Canada Immigration Rules Change: ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ, ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਅਤੇ ਕਾਮਿਆਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਦੇਸ਼ ਦੇ ਇਮੀਗ੍ਰੇਸ਼ਨ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਸੰਤੁਲਿਤ ਬਣਾਉਣ ਦੇ ਮਕਸਦ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਿਦੇਸ਼ੀ ਕਾਮਿਆਂ ਲਈ ਆਪਣੇ ਇਮੀਗ੍ਰੇਸ਼ਨ ਨਿਯਮਾਂ (Canada Immigration Rules Change) ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ।
ਅੰਤਰਰਾਸਟਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ
ਹੁਣ ਇੰਟਰਨਸ਼ਿਪ ਜਾਂ ਕੋ-ਆਪ ਪਲੇਸਮੈਂਟ ਲਈ ਵੱਖ ਤੋਂ ਵਰਕ ਪਰਮਿਟ ਦੀ ਲੋੜ ਨਹੀਂ ਹੋਵੇਗੀ। ਵਿਦੇਸ਼ੀ ਕਾਮਿਆਂ ਲਈ ਬਿਨਾਂ ਸਟੱਡੀ ਪਰਮਿਟ ਪੜ੍ਹਾਈ ਦੀ ਅਸਥਾਈ ਛੋਟ ਖ਼ਤਮ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਕਿਸੇ ਵੀ ਵਿਦਿੱਅਕ ਪ੍ਰੋਗਰਾਮ ਵਿਚ ਦਾਖਲੇ ਤੋਂ ਪਹਿਲਾਂ ਸਟੱਡੀ ਪਰਮਿਟ ਲੈਣਾ ਲਾਜ਼ਮੀ ਹੋਵੇਗਾ। ਪਰਮਿਟ ਖ਼ਤਮ ਹੋਣ ‘ਤੇ ਵਿਦਿਆਰਥੀ ਜਾਂ ਕਰਮਚਾਰੀ 90 ਦਿਨਾਂ ਦੇ ਅੰਦਰ ਮੌਜੂਦਾ ਸਟੇਟਸ ਨੂੰ ਵਿਜ਼ਟਰ ਸਟੇਟਸ ਵਿਚ ਬਦਲ ਕੇ ਕੈਨੇਡਾ ਵਿਚ ਰਹਿ ਸਕਦੇ ਹਨ। ਹਾਲਾਂਕਿ ਇਸ ਮਿਆਦ ਵਿਚ ਉਨ੍ਹਾਂ ਨੂੰ ਕੰਮ ਜਾਂ ਪੜ੍ਹਾਈ ਕਰਨ ਦੀ ਇਜ਼ਾਜਤ ਨਹੀਂ ਹੋਵੇਗੀ।
ਸਪਾਊਜ਼ਲ ਓਪਨ ਵਰਕ ਪਰਮਿਟ ਅਤੇ ਸਟੱਡੀ ਪਰਮਿਟ ‘ਤੇ ਸੀਮਾਵਾਂ
ਸਰਕਾਰ ਨੇ ਸਪਾਊਜ਼ਲ ਓਪਨ ਵਰਕ ਪਰਮਿਟ ਲਈ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ। ਇਹ ਸਹੂਲਤ ਹੁਣ 16 ਮਹੀਨਿਆਂ ਦੀ ਪੋਸਟ ਗ੍ਰੈਜੂਏਟ ਡਿਗਰੀ ਜਾਂ ਚੁਣੇ ਹੋਏ ਕਿੱਤਾਮੁਖੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੇ ਜੀਵਨ ਸਾਥੀ ਤੱਕ ਸੀਮਿਤ ਹੋਵੇਗੀ। ਕੈਨੇਡੀਅਨ ਸਰਕਾਰ ਨੇ ਜਾਰੀ ਕੀਤੇ ਗਏ ਸਟੱਡੀ ਪਰਮਿਟਾਂ ਦੀ ਗਿਣਤੀ ‘ਤੇ ਇੱਕ ਰਾਸ਼ਟਰੀ ਸੀਮਾ ਲਗਾਈ ਹੈ। ਨਵੇਂ ਬਿਨੈਕਾਰਾਂ ਨੂੰ ਆਪਣੀ ਅਰਜ਼ੀ ਦੇ ਨਾਲ ਇੱਕ ਸੂਬਾਈ ਤਸਦੀਕ ਪੱਤਰ ਜਮ੍ਹਾ ਕਰਨ ਦੀ ਲੋੜ ਹੋਵੇਗੀ।
ਇਮੀਗ੍ਰੇਸ਼ਨ ਮਾਹਰਾਂ ਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਨਵੀਨਤਮ IRCC ਜਾਣਕਾਰੀ ਨਾਲ ਆਪਣੇ ਕਾਲਜ, ਕੋਰਸ ਅਤੇ PGWPP ਯੋਗਤਾ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ ।ਇਹ ਜਾਂਚ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀ ਜਾਣੀ ਚਾਹੀਦੀ ਹੈ ਜਾਂਚ ਭਵਿੱਖ ਵਿੱਚ ਵੀਜ਼ਾ ਜਾਂ ਵਰਕ ਪਰਮਿਟ ਨਾਲ ਸਬੰਧਤ ਪਰੇਸ਼ਾਨੀਆਂ ਤੋਂ ਬਚਣ ਵਿੱਚ ਮਦਦ ਕਰੇਗੀ।
ਕੰਪਨੀਆਂ ਲਈ ਵਿਦੇਸ਼ਾਂ ਤੋਂ ਕਾਮੇ ਬੁਲਾਉਣ ਲਈ ਅਪਲਾਈ ਕੀਤੀ ਜਾਣ ਵਾਲੀ LMIA ਦੀ ਮਨਜ਼ੂਰੀ ਲੈਣਾ ਹੁਣ ਕਾਫ਼ੀ ਔਖਾ ਹੋ ਗਿਆ ਹੈ। ਕੈਨੇਡਾ ਸਰਕਾਰ ਨੇ ਅਗਲੇ ਕੁਝ ਸਾਲਾਂ ਵਿੱਚ ਆਪਣੀ ਕੁੱਲ ਆਬਾਦੀ ਵਿੱਚ ਅਸਥਾਈ ਨਿਵਾਸੀਆਂ (ਵਿਦਿਆਰਥੀਆਂ ਅਤੇ ਵਰਕਰਾਂ) ਦੀ ਹਿੱਸੇਦਾਰੀ ਨੂੰ ਘਟਾ ਕੇ 5% ਤੱਕ ਲਿਆਉਣ ਦਾ ਟੀਚਾ ਰੱਖਿਆ ਹੈ।
Canada Immigration Rules Change ਦੇ ਮੁੱਖ ਕਾਰਨ
ਕੈਨੇਡੀਅਨ ਸਰਕਾਰ ਵੱਲੋਂ ਨਿਯਮਾਂ (Canada Immigration Rules Change) ਵਿੱਚ ਇਹ ਸਖ਼ਤੀ ਕਰਨ ਦੇ ਕਈ ਵੱਡੇ ਕਾਰਨ ਦੱਸੇ ਜਾ ਰਹੇ ਹਨ।
ਹਾਊਸਿੰਗ ਅਤੇ ਬੁਨਿਆਦੀ ਢਾਂਚੇ ‘ਤੇ ਬੋਝ: ਕੈਨੇਡਾ ਦੇ ਵੱਡੇ ਸ਼ਹਿਰਾਂ ਜਿਵੇਂ ਕਿ ਟੋਰਾਂਟੋ, ਵੈਨਕੂਵਰ, ਮਾਂਟਰੀਅਲ ਅਤੇ ਕੈਲਗਰੀ ਵਿੱਚ ਰਿਹਾਇਸ਼ (ਘਰਾਂ) ਦੀ ਭਾਰੀ ਘਾਟ ਅਤੇ ਕਿਰਾਇਆਂ ਵਿੱਚ ਹੋਇਆ ਬੇਤਹਾਸ਼ਾ ਵਾਧਾ ਮੁੱਖ ਕਾਰਨ ਹੈ।
ਸਿਹਤ ਅਤੇ ਜਨਤਕ ਸੇਵਾਵਾਂ ‘ਤੇ ਦਬਾਅ: ਅਸਥਾਈ ਨਿਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧਣ ਕਾਰਨ ਕੈਨੇਡਾ ਦੇ ਹੈਲਥਕੇਅਰ ਸਿਸਟਮ ਅਤੇ ਜਨਤਕ ਆਵਾਜਾਈ ‘ਤੇ ਅਸਰ ਪੈ ਰਿਹਾ ਸੀ।
