ਬੀਬੀਸੀ ਪੰਜਾਬੀ ਦੀ ਰਿਪੋਰਟ ਮੁਤਾਬਕ ਕੈਨੇਡਾ ਐੱਕਸਪ੍ਰੈੱਸ ਐਂਟਰੀ ਇਮੀਗ੍ਰੇਸ਼ਨ ਸਿਸਟਮ ਵਿੱਚ ਵੱਡੇ ਬਦਲਾਅ ਕਰ ਰਿਹਾ ਹੈ। ਇਹ ਬਦਲਾਅ ਪੁਆਇੰਟਸ ਦੀ ਪ੍ਰਕਿਰਿਆ, ਨੌਕਰੀ ਦੀ ਪੇਸ਼ਕਸ਼ ਅਤੇ LMIA ਦੇ ਨਿਯਮਾਂ ਨਾਲ ਜੁੜੇ ਹਨ।

ਇਹ ਬਦਲਾਅ 3 ਨਵੰਬਰ ਤੋਂ ਲਾਗੂ ਕੀਤੇ ਜਾਣਗੇ। ਸਿਸਟਮ ਵਿੱਚ ਪਹਿਲਾਂ ਤੋਂ ਮੌਜੂਦ ਪ੍ਰੋਫਾਈਲਾਂ ਦੇ ਪੁਆਇੰਟਸ ਵੀ ਦੁਬਾਰਾ ਕੈਲਕੁਲੇਟ ਕੀਤੇ ਜਾਣਗੇ, ਅਤੇ ਇਸ ਤੋਂ ਬਾਅਦ ਉਨ੍ਹਾਂ ਬਾਰੇ ਅਗਲੀ ਕਾਰਵਾਈ ਹੋਵੇਗੀ।
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਿਆਬ ਅਨੁਸਾਰ, ਇਨ੍ਹਾਂ ਬਦਲਾਵਾਂ ਦਾ ਮਕਸਦ ਕੈਨੇਡਾ ਦੀਆਂ ਆਰਥਿਕ ਅਤੇ ਲੇਬਰ ਮਾਰਕੀਟ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨਾ ਅਤੇ ਉਨ੍ਹਾਂ ਨੂੰ ਕੈਨੇਡਾ ਵਿੱਚ ਬਣਾਈ ਰੱਖਣਾ ਹੈ।
ਕੈਨੇਡਾ ਦੀ ਸਰਕਾਰੀ ਵੈੱਬਸਾਈਟ ਮੁਤਾਬਕ, ਸਾਲ 2026 ਲਈ ਕੈਨੇਡਾ ਨੇ ਤਿੰਨ ਲੱਖ 80 ਹਜ਼ਾਰ ਨਵੇਂ ਪੀਆਰ ਦੇਣ ਦਾ ਟੀਚਾ ਰੱਖਿਆ ਹੈ। ਅਗਸਤ 2026 ਤੱਕ ਦੋ ਲੱਖ 16 ਹਜ਼ਾਰ 600 ਲੋਕਾਂ ਨੂੰ ਪੀਆਰ ਦਿੱਤੀ ਜਾ ਚੁੱਕੀ ਹੈ।
ਪੁਆਇੰਟਸ ਸਿਸਟਮ ਵਿੱਚ ਕੀ ਬਦਲਿਆ
ਸਰਕਾਰ ਉੱਚ ਤਨਖ਼ਾਹ ਵਾਲੇ ਕਿੱਤਿਆਂ (High-Wage Occupations) ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵਾਧੂ CRS ਪੁਆਇੰਟਸ ਦੇਵੇਗੀ। CRS ਦਾ ਪੂਰਾ ਨਾਮ ਕੌਂਪਰੀਹੈਂਸਿਵ ਰੈਂਕਿੰਗ ਸਿਸਟਮ ਹੈ, ਜਿਸ ਰਾਹੀਂ ਐੱਕਸਪ੍ਰੈੱਸ ਐਂਟਰੀ ਰਾਹੀਂ ਪੀਆਰ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਰੈਂਕਿੰਗ ਤੈਅ ਹੁੰਦੀ ਹੈ।
ਇਸ ਸਿਸਟਮ ਵਿੱਚ ਉਮਰ, ਪੜ੍ਹਾਈ, ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ਦੀ ਮੁਹਾਰਤ, ਕੰਮ ਦਾ ਤਜਰਬਾ ਅਤੇ ਹੋਰ ਯੋਗਤਾਵਾਂ ਦੇ ਆਧਾਰ ‘ਤੇ ਵੱਧ ਤੋਂ ਵੱਧ 1,200 ਪੁਆਇੰਟ ਦਿੱਤੇ ਜਾਂਦੇ ਹਨ। ਜਿਨ੍ਹਾਂ ਉਮੀਦਵਾਰਾਂ ਦੇ ਪੁਆਇੰਟਸ ਵੱਧ ਹੁੰਦੇ ਹਨ, ਉਨ੍ਹਾਂ ਨੂੰ ਅਪਲਾਈ ਕਰਨ ਦਾ ਸੱਦਾ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ, ਪਰ ਪੀਆਰ ਦੀ ਗਾਰੰਟੀ ਨਹੀਂ ਹੁੰਦੀ।
