ਕੈਨੇਡਾ

Surrey Memorial ਹਸਪਤਾਲ ਵਿੱਚ ਨਵੀਂ ਗੁਰਦਾ ਦੇਖਭਾਲ ਸਹੂਲਤ ਨਾਲ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ

📷 Surrey Memorial

ਸਰ੍ਹੀ ਮੈਮੋਰੀਅਲ (Surrey Memorial) ਹਸਪਤਾਲ ਵਿੱਚ ਗੁਰਦਿਆਂ ਦੇ ਇਲਾਜ ਲਈ ਨਵੀਂ ਸਹੂਲਤ ਦੇ ਖੁੱਲ੍ਹਣ ਨਾਲ ਸਰ੍ਹੀ ਅਤੇ ਨੇੜਲੇ ਭਾਈਚਾਰਿਆਂ ਦੇ ਲੋਕਾਂ ਨੂੰ ਹੁਣ ਡਾਇਲਿਸਿਸ ਸੇਵਾਵਾਂ ਤੱਕ ਵਧੇਰੇ ਪਹੁੰਚ ਮਿਲੇਗੀ।

“ਸਰ੍ਹੀ ਅਤੇ ਨੇੜਲੇ ਇਲਾਕਿਆਂ ਦੇ ਉਹ ਲੋਕ, ਜਿਨ੍ਹਾਂ ਲਈ ਜੀਵਨ ਬਚਾਉਣ ਵਾਲੀ ਗੁਰਦਿਆਂ ਸੰਬੰਧੀ ਦੇਖਭਾਲ ਜ਼ਰੂਰੀ ਹੈ, ਗੁਰਦਿਆਂ ਦੇ ਇਲਾਜ ਲਈ ਇਸ ਨਵੀਂ ਸਹੂਲਤ ਨਾਲ ਬਿਹਤਰ ਸੇਵਾਵਾਂ ਦਾ ਲਾਭ ਲੈ ਸਕਣਗੇ,” ਸਿਹਤ ਮੰਤਰੀ, ਜੋਜ਼ੀ ਔਸਬੌਰਨ ਨੇ ਕਿਹਾ। “ਇਹ ਤੇਜ਼ੀ ਨਾਲ ਵਧ ਰਹੇ ਭਾਈਚਾਰੇ ਦੀ ਸਹਾਇਤਾ ਕਰਨ, ਸਰ੍ਹੀ ਮੈਮੋਰੀਅਲ (Surrey Memorial) ਹਸਪਤਾਲ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੂਬੇ ਭਰ ਵਿੱਚ ਲੋਕਾਂ ਲਈ ਦੇਖਭਾਲ ਤੱਕ ਪਹੁੰਚ ਸੁਧਾਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।“

ਤੇਜ਼ੀ ਨਾਲ ਵਧ ਰਹੇ ਭਾਈਚਾਰੇ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨਾ

ਗੁਰਦਿਆਂ ਦੇ ਇਲਾਜ ਲਈ ਨਵੀਂ ਸਹੂਲਤ ਹਫ਼ਤੇ ਦੇ ਸੱਤੇ ਦਿਨ ਚੱਲਦੀ ਹੈ। ਸਰ੍ਹੀ ਮੈਮੋਰੀਅਲ (Surrey Memorial) ਹਸਪਤਾਲ ਕੈਂਪਸ ਦੇ ਉੱਤਰ-ਪੱਛਮੀ ਕੋਨੇ ਵਿੱਚ ਸਥਿਤ ਇਹ ਸੁਤੰਤਰ ਰੀਨਲ ਫੈਸੀਲਿਟੀ ਹੀਮੋਡਾਇਲਿਸਿਸ ਲਈ 21 ਨਵੇਂ ਇਲਾਜ ਸਟੇਸ਼ਨ ਸ਼ਾਮਲ ਕਰਦੀ ਹੈ। ਇਸ ਨਾਲ ਹਸਪਤਾਲ ਵਿੱਚ ਕੁੱਲ ਸਟੇਸ਼ਨਾਂ ਦੀ ਗਿਣਤੀ 60 ਹੋ ਗਈ ਹੈ ਅਤੇ ਡਾਇਲਿਸਿਸ ਇਲਾਜ ਸਮਰੱਥਾ ਵਿੱਚ ਲਗਭਗ 55% ਦਾ ਵਾਧਾ ਹੋਇਆ ਹੈ।