ਲੇਬਰ ਮਾਰਕੀਟ ਦਾ ਸੰਤੁਲਨ: ਸਰਕਾਰ ਦਾ ਮੰਨਣਾ ਹੈ ਕਿ ਸਥਾਨਕ ਰੁਜ਼ਗਾਰ ਪ੍ਰਣਾਲੀ ਨੂੰ ਸੰਤੁਲਿਤ ਕਰਨ ਲਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਤ ਕਰਨਾ ਜ਼ਰੂਰੀ ਹੋ ਗਿਆ ਹੈ।
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਬਹੁਤੇ ਨੌਜਵਾਨਾਂ ਦਾ ਮੁੱਖ ਮਕਸਦ ਉੱਥੇ ਪੱਕੇ ਨਿਵਾਸੀ ਬਣਨਾ ਹੁੰਦਾ ਹੈ। ਹਾਲਾਂਕਿ, ਨਵੇਂ ਇਮੀਗ੍ਰੇਸ਼ਨ ਨਿਯਮਾਂ ਅਤੇ ਐਕਸਪ੍ਰੈੱਸ ਐਂਟਰੀ ਵਿੱਚ ਵਧਦੇ CRS ਕੱਟ-ਆਫ ਸਕੋਰ ਕਾਰਨ PR ਹਾਸਲ ਕਰਨਾ ਹੁਣ ਪਹਿਲਾਂ ਵਰਗਾ ਆਸਾਨ ਨਹੀਂ ਰਿਹਾ।
ਹੁਣ ਸਰਕਾਰ ਜਨਰਲ ਡਰਾਅ ਦੀ ਬਜਾਏ ਕੈਟੇਗਰੀ-ਬੇਸਡ ਡਰਾਅ ‘ਤੇ ਜ਼ਿਆਦਾ ਧਿਆਨ ਦੇ ਰਹੀ ਹੈ, ਜਿਸ ਵਿੱਚ ਖਾਸ ਸਕਿਲਡ ਵਰਕਰਾਂ (ਜਿਵੇਂ ਫ੍ਰੈਂਚ ਭਾਸ਼ਾ ਦੇ ਮਾਹਰ, ਸਿਹਤ ਸੰਭਾਲ ਕਾਮੇ, ਅਤੇ ਬਿਲਡਿੰਗ/ਕੰਸਟ੍ਰਕਸ਼ਨ ਟਰੇਡ ਨਾਲ ਜੁੜੇ ਲੋਕ) ਨੂੰ ਹੀ PR ਦੀਆਂ ਦਾਅਵਤਾਂ (ITA) ਦਿੱਤੀਆਂ ਜਾ ਰਹੀਆਂ ਹਨ।
ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੀਤੇ ਗਏ ਇਹ ਬਦਲਾਅ ਇਹ ਸੰਕੇਤ ਦਿੰਦੇ ਹਨ ਕਿ ਹੁਣ ਕੈਨੇਡਾ ਵਿੱਚ ਸਿਰਫ਼ ਗੁਣਵੱਤਾ ਅਤੇ ਜ਼ਰੂਰਤ ਦੇ ਆਧਾਰ ‘ਤੇ ਹੀ ਵਿਦੇਸ਼ੀ ਨਾਗਰਿਕਾਂ ਨੂੰ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਨਵੀਆਂ ਨੀਤੀਆਂ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਚੁਣੌਤੀਆਂ ਜ਼ਰੂਰ ਵਧੀਆਂ ਹਨ, ਪਰ ਸਹੀ ਯੋਜਨਾਬੰਦੀ ਅਤੇ ਨਿਯਮਾਂ ਦੀ ਪਾਲਣਾ ਨਾਲ ਅਜੇ ਵੀ ਸਹੀ ਉਮੀਦਵਾਰਾਂ ਲਈ ਰਸਤੇ ਖੁੱਲ੍ਹੇ ਹਨ।
ਹੋਰ ਖ਼ਬਰਾਂ: Johnson & Johnson ਬੇਬੀ ਪਾਊਡਰ ਤੋਂ ਹੁੰਦਾ ਕੈਂਸਰ? ਕੰਪਨੀ ਦੇਵੇਗੀ ਹਜ਼ਾਰਾਂ ਕਰੋੜ ਰੁਪਏ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

