AI Education In Punjab: ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਬਹੁਤ ਹੀ ਵੱਡਾ ਅਤੇ ਇਤਿਹਾਸਕ ਬਦਲਾਅ ਦੇਖਣ ਨੂੰ ਮਿਲਿਆ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI Education In Punjab) ਦੀ ਪੜ੍ਹਾਈ ਨੂੰ ਮੁੱਖ ਧਾਰਾ ਦੇ ਪਾਠਕ੍ਰਮ ਦਾ ਹਿੱਸਾ ਬਣਾ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ AI ਦੀ ਪੜ੍ਹਾਈ ਲਾਜ਼ਮੀ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ, ਪੰਜਾਬ ਪੂਰੇ ਭਾਰਤ ਵਿੱਚ ਪਹਿਲੀ ਤੋਂ 12ਵੀਂ ਤੱਕ AI ਸਿੱਖਿਆ (AI Education In Punjab) ਨੂੰ ਜ਼ਰੂਰੀ ਬਣਾਉਣ ਵਾਲਾ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਬਣ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੰਜਾਬੀ ਵਿਸ਼ਾ ਵੀ ਪਹਿਲੀ ਤੋਂ 12ਵੀਂ ਜਮਾਤ ਤੱਕ ਲਾਜ਼ਮੀ ਰਹੇਗਾ।
ਹਰ 6 ਮਹੀਨੇ ਬਾਅਦ ਬਦਲੇਗਾ ਸਿਲੇਬਸ (AI Education In Punjab)
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਯੋਜਨਾ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ AI ਨਾਲ ਸਬੰਧਤ ਨਵੀਆਂ ਤਿਆਰ ਕੀਤੀਆਂ ਗਈਆਂ ਕਿਤਾਬਾਂ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ।
ਤਕਨਾਲੋਜੀ ਦੇ ਖੇਤਰ ਵਿੱਚ ਹੋ ਰਹੇ ਤੇਜ਼ ਬਦਲਾਅ ਅਤੇ ਨਵੀਆਂ ਖੋਜਾਂ ਨੂੰ ਧਿਆਨ ਵਿੱਚ ਰੱਖਦਿਆਂ AI ਦਾ ਸਿਲੇਬਸ ਹਰ 6 ਮਹੀਨੇ ਬਾਅਦ ਅਪਡੇਟ ਕੀਤਾ ਜਾਵੇਗਾ, ਤਾਂ ਜੋ ਬੱਚੇ ਸਿਰਫ਼ ਪੁਰਾਣੀ ਜਾਣਕਾਰੀ ਤੱਕ ਸੀਮਤ ਨਾ ਰਹਿਣ। ਸੂਬੇ ਦੇ ਸਕੂਲਾਂ ਨੂੰ ਪਹਿਲਾਂ ਹੀ ਸਮਾਰਟ ਪੈਨਲ, ਕੰਪਿਊਟਰ ਅਤੇ ਜ਼ਰੂਰੀ ਡਿਜੀਟਲ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾ ਚੁੱਕਾ ਹੈ।
ਲੱਖਾਂ ਵਿਦਿਆਰਥੀਆਂ ਨੂੰ ਮਿਲੇਗਾ ਲਾਭ
ਇਸ ਨਵੇਂ ਪ੍ਰੋਗਰਾਮ ਦਾ ਘੇਰਾ ਬਹੁਤ ਵਿਆਪਕ ਹੈ। ਸਿੱਖਿਆ ਵਿਭਾਗ ਦੇ ਅੰਕੜਿਆਂ ਮੁਤਾਬਕ 25,172 ਸਕੂਲ ਅਤੇ ਲਗਭਗ 31.5 ਲੱਖ ਵਿਦਿਆਰਥੀ ਇਸ ਨਵੀਂ ਨੀਤੀ ਦਾ ਸਿੱਧਾ ਲਾਭ ਉਠਾਉਣਗੇ।
ਅਧਿਆਪਕਾਂ ਲਈ ਟ੍ਰੇਨਿੰਗ: ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ 12,424 ਕੰਪਿਊਟਰ ਸਾਇੰਸ ਅਧਿਆਪਕ ਇਸ ਦੀ ਅਗਵਾਈ ਕਰਨਗੇ। ਹੌਲੀ-ਹੌਲੀ ਸਾਰੇ ਵਿਸ਼ਿਆਂ ਦੇ 2 ਲੱਖ ਤੋਂ ਵੱਧ ਅਧਿਆਪਕਾਂ ਨੂੰ AI ਨੂੰ ਪੜ੍ਹਾਉਣ, ਸਿੱਖਣ ਅਤੇ ਮੁਲਾਂਕਣ ਵਿੱਚ ਸ਼ਾਮਲ ਕਰਨ ਲਈ ਲਾਈਵ ਆਨਲਾਈਨ ਕਲਾਸਾਂ ਅਤੇ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮਾਂ ਰਾਹੀਂ ਸਿਖਲਾਈ ਦਿੱਤੀ ਜਾਵੇਗੀ।
ਹਰੀ ਕ੍ਰਾਂਤੀ ਤੋਂ AI ਕ੍ਰਾਂਤੀ ਵੱਲ
ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ “ਚੀਨ ਅਤੇ ਦੱਖਣੀ ਕੋਰੀਆ ਵਰਗੇ ਵਿਕਸਿਤ ਦੇਸ਼ ਪਹਿਲਾਂ ਹੀ ਆਪਣੇ ਪ੍ਰਾਇਮਰੀ ਸਕੂਲਾਂ ਵਿੱਚ AI ਨੂੰ ਸ਼ਾਮਲ ਕਰ ਚੁੱਕੇ ਹਨ। ਪੰਜਾਬ ਨੇ ਭਾਰਤ ਵਿੱਚ ਇਸ ਦੀ ਅਗਵਾਈ ਕਰਨ ਦੀ ਚੋਣ ਕੀਤੀ ਹੈ। ਅਸੀਂ ਹਰੀ ਕ੍ਰਾਂਤੀ ਦੀ ਅਗਵਾਈ ਕਰਨ ਤੋਂ ਬਾਅਦ ਹੁਣ ‘ਆਰਟੀਫੀਸ਼ੀਅਲ ਇੰਟੈਲੀਜੈਂਸ ਕ੍ਰਾਂਤੀ'(AI Education In Punjab) ਦੀ ਅਗਵਾਈ ਕਰਨ ਵੱਲ ਵਧ ਰਹੇ ਹਾਂ। ਪੰਜਾਬ, ਜੋ ਕਦੇ ਦੇਸ਼ ਦਾ ਅੰਨਦਾਤਾ ਸੀ, ਹੁਣ ਭਵਿੱਖ ਦੀ ਤਕਨੀਕੀ ਪ੍ਰਤਿਭਾ ਦਾ ਪੰਘੂੜਾ ਬਣੇਗਾ।”
ਇਸ ਮੌਕੇ ਹਾਜ਼ਰ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ‘ਆਪ’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਨੇ ਇਹ ਇਤਿਹਾਸਕ ਕਦਮ ਚੁੱਕ ਕੇ ਦੇਸ਼ ਲਈ ਇੱਕ ਨਵਾਂ ਰਾਸ਼ਟਰੀ ਮਾਪਦੰਡ ਸਥਾਪਿਤ ਕੀਤਾ ਹੈ। ਇਹ ਪਹਿਲ ਬੱਚਿਆਂ ਨੂੰ ਸਿਰਫ਼ AI ਦੀ ਵਰਤੋਂ ਕਰਨਾ ਹੀ ਨਹੀਂ ਸਿਖਾਏਗੀ, ਸਗੋਂ ਉਨ੍ਹਾਂ ਨੂੰ AI Creator (ਸਿਰਜਣਹਾਰ) ਬਣਨ ਵਿੱਚ ਮਦਦ ਕਰੇਗੀ।
ਪੇਪਰ ਲੀਕ ਵਿਵਾਦ ‘ਤੇ ਬੈਂਸ ਦਾ ਜਵਾਬ
ਇਸ ਦੌਰਾਨ ਹਰਜੋਤ ਸਿੰਘ ਬੈਂਸ ਨੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਆਲੋਚਨਾ ‘ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਜਿਸ ਮਾਮਲੇ ਵਿੱਚ ਸਰਕਾਰ ਨੇ ਕਥਿਤ ਪੇਪਰ ਲੀਕ ਨੈੱਟਵਰਕ ਦਾ ਪਰਦਾਫਾਸ਼ ਕਰਕੇ ਕਾਰਵਾਈ ਕੀਤੀ, ਉਸੇ ਮਾਮਲੇ ਵਿੱਚ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, “ਜਿਸ ਤਰ੍ਹਾਂ ਪੇਪਰ ਲੀਕ ਮਾਮਲੇ ਨੂੰ ਲੈ ਕੇ ਮੇਰਾ ਅਸਤੀਫ਼ਾ ਮੰਗਿਆ ਜਾ ਰਿਹਾ ਹੈ, ਅਸਲ ਵਿੱਚ ਅਸੀਂ ਉਸ ਨੈੱਟਵਰਕ ਨੂੰ ਰੋਕਿਆ ਹੈ। ਜਿੱਥੇ ਸ਼ਲਾਘਾ ਹੋਣੀ ਚਾਹੀਦੀ ਸੀ, ਉੱਥੇ ਅਸਤੀਫ਼ਾ ਮੰਗਿਆ ਜਾ ਰਿਹਾ ਹੈ। ਇਹ ਦੁੱਖ ਦੀ ਗੱਲ ਹੈ ਪਰ ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਮੈਂ ਪਹਿਲੇ ਦਿਨ ਤੋਂ ਪੰਜਾਬ ਦੀ ਸਿੱਖਿਆ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਿਹਾ ਹਾਂ।”
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ AI ਦੀ ਪੜ੍ਹਾਈ ਲਾਜ਼ਮੀ ਕਰਨਾ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਮੰਨਿਆ ਜਾ ਰਿਹਾ ਹੈ। ਇਸ ਨਾਲ ਸਰਕਾਰੀ ਸਕੂਲਾਂ ਦੇ ਬੱਚੇ ਨਾ ਸਿਰਫ਼ ਨਵੀਂ ਤਕਨਾਲੋਜੀ ਨਾਲ ਜੁੜਨਗੇ, ਸਗੋਂ ਭਵਿੱਖ ਵਿੱਚ ਗਲੋਬਲ ਪੱਧਰ ‘ਤੇ ਨਿੱਜੀ ਸਕੂਲਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਹੋਣਗੇ।
ਹੋਰ ਖ਼ਬਰਾਂ: Rahul Gandhi on Paper Leak: ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਹਮਲਾ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