“ਇਹ ਨਵੀਂ ਇਮਾਰਤ ਸਾਡੇ ਮਰੀਜ਼ਾਂ ਦੀ ਦੇਖਭਾਲ ਅਤੇ ਸੇਵਾਵਾਂ ਵਿੱਚ ਅਸਲ ਤਬਦੀਲੀ ਲਿਆਉਂਦੀ ਹੈ,” ਸਰ੍ਹੀ ਮੈਮੋਰੀਅਲ (Surrey Memorial) ਹਸਪਤਾਲ ਦੇ ਨਿਫ਼ਰੌਲੋਜੀ ਦੇ ਸਾਈਟ ਲੀਡ, ਡਾ. ਬ੍ਰੈਡਫੋਰਡ ਸਟ੍ਰਿਜੈਕ ਨੇ ਕਿਹਾ। “ਹੀਮੋਡਾਇਲਿਸਿਸ ਦੀ ਲੋੜ ਵਾਲੇ ਮਰੀਜ਼ਾਂ ਲਈ ਇਹ ਇੱਕ ਲਾਜ਼ਮੀ ਇਲਾਜ ਹੈ। ਮਰੀਜ਼ਾਂ ਨੂੰ ਹਫ਼ਤੇ ਵਿੱਚ ਤਿੰਨ ਜਾਂ ਇਸ ਤੋਂ ਵੱਧ ਵਾਰ, ਹਰ ਵਾਰ ਕਈ ਘੰਟਿਆਂ ਲਈ ਇਲਾਜ ਕਰਵਾਉਣਾ ਪੈਂਦਾ ਹੈ, ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ। ਮਰੀਜ਼ਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਇਸ ਨਵੀਂ ਥਾਂ ਵਿੱਚ 21 ਹੋਰ ਸਟੇਸ਼ਨ ਸ਼ਾਮਲ ਹੋਣ ਨਾਲ ਅਸੀਂ ਹੋਰ ਮਰੀਜ਼ਾਂ ਨੂੰ ਸੇਵਾਵਾਂ ਦੇ ਸਕਾਂਗੇ ਅਤੇ ਉਨ੍ਹਾਂ ਲਈ ਵਧੇਰੇ ਆਰਾਮਦਾਇਕ ਤੇ ਸੁਵਿਧਾਜਨਕ ਮਾਹੌਲ ਮੁਹੱਈਆ ਕਰਵਾ ਸਕਾਂਗੇ।”

ਸਰ੍ਹੀ ਮੈਮੋਰੀਅਲ (Surrey Memorial) ਹਸਪਤਾਲ ਵਿੱਚ ਇਸ ਵੇਲੇ ਹਰ ਸਾਲ ਲਗਭਗ 42,000 ਡਾਇਲਿਸਿਸ ਇਲਾਜ ਕੀਤੇ ਜਾਂਦੇ ਹਨ। ਇਸ ਨਵੇਂ ਸੈਂਟਰ ਦੇ ਖੁੱਲ੍ਹਣ ਨਾਲ ਡਾਇਲਿਸਿਸ ਇਲਾਜ ਦੀ ਗਿਣਤੀ ਵੱਧ ਕੇ ਸਾਲਾਨਾ ਲਗਭਗ 65,000 ਹੋਣ ਦੀ ਉਮੀਦ ਹੈ।

“ਗੁਰਦਿਆਂ ਦੇ ਇਲਾਜ ਲਈ ਨਵੀਂ ਸਹੂਲਤ ਆਧੁਨਿਕ ਸਿਹਤ ਸੇਵਾਵਾਂ ਦੀ ਇੱਕ ਮਿਸਾਲ ਹੈ। “ਇਹ ਅਜਿਹੀ ਦੇਖਭਾਲ ਹੈ ਜੋ ਹਰ ਰੋਜ਼ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ,” ਫਰੇਜ਼ਰ ਹੈਲਥ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ., ਡਰਮੋਟ ਕੈਲੀ ਨੇ ਕਿਹਾ। “ਗੁਰਦਿਆਂ ਦੀ ਬਿਮਾਰੀ ਨਾਲ ਰਹਿਣਾ ਚੁਣੌਤੀਪੂਰਨ ਹੋ ਸਕਦਾ ਹੈ।

ਇਹ ਨਵਾਂ ਸੈਂਟਰ ਇੱਕ ਆਰਾਮਦਾਇਕ ਅਤੇ ਖਾਸ ਤੌਰ ’ਤੇ ਤਿਆਰ ਕੀਤੀ ਗਈ ਥਾਂ ਮੁਹੱਈਆ ਕਰਦਾ ਹੈ, ਜਿੱਥੇ ਲੋਕ ਇੱਜ਼ਤ ਅਤੇ ਵਿਸ਼ਵਾਸ ਨਾਲ ਆਪਣਾ ਲੋੜੀਂਦਾ ਇਲਾਜ ਕਰਵਾ ਸਕਦੇ ਹਨ। ਇਹ ਨਿਵੇਸ਼ ਮਰੀਜ਼ਾਂ ਦੇ ਦੇਖਭਾਲ ਅਨੁਭਵ ਨੂੰ ਬਿਹਤਰ ਬਣਾਉਣ, ਸਾਡੀਆਂ ਦੇਖਭਾਲ ਟੀਮਾਂ ਨੂੰ ਸਹਾਇਤਾ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਹੈ ਕਿ ਅਸੀਂ ਆਉਣ ਵਾਲੇ ਸਾਲਾਂ ਵਿੱਚ ਲੋਕਾਂ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਰਹੀਏ।”

