and Punjabi, along with a PGDPR and Diploma in Life Coaching, He has published numerous national and international research papers and diverse news articles across digital and traditional media.

Follow StudioX Punjabi News:

Related Stories