ਵਿਕਟੋਰੀਆ- ਬ੍ਰਿਟਿਸ਼ ਕੋਲੰਬੀਆ ਵਿੱਚ ਡਰਾਈਵਿੰਗ ਸਿੱਖ ਰਹੇ ਲੋਕਾਂ ਨੂੰ ਸੁਰੱਖਿਅਤ ਅਤੇ ਜ਼ਿੰਮੇਵਾਰ ਡਰਾਈਵਿੰਗ ਆਦਤਾਂ ਵਿਕਸਿਤ ਕਰਨ ਲਈ ਲੋੜੀਂਦਾ ਤਜਰਬਾ ਮਿਲੇਗਾ, ਕਿਉਂਕਿ ਗ੍ਰੈਜੂਏਟਡ ਲਾਇਸੈਂਸਿੰਗ ਪ੍ਰੋਗਰਾਮ (GLP) ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਸੜਕ ਸੁਰੱਖਿਆ ਅਤੇ ਡਰਾਈਵਰਾਂ ਦੀ ਲਗਾਤਾਰ ਨਿਗਰਾਨੀ ਨੂੰ ਹੋਰ ਮਜ਼ਬੂਤ ਬਣਾਉਣ ਨੂੰ ਤਰਜੀਹ ਦਿੰਦੀਆਂ ਹਨ।
“ਪ੍ਰਮਾਣ ਦਰਸਾਉਂਦੇ ਹਨ ਕਿ ਸਮੇਂ ਦੇ ਨਾਲ ਹਾਸਲ ਕੀਤਾ ਗਿਆ ਡਰਾਈਵਿੰਗ ਤਜਰਬਾ ਲੰਬੇ ਸਮੇਂ ਦੀ ਸੁਰੱਖਿਆਦਾ ਉਨ੍ਹਾਂ ਹੀ ਭਰੋਸੇਮੰਦ ਸੰਕੇਤਕ ਹੈ ਜਿੰਨਾ ਕਿ ਇੱਕੋ ਵਾਰ ਲਿਆ ਗਿਆ ਰੋਡ ਟੈਸਟ,” ਸੌਲਿਸਿਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ, ਨੀਨਾ ਕਰੀਗਰ ਨੇ ਕਿਹਾ। “GLP ਵਿੱਚ ਅਸੀਂ ਜੋ ਤਬਦੀਲੀਆਂ ਕਰ ਰਹੇ ਹਾਂ, ਉਹ ਸੜਕ ਸੁਰੱਖਿਆ ਦੇ ਸਾਡੇ ਉੱਚ ਮਿਆਰਾਂ ਨੂੰ ਕਾਇਮ ਰੱਖਦੀਆਂ ਹਨ। ਇਸ ਦੇ ਨਾਲ ਹੀ, ਇਨ੍ਹਾਂ ਦਾ ਧਿਆਨ ਨਵੇਂ ਡਰਾਈਵਰਾਂ ਨੂੰ ਵੱਧ ਸਮਾਂ ਗੱਡੀ ਚਲਾਉਣ ਦਾ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਦੇਣ ‘ਤੇ ਹੈ, ਤਾਂ ਜੋ ਉਹ ਜ਼ਿੰਮੇਵਾਰੀ ਨਾਲ ਡਰਾਈਵ ਕਰਨ ਲਈ ਲੋੜੀਂਦੀਆਂ ਆਦਤਾਂ ਵਿਕਸਿਤ ਕਰ ਸਕਣ।“
ਬੀ.ਸੀ. ਨੇ ਨਵੀਆਂ ਨਿਯਮਕ ਸੋਧਾਂ ਲਾਗੂ ਕੀਤੀਆਂ ਹਨ, ਜਿਨ੍ਹਾਂ ਰਾਹੀਂ ਕਲਾਸ 5 ਲਾਇਸੈਂਸ ਲੈਣ ਲਈ ਲਾਜ਼ਮੀ ਦੂਜੇ ਰੋਡ ਟੈਸਟ ਨੂੰ ਹਟਾ ਕੇ ਉਸ ਦੀ ਥਾਂ ਡਰਾਈਵਿੰਗ ਰਿਕਾਰਡ ਅਸੈਸਮੈਂਟ (DRA) ਲਾਗੂ ਕੀਤਾ ਜਾਵੇਗਾ।ਇਹ ਮੁਲਾਂਕਣ ਪਤਾ ਲਗਾਉਂਦਾ ਹੈ ਕਿ ਕੀ ਨਵੇਂ ਡਰਾਈਵਰ ਨੇ ਲੋੜੀਂਦਾ ਘੱਟੋ-ਘੱਟ ਡਰਾਈਵਿੰਗ ਅਨੁਭਵ ਪ੍ਰਾਪਤ ਕੀਤਾ ਹੈ। ਜੇਕਰ ਡਰਾਈਵਰ ਦੇ ਰਿਕਾਰਡ ਵਿੱਚ ਅਸੁਰੱਖਿਅਤ ਡਰਾਈਵਿੰਗ ਦੀਆਂ ਉਲੰਘਣਾਵਾਂ, ਜਿਵੇਂ ਕਿ ਬਹੁਤ ਤੇਜ਼ ਰਫ਼ਤਾਰ ਜਾਂ ਗੱਡੀ ਚਲਾਉਂਦੇ ਸਮੇਂ ਇਲੈਕਟ੍ਰਾਨਿਕ ਡਿਵਾਈਸ ਦੀ ਵਰਤੋਂ ਲਈ ਸਜ਼ਾਵਾਂ ਦਰਜ ਹਨ, ਤਾਂ ਉਸ ਨੂੰ ਨਵੇਂ ਡਰਾਈਵਰ (novice) ਵਜੋਂ ਲਾਜ਼ਮੀ ਮਿਆਦ ਮੁੜ ਤੋਂ ਪੂਰੀ ਕਰਨੀ ਪਵੇਗੀ।
