ਪੰਜਾਬ

School Bags Controversy: ਸਕੂਲ ਬੈਗਾਂ ‘ਤੇ CM ਮਾਨ ਦੀ ਫੋਟੋ ਨੂੰ ਲੈ ਕੇ ਸਿਆਸੀ ਬਵਾਲ

📷 ਸਕੂਲ ਬੈਗਾਂ 'ਤੇ CM ਮਾਨ ਦੀ ਫੋਟੋ ਨੂੰ ਲੈ ਕੇ ਸਿਆਸੀ ਬਵਾਲ

School Bags Controversy: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਸਕੂਲ ਬੈਗਾਂ (School Bags Controversy) ਨੂੰ ਲੈ ਕੇ ਰਾਜ ਦੀ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਲਗਭਗ 4 ਲੱਖ ਵਿਦਿਆਰਥੀਆਂ ਨੂੰ ਪੀਲੇ ਰੰਗ ਦੇ ਵਿਸ਼ੇਸ਼ ਸਕੂਲ ਬੈਗ ਵੰਡੇ ਜਾ ਰਹੇ ਹਨ। ਇਨ੍ਹਾਂ ਬੈਗਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਫੋਟੋ ਅਤੇ “ਪੰਜਾਬ ਸਿੱਖਿਆ ਕ੍ਰਾਂਤੀ” ਦਾ ਸਲੋਗਨ ਛਪਿਆ ਹੋਇਆ ਹੈ।

ਜਿਉਂ ਹੀ ਇਹ ਬੈਗ ਸਕੂਲਾਂ ਵਿੱਚ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਵੰਡਣੇ ਸ਼ੁਰੂ ਹੋਏ, ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਰੋਧੀਆਂ ਦਾ ਦੋਸ਼ ਹੈ ਕਿ ਸਰਕਾਰ ਜਨਤਾ ਦੇ ਸਰਕਾਰੀ ਖ਼ਜ਼ਾਨੇ ਅਤੇ ਟੈਕਸ ਦਾ ਪੈਸਾ ਬੱਚਿਆਂ ਦੀ ਸਿੱਖਿਆ ਸੁਧਾਰਨ ਦੀ ਬਜਾਏ ਆਪਣੇ ਸਿਆਸੀ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ‘ਤੇ ਬਰਬਾਦ ਕਰ ਰਹੀ ਹੈ।

 ਕੌਲੀਆਂ, ਚਮਚਿਆਂ ਤੋਂ ਬਾਅਦ ਹੁਣ ਸਕੂਲ ਬੈਗਾਂ ‘ਤੇ ਵੀ ਫੋਟੋ (School Bags Controversy)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ (X) ‘ਤੇ ਪੋਸਟ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ‘ਤੇ ਜ਼ੋਰਦਾਰ ਤੰਜ ਕੱਸਿਆ। “ਗੁਰੂ ਦੋਖੀ ਭਗਵੰਤ ਮਾਨ ਨੇ ਸਾਡੇ ਪੰਜਾਬ ਦੇ ਸਕੂਲਾਂ ਦੇ ਮਾਸੂਮ ਬੱਚੇ ਵੀ ਨਹੀਂ ਬਖਸ਼ੇ। ਕੌਲੀਆਂ, ਚਮਚੇ, ਲਿਫਾਫੇ ਅਤੇ ਰਾਸ਼ਨ ਵਾਲੇ ਬੈਗਾਂ ‘ਤੇ ਆਪਣੀਆਂ ਤਸਵੀਰਾਂ ਲਗਾਉਣ ਤੋਂ ਬਾਅਦ ਹੁਣ 4 ਲੱਖ ਸਕੂਲ ਬੈਗਾਂ ‘ਤੇ ਵੀ ਆਪਣੀ ਫੋਟੋ ਚਿਪਕਾ ਦਿੱਤੀ ਹੈ। ਇਹ ਸਿੱਖਿਆ ਦਾ ਸੁਧਾਰ ਨਹੀਂ, ਸਗੋਂ ਜਨਤਾ ਦੇ ਪੈਸੇ ਨਾਲ ਆਪਣੀ ਸਿਆਸੀ ਮਸ਼ਹੂਰੀ ਕਰਨ ਦੀ ਨੀਵੀਂ ਹਰਕਤ ਹੈ।”

ਕਾਂਗਰਸੀ ਨੇਤਾਵਾਂ ਨੇ ਚੁੱਕੇ ਆਰਥਿਕ ਸੰਕਟ ਅਤੇ ਸਕੂਲੀ ਸਹੂਲਤਾਂ ‘ਤੇ ਸਵਾਲ

ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਵੀ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਨੂੰ ਖੋਖਲਾ ਦੱਸਿਆ। “ਜਦੋਂ ਇੱਕ ਸਰਕਾਰ ਕੋਲ ਹਰ ਵਿਦਿਆਰਥੀ ਦੇ ਬੈਗ ‘ਤੇ ਆਪਣੇ ਨੇਤਾ ਦੀ ਫੋਟੋ ਲਗਾਉਣ ਲਈ ਕਰੋੜਾਂ ਰੁਪਏ ਹਨ, ਪਰ ਸਕੂਲਾਂ ਵਿੱਚ ਪੱਖੇ ਚਲਾਉਣ ਲਈ ਬਿਜਲੀ ਦੇ ਬਿਲ ਭਰਨ ਦੇ ਪੈਸੇ ਨਹੀਂ ਹਨ, ਤਾਂ ‘ਸਿੱਖਿਆ ਕ੍ਰਾਂਤੀ’ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ। ਇਹ ਸਿਰਫ਼ ਇੱਕ ਸਵਾਰਥੀ ਪ੍ਰਚਾਰ ਮੁਹਿੰਮ ਤੋਂ ਵੱਧ ਕੁੱਝ ਨਹੀਂ ਹੈ।”

ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਨੇਤਾ ਵਿਜੈ ਇੰਦਰ ਸਿੰਗਲਾ ਨੇ ਵੀ ਸਰਕਾਰ ਦੀਆਂ ਤਰਜੀਹਾਂ ‘ਤੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਭਾਰੀ ਵਿੱਤੀ ਸੰਕਟ ਅਤੇ ਘਾਟੇ ਨਾਲ ਜੂਝ ਰਿਹਾ ਹੈ। ਅਜਿਹੇ ਸਮੇਂ ਵਿੱਚ ਪੰਜਾਬ ਦੇ ਸਥਾਨਕ ਨਿਰਮਾਤਾਵਾਂ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਬਜਾਏ ਸਰਕਾਰੀ ਪੈਸੇ ਨੂੰ ਸਿਆਸੀ ਲਾਹਾ ਲੈਣ ਲਈ ਇਸ਼ਤਿਹਾਰਾਂ ‘ਤੇ ਲਗਾਇਆ ਜਾ ਰਿਹਾ ਹੈ।

ਵਿਰੋਧੀਆਂ ਨੇ ਚੁੱਕੀ ਉਂਗਲ

ਇਸ ਮਾਮਲੇ ਵਿੱਚ ਅਧਿਆਪਕ ਯੂਨੀਅਨਾਂ ਨੇ ਵੀ ਸਰਕਾਰ ਦੇ ਇਸ ਫ਼ੈਸਲੇ ਦੇ ਮਨੋਰਥ ‘ਤੇ ਸਵਾਲ ਖੜ੍ਹੇ ਕੀਤੇ ਹਨ। ਅਧਿਆਪਕਾਂ ਅਨੁਸਾਰ ਵੱਡੀਆਂ ਜਮਾਤਾਂ (11ਵੀਂ ਅਤੇ 12ਵੀਂ) ਦੇ ਵਿਦਿਆਰਥੀਆਂ ਨੂੰ ਬੈਗਾਂ ਨਾਲੋਂ ਵੱਧ ਰਜਿਸਟਰ, ਨੋਟਬੁੱਕਸ ਅਤੇ ਪ੍ਰੀਖਿਆ ਫੀਸਾਂ ਵਿੱਚ ਰਾਹਤ ਦੀ ਲੋੜ ਹੁੰਦੀ ਹੈ। 11ਵੀਂ-12ਵੀਂ ਦੇ ਵਿਦਿਆਰਥੀ 18+ ਹੋ ਕੇ ਵੋਟਰ ਬਣ ਰਹੇ ਹਨ, ਜਿਨ੍ਹਾਂ ਨੂੰ ਸਿਆਸੀ ਤੌਰ ‘ਤੇ ਪ੍ਰਭਾਵਿਤ ਕਰਨ ਲਈ ਇਹ ਬੈਗ ਦਿੱਤੇ ਜਾ ਰਹੇ ਹਨ।

ਆਮ ਆਦਮੀ ਪਾਰਟੀ ਦੀ ਸਫ਼ਾਈ

ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਰਾਜ ਪ੍ਰਵਕਤਾ ਨੀਲ ਗਰਗ ਨੇ ਸਰਕਾਰ ਦਾ ਬਚਾਅ ਕਰਦਿਆਂ ਵਿਰੋਧੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ “ਸਕੂਲ ਬੈਗਾਂ ‘ਤੇ (School Bags Controversy) ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਹੋਣਾ ਕੋਈ ਬਹਿਸ ਦਾ ਮੁੱਦਾ ਨਹੀਂ ਹੋਣਾ ਚਾਹੀਦਾ। ਅਸਲ ਬਹਿਸ ਇਸ ਗੱਲ ‘ਤੇ ਹੋਣੀ ਚਾਹੀਦੀ ਹੈ ਕਿ ‘ਆਪ’ ਸਰਕਾਰ ਨੇ ਪੰਜਾਬ ਦੇ ਜਰਜਰ ਹੋ ਚੁੱਕੇ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਸਕੂਲਾਂ ਵਿੱਚ ਕਿਵੇਂ ਬਦਲਿਆ ਹੈ। ਅਸੀਂ ਅਕਾਲੀ-ਭਾਜਪਾ ਸਰਕਾਰ ਵੇਲੇ ਉਨ੍ਹਾਂ ਦੀਆਂ ਫੋਟੋਆਂ ਦਾ ਵਿਰੋਧ ਇਸ ਲਈ ਕਰਦੇ ਸੀ ਕਿਉਂਕਿ ਉਨ੍ਹਾਂ ਦੇ ਰਾਜ ਵਿੱਚ ਸਕੂਲਾਂ ਦੀ ਹਾਲਤ ਤਰਸਯੋਗ ਸੀ। ਅੱਜ ਜੇਕਰ ਭਗਵੰਤ ਮਾਨ ਸਰਕਾਰ ਸਿੱਖਿਆ ਵਿੱਚ ਇਨਕਲਾਬ ਲਿਆ ਰਹੀ ਹੈ, ਤਾਂ ਬੱਚਿਆਂ ਅਤੇ ਮਾਪਿਆਂ ਲਈ ਸੀਐੱਮ ਮਾਨ ਇੱਕ ਪ੍ਰੇਰਨਾ ਦਾ ਸਰੋਤ ਹਨ।”

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories