FBI Lookout Harmanveer Singh: ਅਮਰੀਕਾ ਦੀ ਸਰਵਉੱਚ ਜਾਂਚ ਏਜੰਸੀ FBI ਨੇ ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਵਿਰੁੱਧ ਵੱਡਾ ਐਕਸ਼ਨ ਲਿਆ ਹੈ। FBI ਵੱਲੋਂ ਭਾਰਤੀ ਨਾਗਰਿਕ ਹਰਮਨਵੀਰ ਸਿੰਘ ਦੀ ਭਾਲ ਲਈ ਵੱਡੇ ਪੱਧਰ ‘ਤੇ ਲੁੱਕਆਊਟ ਅਲਰਟ ਜਾਰੀ ਕੀਤਾ ਗਿਆ ਹੈ। ਹਰਮਨਵੀਰ ਸਿੰਘ ‘ਤੇ ਕੈਨੇਡਾ ਤੋਂ ਚੱਲ ਰਹੇ ਰਵਿੰਦਰ ਢਾਂਡਾ ਗਿਰੋਹ ਲਈ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਗੰਭੀਰ ਦੋਸ਼ ਹਨ।
ਇਹ ਕਾਰਵਾਈ FBI ਅਤੇ ਅੰਤਰਰਾਸ਼ਟਰੀ ਲਾਅ ਐਨਫੋਰਸਮੈਂਟ ਏਜੰਸੀਆਂ ਵੱਲੋਂ ਚਲਾਏ ਗਏ ਇੱਕ ਵਿਸ਼ੇਸ਼ ਸਾਂਝੇ ਅਭਿਆਨ ‘ਓਪਰੇਸ਼ਨ ਹਾਰਡ ਬਾਲ’ (Operation Hard Ball) ਦਾ ਹਿੱਸਾ ਹੈ। ਇਸ ਓਪਰੇਸ਼ਨ ਦਾ ਮੁੱਖ ਮਕਸਦ ਲਾਰੈਂਸ ਬਿਸ਼ਨੋਈ,ਜੱਗੂ ਭਗਵਾਨਪੁਰੀਆ ਅਤੇ ਰਵਿੰਦਰ ਢਾਂਡਾ ਦੁਆਰਾ ਚਲਾਏ ਜਾ ਰਹੇ ਅੰਤਰਰਾਸ਼ਟਰੀ ਗੈਂਗਸਟਰ-ਸਿੰਡੀਕੇਟ ਨੂੰ ਜੜ੍ਹੋਂ ਉਖਾੜਨਾ ਹੈ।
ਅੰਤਰਰਾਸ਼ਟਰੀ ਡਰੱਗ ਕਾਰਟੈਲ ਨਾਲ ਸਬੰਧ: FBI ਦਾ ਬਿਆਨ
FBI ਲਾਸ ਏਂਜਲਸ ਫੀਲਡ ਆਫਿਸ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਹਰਮਨਵੀਰ ਸਿੰਘ ਇੱਕ ਅਜਿਹੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਵਿੱਚ ਸ਼ਾਮਲ ਹੈ ਜੋ ਨਿਯੰਤਰਿਤ ਪਦਾਰਥਾਂ ਨੂੰ ਵੰਡਣ, ਰੱਖਣ ਅਤੇ ਹੋਰਨਾਂ ਦੇਸ਼ਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਨਿਰਯਾਤ ਕਰਨ ਦੀ ਵੱਡੀ ਸਾਜ਼ਿਸ਼ ਰਚ ਰਿਹਾ ਸੀ।
ਜਾਂਚ ਏਜੰਸੀਆਂ ਮੁਤਾਬਕ ਵੈਨਕੂਵਰ (ਕੈਨੇਡਾ) ਤੋਂ ਚੱਲਣ ਵਾਲਾ ਰਵਿੰਦਰ ਢਾਂਡਾ ਦਾ ਸੰਗਠਿਤ ਅਪਰਾਧ ਸਮੂਹ ਉੱਤਰੀ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮਾਤਰਾ ਵਿੱਚ ਕੋਕੀਨ (Cocaine) ਅਤੇ ਮੇਥਾਮਫੇਟਾਮਾਈਨ (Methamphetamine / Ice) ਦੀ ਖੇਪ ਪਹੁੰਚਾਉਣ ਦਾ ਕੰਮ ਕਰਦਾ ਸੀ। ਹਰਮਨਵੀਰ ਸਿੰਘ ਇਸ ਨੈੱਟਵਰਕ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
ਅਮਰੀਕੀ ਅਦਾਲਤ ਵੱਲੋਂ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ
ਇਸ ਮਾਮਲੇ ਵਿੱਚ ਅਮਰੀਕਾ ਦੀ ਸੰਘੀ ਅਦਾਲਤ ਨੇ ਸਖ਼ਤ ਰੁਖ਼ ਅਪਣਾਇਆ ਹੈ। 23 ਜੂਨ 2026 ਨੂੰ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ, ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ (ਲਾਸ ਏਂਜਲਸ) ਵੱਲੋਂ ਹਰਮਨਵੀਰ ਸਿੰਘ ਖ਼ਿਲਾਫ਼ ਫੈਡਰਲ ਐਰੇਸਟ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ‘ਤੇ ਗੰਭੀਰ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ।
FBI ਦੇ ਓਪਰੇਸ਼ਨ ਹਾਰਡ ਬਾਲ (Operation Hard Ball) ਨੇ ਅੰਤਰਰਾਸ਼ਟਰੀ ਗੈਂਗਸਟਰ ਨੈੱਟਵਰਕ ਦੀ ਲੱਕ ਤੋੜ ਕੇ ਰੱਖ ਦਿੱਤੀ ਹੈ। ਇਸੇ ਮਹੀਨੇ ਦੇ ਸ਼ੁਰੂ ਵਿੱਚ, ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇੱਕ ਵੱਡਾ ਸਾਂਝਾ ਓਪਰੇਸ਼ਨ ਚਲਾ ਕੇ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਵਿੱਚੋਂ 11 ਗ੍ਰਿਫ਼ਤਾਰੀਆਂ ਇਕੱਲੇ ਕੈਲੀਫੋਰਨੀਆ ਸੂਬੇ ਵਿੱਚੋਂ ਹੋਈਆਂ ਸਨ। ਅਮਰੀਕੀ ਨਿਆਂ ਵਿਭਾਗ (DOJ) ਨੇ ਓਪਰੇਸ਼ਨ ਹਾਰਡ ਬਾਲ ਤਹਿਤ ਕੁੱਲ 37 ਅਪਰਾਧੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਅਭਿਆਨ ਵਿੱਚ ਭਾਰਤ ਨਾਲ ਸਬੰਧਤ ਤਿੰਨ ਵੱਡੇ ਅੰਤਰਰਾਸ਼ਟਰੀ ਅਪਰਾਧਿਕ ਸਮੂਹਾਂ — ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਰਵਿੰਦਰ ਢਾਂਡਾ ਗੈਂਗ ‘ਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਹੈ।
ਅਮਰੀਕੀ ਏਜੰਸੀਆਂ ਅਨੁਸਾਰ, ਇਹ ਨੈੱਟਵਰਕ ਸਿਰਫ਼ ਨਸ਼ਾ ਤਸਕਰੀ ਤੱਕ ਸੀਮਤ ਨਹੀਂ ਸੀ, ਸਗੋਂ ਇਸ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਗੈਂਗਸਟਰ ਗਤੀਵਿਧੀਆਂ ਅਤੇ ਹਥਿਆਰਾਂ ਦੀ ਖਰੀਦੋ-ਫਰੋਖਤ ਲਈ ਕੀਤੀ ਜਾ ਰਹੀ ਸੀ। FBI ਨੇ ਆਮ ਜਨਤਾ ਤੋਂ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਹਰਮਨਵੀਰ ਸਿੰਘ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਅਮਰੀਕੀ ਜਾਂਚ ਏਜੰਸੀਆਂ ਜਾਂ ਨਜ਼ਦੀਕੀ ਭਾਰਤੀ/ਅਮਰੀਕੀ ਦੂਤਾਵਾਸ ਨਾਲ ਸੰਪਰਕ ਕਰਨ।
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