ਦੁਨੀਆ ਭਰ ਵਿੱਚ ਲਗਭਗ ਸਾਰੇ ਅਧਿਕਾਰ ਖੇਤਰਾਂ ਦੇ ਗ੍ਰੈਜੂਏਟਡ ਲਾਇਸੈਂਸਿੰਗ ਪ੍ਰੋਗਰਾਮਾਂ ਵਿੱਚ ਦੂਜਾ ਰੋਡ ਟੈਸਟ ਨਹੀਂ ਹੁੰਦਾ। ਟ੍ਰਾਂਸਪੋਰਟ ਕੈਨੇਡਾ ਦੇ ਟੱਕਰਾਂ ਸੰਬੰਧੀ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਦੇ ਉਹ ਚਾਰ ਸੂਬੇ, ਜਿੱਥੇ ਮੋਟਰ ਵਾਹਨ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਸਭ ਤੋਂ ਘੱਟ ਹੈ, ਉੱਥੇ ਗ੍ਰੈਜੂਏਟਡ ਲਾਇਸੈਂਸਿੰਗ ਪ੍ਰੋਗਰਾਮ ਦੇ ਅੰਤ ਵਿੱਚ ਕੋਈ ਐਗਜ਼ਿਟ ਟੈਸਟ ਨਹੀਂ ਹੈ। GLP ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ 19 ਅਕਤੂਬਰ, 2026 ਤੋਂ ਲਾਗੂ ਹੋਣਗੀਆਂ। ਯੋਗ ਡਰਾਈਵਰਾਂ ਨੂੰ ਇੱਕ ਵਾਰ ਲਈ ਕਲਾਸ 7 ਤੋਂ ਕਲਾਸ 5 ਲਾਇਸੈਂਸ ਵਿੱਚ ਆਪਣੇ ਆਪ ਅੱਪਗ੍ਰੇਡ ਕੀਤੇ ਜਾਣ ਲਈ ਯੋਗ ਮੰਨਿਆ ਜਾ ਸਕਦਾ ਹੈ। ਇਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਦਫ਼ਤਰ ਵਿੱਚ ਜਾ ਕੇ ਡਰਾਈਵਿੰਗ ਰਿਕਾਰਡ ਮੁਲਾਂਕਣ ਕਰਵਾਉਣ ਦੀ ਲੋੜ ਨਹੀਂ ਹੋਵੇਗੀ।
ਸੜਕਾਂ ਨੂੰ ਹੋਰ ਸੁਰੱਖਿਅਤ ਰੱਖਣਾ
ਜਿਹੜੇ ਡਰਾਈਵਰ ਡਰਾਈਵਿੰਗ ਰਿਕਾਰਡ ਮੁਲਾਂਕਣ ਪਾਸ ਕਰ ਲੈਂਦੇ ਹਨ, ਉਹ 12 ਮਹੀਨਿਆਂ ਦੀ ਪਾਬੰਦੀ ਵਾਲੀ ਮਿਆਦ ਦੇ ਨਾਲ ਕਲਾਸ5 ਲਾਇਸੈਂਸ ਲਈ ਯੋਗ ਹੋਣਗੇ। ਇਸ ਪਾਬੰਦੀਸ਼ੁਦਾ ਮਿਆਦ ਦੌਰਾਨ, ਉਨ੍ਹਾਂ ਲਈ ਖੂਨ ਵਿੱਚ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਮਾਤਰਾ ਜ਼ੀਰੋ ਹੋਣ ਦੀ ਸ਼ਰਤ ਲਾਗੂ ਰਹੇਗੀ। ਇਸ ਤੋਂ ਇਲਾਵਾ, ਜੇ ਉਨ੍ਹਾਂ ਦੇ ਡਰਾਈਵਿੰਗ ਰਿਕਾਰਡ ‘ਤੇ ਕੋਈ ਉਲੰਘਣਾ ਦਰਜ ਹੁੰਦੀ ਹੈ, ਤਾਂ ਤਜਰਬੇਕਾਰ ਡਰਾਈਵਰਾਂ ਦੇ ਮੁਕਾਬਲੇ ਉਨ੍ਹਾਂ ਦੀ ਵੱਧ ਸਖ਼ਤੀ ਨਾਲ ਸਮੀਖਿਆ ਕੀਤੀ ਜਾਵੇਗੀ।