ਸਰ੍ਹੀ ਵਿੱਚ ਸਿਹਤ ਸੰਭਾਲ ਲਈ ਜਾਰੀ ਨਿਵੇਸ਼ਾਂ ਦਾ ਹਿੱਸਾ

ਸੂਬੇ ਨੇ ਸਰ੍ਹੀ ਹਸਪਤਾਲ ਫਾਊਂਡੇਸ਼ਨ ਦੇ ਯੋਗਦਾਨ ਨਾਲ ਗੁਰਦਿਆਂ ਦੇ ਇਲਾਜ ਲਈ ਨਵੀਂ ਸਹੂਲਤ ਲਈ $85 ਮਿਲੀਅਨ ਦਾ ਨਿਵੇਸ਼ ਕੀਤਾ ਹੈ।

ਇਹ ਸਰ੍ਹੀ ਵਿੱਚ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਦੀ ਵੱਡੀ ਯੋਜਨਾ ਦਾ ਹਿੱਸਾ ਹੈ। ਇਸ ਯੋਜਨਾ ਵਿੱਚ ਕਮਿਊਨਿਟੀ ਪੱਧਰ ਦੀਆਂ ਸੇਵਾਵਾਂ ਦਾ ਵਿਸਥਾਰ, ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਨਵਾਂ ਮੈਡੀਕਲ ਸਕੂਲ ਅਤੇ ਕਲੋਵਰਡੇਲ ਵਿੱਚ ਨਵਾਂ ਹਸਪਤਾਲ ਅਤੇ ਬੀ.ਸੀ. ਕੈਂਸਰ ਸੈਂਟਰ ਸ਼ਾਮਲ ਹਨ।

ਇਸ ਤੋਂ ਇਲਾਵਾ, ਸਰ੍ਹੀ ਮੈਮੋਰੀਅਲ (Surrey Memorial) ਹਸਪਤਾਲ ਵਿੱਚ ਸਰਜੀਕਲ ਸੇਵਾਵਾਂ ਦੇ ਨਵੀਨੀਕਰਨ ਅਤੇ ਵਿਸਥਾਰ ਲਈ ਕੰਮ ਜਾਰੀ ਹੈ। ਕੁਝ ਨਵੀਨੀਕਰਨ ਕਾਰਜ ਪੂਰੇ ਹੋ ਚੁੱਕੇ ਹਨ ਅਤੇ ਆਖਰੀ ਓਪਰੇਟਿੰਗ ਰੂਮ ’ਤੇ ਕੰਮ 2026 ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ, ਮੈਡੀਕਲ ਇਮੇਜਿੰਗ ਸੇਵਾਵਾਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ। ਦੂਜੇ ਐਮ.ਆਰ.ਆਈ. ਸਕੈਨਰ ਦੀ ਸਥਾਪਨਾ ਲਈ ਨਿਰਮਾਣ ਕੰਮ ਚੱਲ ਰਿਹਾ ਹੈ, ਜਿਸ ਵਿੱਚ ਨਵੇਂ ਮਰੀਜ਼ ਉਡੀਕ ਖੇਤਰ ਅਤੇ ਇਲਾਜ ਤੋਂ ਪਹਿਲਾਂ ਅਤੇ ਬਾਅਦ ਦੇਖਭਾਲ ਲਈ ਵਧੇਰੇ ਥਾਂਵਾਂ ਵੀ ਸ਼ਾਮਲ ਹਨ। ਅਤੇ ਜਿਮ ਪੈਟਿਸਨ ਆਊਟਪੇਸ਼ੈਂਟ ਕੇਅਰ ਐਂਡ ਸਰਜਰੀ ਸੈਂਟਰ ਵਿੱਚ ਨਵੇਂ ਸੀ.ਟੀ. ਸਕੈਨਰ ਸੂਈਟ ਦਾ ਕੰਮ 2026 ਦੇ ਅਖੀਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ।

ਇਹ ਪ੍ਰੋਜੈਕਟ ਸਰ੍ਹੀ ਮੈਮੋਰੀਅਲ (Surrey Memorial) ਹਸਪਤਾਲ ਵਿੱਚ ਹੋਰ ਨਿਵੇਸ਼ਾਂ ਨੂੰ ਅੱਗੇ ਵਧਾਉਂਦੇ ਹਨ, ਜਿਨ੍ਹਾਂ ਵਿੱਚ ਨਵੇਂ ਕਾਰਡਿਅਕ ਕੈਥੇਟਰਾਈਜ਼ੇਸ਼ਨ ਸੂਈਟ, ਇੰਟਰਵੈਨਸ਼ਨਲ ਰੇਡੀਓਲੋਜੀ ਸੂਈਟ ਅਤੇ ਨਵਾਂ ਐਕਿਊਟ ਕੇਅਰ ਟਾਵਰ ਸ਼ਾਮਲ ਹਨ।

ਹੋਰ ਖ਼ਬਰਾਂ ਪੜ੍ਹੋਂ: Canada ਨੇ ਵਿਦਿਆਰਥੀਆਂ ਅਤੇ ਵਰਕਰਾਂ ਲਈ ਬਦਲੇ ਇਮੀਗ੍ਰੇਸ਼ਨ ਨਿਯਮ

Follow StudioX Punjabi News:

Related Stories