ਕੈਨੇਡਾ ਸਰਕਾਰ ਦੀ ਵੈੱਬਸਾਈਟ ਅਨੁਸਾਰ, ਕਿਸੇ ਕਿੱਤੇ ਨੂੰ ਉਦੋਂ ਉੱਚ ਤਨਖ਼ਾਹ ਵਾਲਾ ਮੰਨਿਆ ਜਾਵੇਗਾ ਜਦੋਂ ਉਸ ਕਿੱਤੇ ਵਿੱਚ ਕੰਮ ਕਰਨ ਵਾਲਿਆਂ ਦੀ ਮੱਧਮਾਨ ਤਨਖ਼ਾਹ ਕੈਨੇਡਾ ਦੇ ਸਮੁੱਚੇ ਮੁਲਾਜ਼ਮਾਂ ਦੀ ਮੱਧਮਾਨ ਤਨਖ਼ਾਹ ਨਾਲੋਂ ਘੱਟੋ-ਘੱਟ 1.3 ਗੁਣਾ ਵੱਧ ਹੋਵੇ। ਇਹ ਫ਼ੈਸਲਾ ਕਿਸੇ ਇੱਕ ਵਿਅਕਤੀ ਦੀ ਤਨਖ਼ਾਹ ਨਾਲ ਨਹੀਂ, ਸਗੋਂ ਉਸ ਕਿੱਤੇ ਦੇ ਸਾਰੇ ਕਰਮਚਾਰੀਆਂ ਦੇ ਅੰਕੜਿਆਂ ਨਾਲ ਹੋਵੇਗਾ। ਇਸ ਲਈ ਕੈਨੇਡਾ ਦਾ ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ ਕੋਡ (NOC) ਵਰਤਿਆ ਜਾਵੇਗਾ।
ਵਾਧੂ ਪੁਆਇੰਟ ਕਿਵੇਂ ਮਿਲਣਗੇ
ਨਵੇਂ ਨਿਯਮਾਂ ਤਹਿਤ ਉਮੀਦਵਾਰ ਦੋ ਵਿੱਚੋਂ ਕਿਸੇ ਇੱਕ ਆਧਾਰ ‘ਤੇ ਵਾਧੂ ਪੁਆਇੰਟ ਲੈ ਸਕਣਗੇ। ਪਹਿਲਾ ਆਧਾਰ ਕੈਨੇਡਾ ਵਿੱਚ ਯੋਗ ਕੰਮ ਦਾ ਤਜਰਬਾ ਹੈ, ਜੇ ਕਿੱਤਾ ਉੱਚ ਤਨਖ਼ਾਹ ਵਾਲੀ ਸ਼੍ਰੇਣੀ ਵਿੱਚ ਆਉਂਦਾ ਹੋਵੇ। ਦੂਜਾ ਆਧਾਰ ਉੱਚ ਤਨਖ਼ਾਹ ਵਾਲੇ ਕਿੱਤੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ।
ਜੇ ਕੋਈ ਉਮੀਦਵਾਰ ਦੋਵੇਂ ਸ਼ਰਤਾਂ ਪੂਰੀਆਂ ਕਰਦਾ ਹੈ, ਤਾਂ ਉਸ ਨੂੰ ਦੋਵਾਂ ਦੇ ਪੁਆਇੰਟ ਜੋੜ ਕੇ ਨਹੀਂ ਦਿੱਤੇ ਜਾਣਗੇ। ਉਸ ਨੂੰ ਸਿਰਫ਼ ਉਹ ਬਦਲ ਮਿਲੇਗਾ ਜਿਸ ਨਾਲ ਵੱਧ ਫਾਇਦਾ ਹੁੰਦਾ ਹੋਵੇ। ਲੇਬਰ ਮਾਰਕਿਟ ਇੰਟੀਗ੍ਰੇਸ਼ਨ ਫੈਕਟਰ ਲਈ ਵੱਧ ਤੋਂ ਵੱਧ 150 ਪੁਆਇੰਟ ਮਿਲ ਸਕਦੇ ਹਨ। ਜਿਨ੍ਹਾਂ ਨਾਲ ਜੀਵਨ ਸਾਥੀ ਜਾਂ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਸਾਥੀ ਨਹੀਂ ਜਾ ਰਿਹਾ, ਉਨ੍ਹਾਂ ਲਈ ਇਹ ਹੱਦ 150 ਹੈ, ਜਦਕਿ ਸਾਥੀ ਨਾਲ ਜਾਣ ਵਾਲਿਆਂ ਲਈ 140 ਹੈ।
ਕੈਨੇਡਾ ਵਿੱਚ ਉੱਚ ਤਨਖ਼ਾਹ ਵਾਲੇ ਕਿੱਤੇ ਵਿੱਚ ਘੱਟੋ-ਘੱਟ 12 ਮਹੀਨੇ ਦਾ ਯੋਗ ਤਜਰਬਾ ਹੋਵੇ, ਤਾਂ ਕਿੱਤੇ ਦੀ ਤਨਖ਼ਾਹ ਮੁਤਾਬਕ ਪੁਆਇੰਟ ਮਿਲਦੇ ਹਨ। ਜੇ ਕਿੱਤੇ ਦੀ ਮੱਧਮਾਨ ਤਨਖ਼ਾਹ ਕੈਨੇਡਾ ਦੀ ਸਮੁੱਚੀ ਮੱਧਮਾਨ ਤਨਖ਼ਾਹ ਤੋਂ ਦੁੱਗਣੀ ਹੋਵੇ, ਤਾਂ 70 ਵਾਧੂ ਪੁਆਇੰਟ ਮਿਲਣਗੇ। ਡੇਢ ਗੁਣਾ ਹੋਣ ‘ਤੇ 40 ਅਤੇ 1.3 ਗੁਣਾ ਹੋਣ ‘ਤੇ 20 ਪੁਆਇੰਟ ਮਿਲਣਗੇ।
ਨੌਕਰੀ ਦੀ ਪੇਸ਼ਕਸ਼ ਨਾਲ ਵੀ ਵਾਧੂ ਪੁਆਇੰਟ ਮਿਲਣਗੇ, ਜੇ ਤਨਖ਼ਾਹ ਮੱਧਮਾਨ ਤਨਖ਼ਾਹ ਤੋਂ ਵੱਧ ਹੋਵੇ। ਦੁੱਗਣੀ ਤਨਖ਼ਾਹ ਦੀ ਪੇਸ਼ਕਸ਼ ‘ਤੇ 100 ਪੁਆਇੰਟ, ਡੇਢ ਗੁਣਾ ‘ਤੇ 70 ਅਤੇ 1.3 ਗੁਣਾ ‘ਤੇ 50 ਪੁਆਇੰਟ ਮਿਲਣਗੇ।
ਪਰ ਵਾਧੂ ਪੁਆਇੰਟ ਮਿਲਣ ਦਾ ਮਤਲਬ ਪੀਆਰ ਲਈ ਸੱਦਾ ਯਕੀਨੀ ਨਹੀਂ ਹੈ। ਇਹ ਹਰ ਐੱਕਸਪ੍ਰੈੱਸ ਐਂਟਰੀ ਡਰਾਅ ਦੀਆਂ ਸ਼ਰਤਾਂ ਅਤੇ ਉਸ ਡਰਾਅ ਦੇ CRS ਕੱਟ ਸਕੋਰ ‘ਤੇ ਨਿਰਭਰ ਕਰੇਗਾ।
LMIA ਨਿਯਮ ਅਤੇ ਕਿਹੜੇ ਕਿੱਤਿਆਂ ਨੂੰ ਫਾਇਦਾ
3 ਨਵੰਬਰ 2026 ਤੋਂ ਸਭ ਤੋਂ ਵੱਡਾ ਬਦਲਾਅ LMIA (ਲੇਬਰ ਮਾਰਕਿਟ ਇਮਪੈਕਟ ਅਸੈੱਸਮੈਂਟ) ਨੂੰ ਲੈ ਕੇ ਹੈ। ਹੁਣ ਐੱਕਸਪ੍ਰੈੱਸ ਐਂਟਰੀ ਤਹਿਤ ਨੌਕਰੀ ਦੀ ਪੇਸ਼ਕਸ਼ ਰਾਹੀਂ ਯੋਗਤਾ ਸਾਬਤ ਕਰਨ ਜਾਂ ਵਾਧੂ ਪੁਆਇੰਟ ਲੈਣ ਲਈ LMIA ਲਾਜ਼ਮੀ ਨਹੀਂ ਰਹੇਗਾ।
ਪਹਿਲਾਂ ਕਈ ਮਾਮਲਿਆਂ ਵਿੱਚ ਕੈਨੇਡੀਅਨ ਕੰਪਨੀ ਨੂੰ ਵਿਦੇਸ਼ੀ ਕਰਮਚਾਰੀ ਰੱਖਣ ਲਈ LMIA ਲੈਣਾ ਪੈਂਦਾ ਸੀ। ਇਸ ਰਾਹੀਂ ਕੰਪਨੀ ਨੂੰ ਸਾਬਤ ਕਰਨਾ ਪੈਂਦਾ ਸੀ ਕਿ ਉਸ ਅਹੁਦੇ ਲਈ ਕੈਨੇਡਾ ਵਿੱਚ ਯੋਗ ਕਰਮਚਾਰੀ ਨਹੀਂ ਮਿਲਦਾ। ਨਵੇਂ ਨਿਯਮਾਂ ਨਾਲ ਐੱਕਸਪ੍ਰੈੱਸ ਐਂਟਰੀ ਦੀ ਪ੍ਰਕਿਰਿਆ ਸੌਖੀ ਹੋ ਸਕਦੀ ਹੈ।
ਇਸ ਦਾ ਇਹ ਮਤਲਬ ਨਹੀਂ ਕਿ ਕੈਨੇਡਾ ਸਰਕਾਰ ਹੁਣ ਬਿਨਾਂ ਜਾਂਚ ਕਿਸੇ ਵੀ ਨੌਕਰੀ ਦੀ ਪੇਸ਼ਕਸ਼ ਨੂੰ ਮੰਨ ਲਵੇਗੀ। ਇਮੀਗ੍ਰੇਸ਼ਨ ਵਿਭਾਗ (IRCC) ਹਰ ਯੋਗ ਨੌਕਰੀ ਦੀ ਪੇਸ਼ਕਸ਼ ਦੀ ਜਾਂਚ ਕਰਦਾ ਰਹੇਗਾ ਅਤੇ ਧੋਖਾਧੜੀ ਜਾਂ ਗਲਤ ਜਾਣਕਾਰੀ ਦੇ ਮਾਮਲਿਆਂ ਖ਼ਿਲਾਫ਼ ਕਾਰਵਾਈ ਕਰੇਗਾ।
ਯੂਕੈਨ ਵੀਜ਼ਾ ਕੰਸਲਟੈਂਟਸ ਦੇ ਡਾਇਰੈਕਟਰ ਚੇਤਨ ਭਾਰਦਵਾਜ ਮੰਨਦੇ ਹਨ ਕਿ ਨਵੇਂ ਸਿਸਟਮ ਨਾਲ ਪੰਜਾਬ-ਹਰਿਆਣਾ ਦੇ ਲੋਕਾਂ ਨੂੰ ਕੱਟਆਫ ਪੁਆਇੰਟਸ ਲਈ ਵਾਧੂ ਪੁਆਇੰਟ ਮਿਲਣੇ ਫਾਇਦੇਮੰਦ ਹੋਣਗੇ। ਉਨ੍ਹਾਂ ਅਨੁਸਾਰ ਚੰਗੀ ਸਿੱਖਿਆ ਅਤੇ ਵਧੀਆ ਹੁਨਰ ਵਾਲੇ ਲੋਕਾਂ ਲਈ ਪੀਆਰ ਮਿਲਣਾ ਸੌਖਾ ਹੋਵੇਗਾ।
ਚੇਤਨ ਭਾਰਦਵਾਜ ਅਨੁਸਾਰ ਸਿਹਤ ਖੇਤਰ ਨਿਯਮਾਂ ਦੇ ਬਦਲਣ ਮਗਰੋਂ ਵੀ ਸਭ ਤੋਂ ਅੱਗੇ ਰਹੇਗਾ। ਚੰਗੇ ਹੁਨਰ ਦੀ ਮੰਗ ਹਮੇਸ਼ਾ ਰਹੇਗੀ। ਪਲੰਬਿੰਗ ਅਤੇ ਇਲੈਕਟ੍ਰੀਸ਼ੀਅਨ ਦੇ ਕੰਮ ਵਾਲਿਆਂ ਦੀ ਮੰਗ ਵੀ ਵਧੇਗੀ, ਜਦਕਿ ਇੰਜੀਨੀਅਰਿੰਗ ਅਤੇ ਆਈਟੀ ਪਹਿਲਾਂ ਹੀ ਮੰਗ ਵਿੱਚ ਰਹਿੰਦੇ ਹਨ।
Source: BBC News Punjabi
Harnaik Singh Rathor is the Founder, Publisher, and Editor-in-Chief of StudioX News Canada, Canada's multilingual digital news network serving multilingual diaspora communities across Canada. With a background in media production, public relations, and multicultural communications, he founded StudioX Film and TV Corporation to bridge the gap between mainstream Canadian media and the country's diverse immigrant communities. He is a member of the Canadian Association of Journalists (CAJ), RTDNA Canada, CPRS Vancouver, NEPMCC, and the Canadian Freelance Union (Unifor). Based in Surrey, British Columbia. | LinkedIn: https://www.linkedin.com/in/harnaiksinghrathor/ | Muck Rack: https://muckrack.com/harnaiksinghrathor | Email: editor@studioxnews.ca