GLP ਵਿੱਚ ਇਹ ਤਬਦੀਲੀਆਂ ਡਰਾਈਵਿੰਗ ਵਿਵਹਾਰ ਦੀ ਨਿਰੰਤਰ ਨਿਗਰਾਨੀ ਨੂੰ ਤਰਜੀਹ ਦਿੰਦੀਆਂ ਹਨ। 12 ਮਹੀਨਿਆਂ ਦੀ ਨਵੀਂ ਪਾਬੰਦੀਸ਼ੁਦਾ ਮਿਆਦ ਨਵੇਂ ਡਰਾਈਵਰਾਂ ਦੀਆਂ ਗਲਤੀਆਂ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਸੁਧਾਰਨ ਵਿੱਚ ਮਦਦ ਕਰੇਗੀ, ਜਦਕਿ ਉਨ੍ਹਾਂ ਨੂੰ ਸੜਕਾਂ ‘ਤੇ ਚੰਗੀਆਂ ਡਰਾਈਵਿੰਗ ਆਦਤਾਂ ਵਿਕਸਿਤ ਕਰਨ ਲਈ ਹੋਰ ਸਮਾਂ ਵੀ ਦੇਵੇਗੀ।
ਖੋਜ ਦਰਸਾਉਂਦੀ ਹੈ ਕਿ ਉਮਰ ਦਾ ਹਾਦਸਿਆਂ ਦੇ ਜੋਖ਼ਮ ਉੱਤੇ ਅਸਰ ਪੈਂਦਾ ਹੈ ਅਤੇ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਵੇਂ ਡਰਾਈਵਰਾਂ ਵਿੱਚ ਹਾਦਸਿਆਂ ਦੀ ਦਰ 16 ਤੋਂ 24 ਸਾਲ ਦੀ ਉਮਰ ਵਾਲੇ ਨਵੇਂ ਡਰਾਈਵਰਾਂ ਨਾਲੋਂ ਘੱਟ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸੂਬਾ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਲਾਇਸੈਂਸ ਪ੍ਰਾਪਤ ਕਰਨ ਵਾਸਤੇ ਇੱਕ ਛੋਟਾ ਅਤੇ ਸਰਲ ਮਾਰਗ ਤਿਆਰ ਕਰ ਰਿਹਾ ਹੈ, ਜਿਸ ਵਿੱਚ ਸ਼ਾਮਲ ਹੈ:
- ਲਰਨਰ ਪੜਾਅ ਨੂੰ 12 ਮਹੀਨਿਆਂ ਤੋਂ ਘਟਾ ਕੇ 9 ਮਹੀਨੇ ਕਰਨਾ
- ਨਵੇਂ ਡਰਾਈਵਰ ਵਾਲੇ ਪੜਾਅ ਨੂੰ 24 ਮਹੀਨਿਆਂ ਤੋਂ ਘਟਾ ਕੇ 12 ਮਹੀਨੇ ਕਰਨਾ
ਡਰਾਈਵਿੰਗ ਸਿਖਲਾਈ ਬੀ.ਸੀ. ਦੀਆਂ ਸੜਕਾਂ ਲਈ ਸੁਰੱਖਿਅਤ ਡਰਾਈਵਰ ਤਿਆਰ ਕਰਨ ਵਿੱਚ ਅਜੇ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। 25 ਸਾਲ ਤੋਂ ਘੱਟ ਉਮਰ ਵਾਲੇ ਡਰਾਈਵਰਾਂ ਲਈ ਨਵੇਂ ਡਰਾਈਵਰ ਵਾਲੇ ਪੜਾਅ ਦੀ ਘੱਟ ਮਿਆਦ ਅਜੇ ਵੀ ਉਪਲਬਧ ਹੈ, ਜੇਕਰ ਉਨ੍ਹਾਂ ਨੇ ICBC ਵੱਲੋਂ ਮਨਜ਼ੂਰਸ਼ੁਦਾ GLP ਕੋਰਸ ਕੀਤਾ ਹੈ।
ਡਰਾਈਵਿੰਗ ਸਿੱਖਣਾ ਹੋਰ ਆਸਾਨ ਬਣਾਉਣਾ
GLP ਵਿੱਚ ਕੀਤੇ ਬਦਲਾਅ ਨਵੇਂ ਡਰਾਈਵਰਾਂ ਲਈ ਲਾਇਸੈਂਸ ਲੈਣ ਦੀ ਪ੍ਰਕਿਰਿਆ ਨੂੰ ਹੋਰ ਸੌਖਾ ਅਤੇ ਆਸਾਨ ਪਹੁੰਚ ਵਾਲਾ ਬਣਾਉਣਗੇ। ਇਨ੍ਹਾਂ ਬਦਲਾਵਾਂ ਵਿੱਚ ਸ਼ਾਮਲ ਹਨ:
- ਡਰਾਈਵਰ ਲਾਇਸੈਂਸ ਲਈ ਅਰਜ਼ੀ ਦੇਣ ਵਾਸਤੇ ਸਹਿਮਤੀ ਦੀ ਉਮਰ 19 ਸਾਲ ਤੋਂ ਘਟਾ ਕੇ 18 ਸਾਲ ਕਰਨਾ
- DRA ਨੂੰ ਸਾਰੇ ਸਰਵਿਸ ਬੀ ਸੀ ਦਫ਼ਤਰਾਂ, ਡਰਾਈਵਰ ਲਾਇਸੈਂਸ ਏਜੰਟ ਦਫ਼ਤਰਾਂ ਅਤੇ ICBC ਡਰਾਈਵਰ ਲਾਇਸੈਂਸ ਦਫ਼ਤਰਾਂ ਵਿੱਚ ਉਪਲਬਧ ਕਰਵਾਉਣਾ
- ਗੱਡੀ ਵਿੱਚ ਬੈਠਣ ਵਾਲੇ ਲੋਕਾਂ ਦੀ ਗਿਣਤੀ ਉੱਤੇ ਲਾਗੂ ਸੀਮਾ ਤੋਂ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਛੋਟ ਦੇਣਾ
ਇਹ ਬਦਲਾਅ ਫਰਸਟ ਨੇਸ਼ਨਜ਼ ਭਾਈਚਾਰਿਆਂ, ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਵੱਡੇ ਪਰਿਵਾਰਾਂ ਵਾਲੇ ਲੋਕਾਂ ਲਈ ਲੋੜੀਂਦਾ ਡਰਾਈਵਿੰਗ ਤਜਰਬਾ ਹਾਸਲ ਕਰਨਾ ਆਸਾਨ ਬਣਾਉਣਗੇ।
ਮੌਜੂਦਾ GLP ਡਰਾਈਵਰਾਂ ‘ਤੇ ਪ੍ਰਭਾਵ
ਸਾਲ 2026 ਦੀ ਪਤਝੜ ਦੀ ਸ਼ੁਰੂਆਤ ਤੋਂ, GLP ਵਿੱਚ ਸ਼ਾਮਲ ਡਰਾਈਵਰਾਂ ਨੂੰ ICBC ਵੱਲੋਂ ਪੱਤਰ ਮਿਲਣੇ ਸ਼ੁਰੂ ਹੋ ਜਾਣਗੇ। ਇਨ੍ਹਾਂ ਪੱਤਰਾਂ ਵਿੱਚ ਬਦਲਾਵਾਂ ਬਾਰੇ, ਉਨ੍ਹਾਂ ‘ਤੇ ਪੈਣ ਵਾਲੇ ਪ੍ਰਭਾਵ ਅਤੇ ਉਨ੍ਹਾਂ ਵੱਲੋਂ ਚੁੱਕੇ ਜਾਣ ਵਾਲੇ ਅਗਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। GLP ਨੂੰ ਆਧੁਨਿਕ ਬਣਾਉਣ ਦੇ ਨਾਲ-ਨਾਲ, ‘ਮੋਟਰਸਾਈਕਲ ਡਰਾਈਵਰ ਲਾਇਸੈਂਸਿੰਗ ਪ੍ਰੋਗਰਾਮ’ ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ 2027 ਵਿੱਚ ਲਾਗੂ ਹੋਣਗੇ।
Arsh is a multilingual news writer and content specialist at StudioX News with more than 8 years of experience in journalism, digital media, and multilingual content. Holding Master's degrees in Journalism & Mass Communication and Punjabi, along with a PGDPR and Diploma in Life Coaching, He has published numerous national and international research papers and diverse news articles across digital and traditional media.
