ਸੂਬਾ ਸਰਕਾਰ ਨੇ Highway 37 ਅਤੇ 37A ਦੇ ਨਾਲ-ਨਾਲ ਵਾਹਨਾਂ ਲਈ ਚੇਨ ਲਗਾਉਣ ਵਾਲੇ ਤਿੰਨ ਨਵੇਂ ਖੇਤਰਾਂ ਦੇ ਨਿਰਮਾਣ ਲਈ TwinCon Enterprises Ltd. ਨੂੰ $4.52 ਮਿਲੀਅਨ ਦਾ ਠੇਕਾ ਦਿੱਤਾ ਹੈ। ਇਹ ਪ੍ਰੋਜੈਕਟ ਉੱਤਰ-ਪੱਛਮੀ ਬੀ.ਸੀ. ਵਿੱਚ ਯਾਤਰੀਆਂ ਅਤੇ ਕਮਰਸ਼ੀਅਲ ਵਾਹਨ ਚਾਲਕਾਂ ਲਈ ਸੁਰੱਖਿਆ ਅਤੇ ਸਫ਼ਰ ਦੀ ਭਰੋਸੇਯੋਗਤਾ ਵਿੱਚ ਸੁਧਾਰ ਕਰੇਗਾ।
“Highway 37 ਉੱਤਰੀ ਭਾਈਚਾਰਿਆਂ, ਉਦਯੋਗਿਕ ਗਤੀਵਿਧੀਆਂ ਅਤੇ ਉੱਤਰ-ਪੱਛਮੀ ਬੀ.ਸੀ. ਰਾਹੀਂ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਇੱਕ ਮਹੱਤਵਪੂਰਨ ਆਵਾਜਾਈ ਕੌਰੀਡੋਰ ਹੈ,” ਢੋਆ-ਢੁਆਈ ਅਤੇ ਟ੍ਰਾਂਜ਼ਿਟ ਮੰਤਰੀ, ਮਾਈਕ ਫਾਰਨਵਰਥ ਨੇ ਕਿਹਾ। “ਵਾਹਨਾਂ ਲਈ ਚੇਨ ਲਗਾਉਣ ਵਾਲੇ ਇਹ ਨਵੇਂ ਖੇਤਰ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਸਰਦੀਆਂ ਦੀਆਂ ਔਖੀਆਂ ਸਥਿਤੀਆਂ ਲਈ ਤਿਆਰੀ ਕਰਨ ਵਾਸਤੇ ਸੁਰੱਖਿਅਤ ਥਾਵਾਂ ਮੁਹੱਈਆ ਕਰਵਾਉਣਗੇ, ਜਿਸ ਨਾਲ ਘਟਨਾਵਾਂ ਵਿੱਚ ਕਮੀ ਆਵੇਗੀ, ਸਫ਼ਰ ਦੀ ਭਰੋਸੇਯੋਗਤਾ ਵਧੇਗੀ ਅਤੇ ਲੋਕਾਂ ਅਤੇ ਮਾਲ ਦੀ ਖੇਤਰ ਭਰ ਵਿੱਚ ਸੁਰੱਖਿਅਤ ਆਵਾਜਾਈ ਯਕੀਨੀ ਬਣੇਗੀ।”
ਇਸ ਪ੍ਰੋਜੈਕਟ ਤਹਿਤ ਵਿੰਡੀ ਹਿੱਲ ਦੇ ਚੇਨ ਲਗਾਉਣ ਵਾਲੇ ਖੇਤਰ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਮੈਜ਼ੀਆਡਿਨ ਜੰਕਸ਼ਨ ਅਤੇ ਬੈੱਲ 1 ਰੈਸਟ ਏਰੀਆ ਨੇੜੇ ਨਵੀਆਂ ਚੇਨ ਲਗਾਉਣ ਵਾਲੀਆਂ ਸਹੂਲਤਾਂ ਬਣਾਈਆਂ ਜਾਣਗੀਆਂ। ਨਿਰਮਾਣ ਕਾਰਜ ਦੇ ਮੁੱਖ ਹਿੱਸੇ ਦੇ 2026 ਦੇ ਪਤਝੜ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਉੱਤਰ-ਪੱਛਮੀ ਬੀ.ਸੀ. ਵਿੱਚ Highway ਸੁਰੱਖਿਆ ਵਿੱਚ ਸੁਧਾਰ
ਚੇਨ ਲਗਾਉਣ ਵਾਲੇ ਨਵੇਂ ਸਥਾਨਾਂ ‘ਤੇ ਢਲਾਣ ਵਾਲੇ ਹਿੱਸਿਆਂ ਦੇ ਨੇੜੇ ਵਾਹਨ ਰੋਕਣ ਲਈ ਸੁਰੱਖਿਅਤ, ਪੱਕੀਆਂ ਥਾਵਾਂ ਬਣਾਈਆਂ ਜਾਣਗੀਆਂ, ਜਿੱਥੇ ਡਰਾਈਵਰ ਟਾਇਰਾਂ ‘ਤੇ ਚੇਨਾਂ ਲਗਾ ਅਤੇ ਉਤਾਰ ਸਕਣਗੇ। ਕੁਝ ਸਥਾਨਾਂ ‘ਤੇ ਕੂੜਾਦਾਨ ਅਤੇ ਸ਼ੌਚਾਲਿਆਂ ਵਰਗੀਆਂ ਆਰਾਮ-ਸਥਾਨ ਸਹੂਲਤਾਂ ਵੀ ਉਪਲਬਧ ਕੀਤੀਆਂ ਜਾਣਗੀਆਂ, ਜੋ ਨਿੱਜੀ ਅਤੇ ਕਮਰਸ਼ੀਅਲ ਵਾਹਨਾਂ ਵਿੱਚ ਸਫ਼ਰ ਕਰਨ ਵਾਲੇ ਡਰਾਈਵਰਾਂ ਅਤੇ ਯਾਤਰੀਆਂ ਲਈ ਲਾਭਦਾਇਕ ਹੋਣਗੀਆਂ।
ਇਨ੍ਹਾਂ ਸੁਧਾਰਾਂ ਨਾਲ ਵਾਹਨਾਂ ਦੀ ਸੜਕ ‘ਤੇ ਪਕੜ (ਟ੍ਰੈਕਸ਼ਨ) ਬਿਹਤਰ ਹੋਣ ਦੀ ਉਮੀਦ ਹੈ, ਜਿਸ ਨਾਲ ਸਰਦੀਆਂ ਦੌਰਾਨ ਹੋਣ ਵਾਲੀਆਂ ਦੁਰਘਟਨਾਵਾਂ ਵਿੱਚ ਕਮੀ ਆਵੇਗੀ। ਇਸ ਦੇ ਨਾਲ ਹੀ ਟ੍ਰੈਫਿਕ ਵਿੱਚ ਦੇਰੀ, ਸੜਕਾਂ ਦੇ ਬੰਦ ਹੋਣ ਅਤੇ ਐਮਰਜੈਂਸੀ ਸੇਵਾਵਾਂ ਦੀ ਲੋੜ ਨੂੰ ਵੀ ਘਟਾਉਣ ਵਿੱਚ ਮਦਦ ਮਿਲੇਗੀ।
ਇਹ ਪ੍ਰੋਜੈਕਟ ‘ਨੌਰਥਵੈਸਟ ਕੌਰੀਡੋਰ ਇੰਪਰੂਵਮੈਂਟ ਪ੍ਰੋਗਰਾਮ’ ਦਾ ਹਿੱਸਾ ਹੈ, ਜਿਸ ਤਹਿਤ Highway 37, 37A ਅਤੇ 51 ‘ਤੇ ਸੁਰੱਖਿਆ ਵਿੱਚ ਸੁਧਾਰ ਕਰਨ ਅਤੇ ਉੱਤਰ-ਪੱਛਮੀ ਬੀ.ਸੀ. ਵਿੱਚ ਮਹੱਤਵਪੂਰਨ ਖਣਿਜ ਸਰੋਤਾਂ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਕਈ ਅੱਪਗ੍ਰੇਡ ਕੀਤੇ ਜਾ ਰਹੇ ਹਨ।
ਇਨ੍ਹਾਂ ਸੁਧਾਰਾਂ ਦੀ ਪਛਾਣ ‘Highway 37 ਅਤੇ 37A ਕੌਰੀਡੋਰ ਸਟੱਡੀ’ ਦੌਰਾਨ ਫਰਸਟ ਨੇਸ਼ਨਜ਼, ਸਥਾਨਕ ਸਰਕਾਰਾਂ, ਭਾਈਚਾਰਿਆਂ ਅਤੇ ਉਦਯੋਗ ਤੋਂ ਪ੍ਰਾਪਤ ਸੁਝਾਵਾਂ ਅਤੇ ਵਿਚਾਰਾਂ ਦੇ ਆਧਾਰ ‘ਤੇ ਕੀਤੀ ਗਈ ਸੀ।
ਵਧ ਰਹੇ ਆਵਾਜਾਈ ਕੌਰੀਡੋਰ ਨੂੰ ਸਹਿਯੋਗ
ਵਾਹਨਾਂ ਲਈ ਚੇਨ ਲਗਾਉਣ ਵਾਲੇ ਖੇਤਰਾਂ ਤੋਂ ਇਲਾਵਾ, ‘ਨੌਰਥਵੈਸਟ ਕੌਰੀਡੋਰ ਇੰਪਰੂਵਮੈਂਟ ਪ੍ਰੋਗਰਾਮ’ ਤਹਿਤ ਇਹ ਕੰਮ ਵੀ ਕੀਤੇ ਜਾ ਰਹੇ ਹਨ:
- ਵੱਖ-ਵੱਖ ਆਰਾਮ-ਸਥਾਨਾਂ ‘ਤੇ ਵਾਈ-ਫਾਈ ਸੇਵਾਵਾਂ ਦੀ ਸਥਾਪਨਾ
- ਵਾਹਨਾਂ ਲਈ ਸੁਰੱਖਿਅਤ ਓਵਰਟੇਕਿੰਗ ਦੇ ਨਵੇਂ ਮੌਕੇ ਮੁਹੱਈਆ ਕਰਵਾਉਣਾ
- ਕੌਰੀਡੋਰ ਦੇ ਵੱਖ-ਵੱਖ ਹਿੱਸਿਆਂ ਵਿੱਚ Highway ਨੂੰ ਚੌੜਾ ਕਰਨਾ
ਇਸ ਪੂਰੇ ਪ੍ਰੋਗਰਾਮ ਦੀ ਕੁੱਲ ਲਾਗਤ ਲਗਭਗ $195 ਮਿਲੀਅਨਅਨੁਮਾਨਿਤ ਹੈ, ਜਿਸ ਵਿੱਚੋਂ $120 ਮਿਲੀਅਨਸੂਬਾਈ ਸਰਕਾਰ ਵੱਲੋਂ ਅਤੇ ਲਗਭਗ $75 ਮਿਲੀਅਨ ਨੈਚੁਰਲ ਰਿਸੋਰਸਿਜ਼ ਕੈਨੇਡਾ ਵੱਲੋਂ ਫਰਸਟ ਐਂਡ ਲਾਸਟ ਮਾਈਲ ਫੰਡ (ਜਿਸ ਨੂੰ ਪਹਿਲਾਂ ਕ੍ਰਿਟੀਕਲ ਮਿਨਰਲਜ਼ ਇਨਫਰਾਸਟਰੱਕਚਰ ਫੰਡ ਕਿਹਾ ਜਾਂਦਾ ਸੀ) ਰਾਹੀਂ ਮੁਹੱਈਆ ਕੀਤੇ ਜਾ ਰਹੇ ਹਨ।
ਸੂਬਾਈ ਸਰਕਾਰ ਕੌਰੀਡੋਰ ਨਾਲ ਲੱਗਦੇ ਫਰਸਟ ਨੇਸ਼ਨਜ਼ ਭਾਈਚਾਰਿਆਂ, ਜਿਨ੍ਹਾਂ ਵਿੱਚ Gitanyow, Tahltan,Nisga’a ਅਤੇ Tsetsaut Skii km Lax Ha ਸ਼ਾਮਲ ਹਨ, ਨਾਲ ਲਗਾਤਾਰ ਸੰਪਰਕ ਅਤੇ ਸਹਿਯੋਗ ਜਾਰੀ ਰੱਖ ਰਹੀ ਹੈ। ਇਸ ਦਾ ਉਦੇਸ਼ ਸਾਰਥਕ ਸ਼ਮੂਲੀਅਤ, ਸਾਂਝੇ ਆਰਥਿਕ ਮੌਕਿਆਂ ਅਤੇ ਮੇਲ-ਮਿਲਾਪ (ਰਿਕੰਸੀਲੀਏਸ਼ਨ) ਨੂੰ ਅੱਗੇ ਵਧਾਉਣਾ ਹੈ।
ਮੰਤਰਾਲੇ ਨੇ ਇਸ ਪ੍ਰੋਗਰਾਮ ਅਧੀਨ ਪ੍ਰੋਜੈਕਟਾਂ ਨੂੰ 2025 ਵਿੱਚ ਲਾਗੂ ਕਰਨਾ ਸ਼ੁਰੂ ਕੀਤਾ ਸੀ ਅਤੇ ਪੂਰਾ ਪ੍ਰੋਗਰਾਮ 2030 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਹ ਚੇਨ-ਅੱਪ ਪ੍ਰੋਜੈਕਟ ਆਉਣ ਵਾਲੇ ਸਾਲਾਂ ਦੌਰਾਨ ਪੂਰੇ ਕੀਤੇ ਜਾਣ ਵਾਲੇ ਕਈ ਵੱਡੇ ਪ੍ਰੋਜੈਕਟਾਂ ਦੀ ਲੜੀ ਦਾ ਪਹਿਲਾ ਪ੍ਰੋਜੈਕਟ ਹੈ।
ਫ਼ੌਰੀ ਤੱਥ:
- ਸੁਧਾਰਿਆ ਗਿਆ ਆਵਾਜਾਈ ਨੈਟਵਰਕ ਗੋਲਡਨ ਟਰਾਇਐਂਗਲ ਖੇਤਰ ਵਿੱਚ ਖਣਿਜ ਪ੍ਰੋਜੈਕਟਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਇਹ ਖੇਤਰ ਕੈਨੇਡਾ ਦੇ ਸਭ ਤੋਂ ਮਹੱਤਵਪੂਰਨ ਖਣਿਜ ਵਿਕਾਸ ਖੇਤਰਾਂ ਵਿੱਚੋਂ ਇੱਕ ਹੈ।
- ਅਨੁਮਾਨ ਹੈ ਕਿ ਖਣਨ ਖੇਤਰ ਵਿੱਚ ਪੈਦਾ ਹੋਣ ਵਾਲੀ ਹਰ ਸਿੱਧੀ ਨੌਕਰੀ ਨਾਲ ਬੀ.ਸੀ. ਭਰ ਵਿੱਚ ਖਣਨ ਸਪਲਾਈ ਅਤੇ ਸੇਵਾ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਵਿੱਚ ਦੋ ਜਾਂ ਇਸ ਤੋਂ ਵੱਧ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ।
- ਆਰਾਮ-ਸਥਾਨਾਂ ਵਿੱਚ ਰਿਮੋਟ ਵਾਈ-ਫਾਈ ਦੀ ਸਥਾਪਨਾ ਨਾਲ Highway 37 ਅਤੇ Highway 37A ਦੇ ਯਾਤਰੀਆਂ ਨੂੰ ਮੁਫ਼ਤ ਅਤੇ ਭਰੋਸੇਯੋਗ ਇੰਟਰਨੈਟ ਤੱਕ ਪਹੁੰਚ ਮਿਲੇਗੀ।
ਹੋਰ ਖ਼ਬਰਾਂ ਪੜ੍ਹੋਂ: Commonwealth Games 2026: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਮਾ ਕਾਲੀਰਮਨਾ ਤੇ ਲਵਪ੍ਰੀਤ ਸਿੰਘ ਨੂੰ ਦਿੱਤੀ ਵਧਾਈ- ਕਿਹਾ, “ਖਿਡਾਰੀਆਂ ਨੇ ਭਾਰਤ ਦਾ ਮਾਣ ਵਧਾਇਆ ਹੈ”
Arsh is a multilingual news writer and content specialist at StudioX News with more than 8 years of experience in journalism, digital media, and multilingual content. Holding Master's degrees in Journalism & Mass Communication and Punjabi, along with a PGDPR and Diploma in Life Coaching, He has published numerous national and international research papers and diverse news articles across digital and traditional media.
