ਰਾਜਨੀਤੀ

Sacrilege Case: SIT ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ

📷 SIT ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ

Sacrilege Case: ਪੰਜਾਬ ਵਿੱਚ ਸਾਲ 2015 ਦੇ ਬੇਅਦਬੀ ਮਾਮਲਿਆਂ (Sacrilege Case) ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਇੱਕ ਵਾਰ ਫਿਰ ਵੱਡੀ ਕਾਰਵਾਈ ਕੀਤੀ ਗਈ ਹੈ। ਐਸਆਈਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰਦਿਆਂ ਸੋਮਵਾਰ ਨੂੰ ਤਲਬ ਕੀਤਾ ਹੈ। ਇਸ ਨੋਟਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਮੁੜ ਭੂਚਾਲ ਆ ਗਿਆ ਹੈ। ਸੁਖਬੀਰ ਬਾਦਲ ਤੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਬੇਅਦਬੀ ਤੇ ਉਸ ਤੋਂ ਬਾਅਦ ਹੋਏ ਗੋਲੀਕਾਂਡ ਦੇ ਸਬੰਧਤ ਪਹਿਲੂਆਂ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ।

SIT ਦੇ ਨੋਟਿਸ ‘ਤੇ ਸੁਖਬੀਰ ਬਾਦਲ ਦਾ ਤਿੱਖਾ ਪ੍ਰਤੀਕਰਮ

SIT ਦੇ ਨੋਟਿਸ ਮਿਲਣ ਤੋਂ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਆਪ’ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ‘ਤੇ ਬੇਅਦਬੀ (Sacrilege Case) ਵਰਗੇ ਸੰਵੇਦਨਸ਼ੀਲ ਮੁੱਦੇ ਉੱਤੇ ਸਿਆਸਤ ਕਰਨ ਦੇ ਦੋਸ਼ ਲਗਾਏ।

ਸੁਖਬੀਰ ਬਾਦਲ ਨੇ ਕਿਹਾ: “ਪਿਛਲੇ 10 ਸਾਲਾਂ ਤੋਂ ਬੇਅਦਬੀਆਂ ‘ਤੇ ਲਗਾਤਾਰ ਸਿਆਸਤ ਹੋ ਰਹੀ ਹੈ। ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਝਾੜੂ ਸਰਕਾਰ (ਆਮ ਆਦਮੀ ਪਾਰਟੀ) ਨੇ ਇੱਕ ਵਾਰ ਫਿਰ ਡਰਾਮਾ ਸ਼ੁਰੂ ਕਰ ਦਿੱਤਾ ਹੈ। ਮੈਂ ਪਹਿਲਾਂ ਵੀ ਹਰ ਜਾਂਚ ਵਿੱਚ ਸ਼ਾਮਲ ਹੋਇਆ ਹਾਂ ਅਤੇ ਹੁਣ ਵੀ ਜਿੱਥੇ ਬੁਲਾਉਣਗੇ, ਉੱਥੇ ਜ਼ਰੂਰ ਜਾਵਾਂਗਾ।”

ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਕੋਲ ਕੋਈ ਠੋਸ ਮੁੱਦਾ ਨਹੀਂ ਹੈ, ਇਸ ਲਈ ਹਰ ਚੋਣਾਂ ਤੋਂ ਪਹਿਲਾਂ ਇਸ ਮਾਮਲੇ ਨੂੰ ਮੁੜ ਹਵਾ ਦਿੱਤੀ ਜਾਂਦੀ ਹੈ ਤਾਂ ਜੋ ਸਿਆਸੀ ਲਾਹਾ ਲਿਆ ਜਾ ਸਕੇ।

ਬੇਅਦਬੀ ਮਾਮਲਾ (Sacrilege Case) ਦੇ ਦੋਸ਼ੀਆਂ ਨੂੰ ਮਿਲੇਗੀ ਸਜ਼ਾ 

ਸੁਖਬੀਰ ਬਾਦਲ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਨਸਾਫ਼ ਦਾ ਪੱਖੀ ਰਿਹਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਸਾਲ 2027 ਵਿੱਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਬੇਅਦਬੀ ਮਾਮਲਿਆਂ ਦੇ ਅਸਲ ਗੁਨਾਹਗਾਰਾਂ ਨੂੰ ਫੜ ਕੇ ਅਜਿਹੀਆਂ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ ਜੋ ਇਤਿਹਾਸ ਵਿੱਚ ਯਾਦ ਰੱਖੀਆਂ ਜਾਣਗੀਆਂ।

ਭਾਜਪਾ ਆਗੂ ਵਿਜੇ ਸਾਂਪਲਾ ਦੇ ਬਿਆਨ ਤੋਂ ਬਾਅਦ ਜਾਰੀ ਹੋਇਆ ਨੋਟਿਸ

ਰਿਪੋਰਟਾਂ ਮੁਤਾਬਕ, ਇਹ ਨੋਟਿਸ ਅਚਾਨਕ ਜਾਰੀ ਨਹੀਂ ਹੋਇਆ। ਇਸ ਪਿੱਛੇ ਹਾਲ ਹੀ ਵਿੱਚ ਹੋਈਆਂ ਕੁਝ ਅਹਿਮ ਕੜੀਆਂ ਜੁੜੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਦੀ ਮੀਡੀਆ ਟੀਮ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੋਂ ਹਾਲ ਹੀ ਵਿੱਚ SIT ਵੱਲੋਂ ਪੁੱਛਗਿੱਛ ਕੀਤੀ ਗਈ ਸੀ।

ਇਸ ਪੁੱਛਗਿੱਛ ਦੌਰਾਨ ਵਿਜੇ ਸਾਂਪਲਾ ਨੇ ਬੇਅਦਬੀ ਮਾਮਲੇ ਸਬੰਧੀ ਤਤਕਾਲੀ ਰਾਜਪਾਲ ਨੂੰ ਦਿੱਤੇ ਗਏ ਇੱਕ ਮੰਗ-ਪੱਤਰ (ਮੈਮੋਰੰਡਮ) ‘ਤੇ ਆਪਣੇ ਦਸਤਖ਼ਤ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਅਹਿਮ ਖ਼ੁਲਾਸੇ ਅਤੇ ਨਵੇਂ ਤੱਥਾਂ ਸਾਹਮਣੇ ਆਉਣ ਤੋਂ ਬਾਅਦ, SIT ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਤਤਕਾਲੀ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਸੋਮਵਾਰ ਨੂੰ ਤਲਬ ਕਰਨ ਦਾ ਫ਼ੈਸਲਾ ਲਿਆ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ CM ਮਾਨ ਨੂੰ ਘੇਰਿਆ

ਇਸ ਮਾਮਲੇ ਵਿੱਚ ਹੁਣ ਕਾਂਗਰਸ ਵੀ ਸਰਗਰਮ ਹੋ ਗਈ ਹੈ। ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਬਾਦਲ ਨੂੰ ਭੇਜੇ ਗਏ ਇਸ ਨੋਟਿਸ ਦੀ ਟਾਈਮਿੰਗ ‘ਤੇ ਸਵਾਲ ਚੁੱਕੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਨਿਸ਼ਾਨੇ ‘ਤੇ ਲਿਆ ਹੈ।

ਰੰਧਾਵਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ “ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪਿਛਲੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸੁਖਬੀਰ ਬਾਦਲ ਨੂੰ ਇੱਕ ਵਾਰ ਵੀ ਕਿਉਂ ਨਹੀਂ ਬੁਲਾਇਆ ਗਿਆ? ਪੂਰੀ ਦੁਨੀਆ ਅਤੇ ਪੰਜਾਬ ਦੇ ਲੋਕ ਕਹਿ ਰਹੇ ਸਨ ਕਿ ਇਸ ਪਰਿਵਾਰ ਦਾ ਹੱਥ ਬੇਅਦਬੀਆਂ (Sacrilege Case) ਵਿੱਚ ਹੈ, ਪਰ ਮਾਨ ਸਾਹਿਬ ਨੂੰ ਇਹ ਗੱਲ ਉਦੋਂ ਯਾਦ ਆ ਰਹੀ ਹੈ ਜਦੋਂ ਉਨ੍ਹਾਂ ਦੀ ਸਰਕਾਰ ਦਾ ਸਮਾਂ ਖ਼ਤਮ ਹੋਣ ਵਾਲਾ ਹੈ।”

ਰੰਧਾਵਾ ਨੇ ਪੁੱਛਿਆ ਕਿ ਇਸ ਮਾਮਲੇ ਨਾਲ ਸਬੰਧਤ ਲਾਲ ਕ੍ਰਿਸ਼ਨ ਯਾਦਵ ਕਮੇਟੀ ਦੀ ਰਿਪੋਰਟ ਕਿੱਥੇ ਗਾਇਬ ਹੋ ਗਈ ਅਤੇ ਸਰਕਾਰ ਨੇ ਉਸ ‘ਤੇ ਕੀ ਕਾਰਵਾਈ ਕੀਤੀ? ਰੰਧਾਵਾ ਨੇ ਦੋਸ਼ ਲਾਇਆ ਕਿ ਫਰੀਦਕੋਟ ਵਿੱਚ ਚੱਲ ਰਿਹਾ ਬੇਅਦਬੀ ਦਾ ਕੇਸ ਜਦੋਂ ਚੰਡੀਗੜ੍ਹ ਤਬਦੀਲ ਕੀਤਾ ਗਿਆ, ਤਾਂ ਭਗਵੰਤ ਮਾਨ ਸਰਕਾਰ ਨੇ ਇਸ ਦਾ ਕੋਈ ਵਿਰੋਧ ਕਿਉਂ ਨਹੀਂ ਕੀਤਾ? ਉਨ੍ਹਾਂ ਸਪੱਸ਼ਟ ਕੀਤਾ ਕਿ ਬੇਅਦਬੀ ਕੋਈ ਸਿਆਸੀ ਸਟੰਟ ਨਹੀਂ ਬਲਕਿ ਕਰੋੜਾਂ ਸਿੱਖਾਂ ਅਤੇ ਪੰਜਾਬੀਆਂ ਦੀ ਆਸਥਾ ਨਾਲ ਜੁੜਿਆ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ, ਜਿਸ ਉੱਤੇ ਸਿਆਸੀ ਗੇਮਾਂ ਖੇਡਣਾ ਬੰਦ ਹੋਣਾ ਚਾਹੀਦਾ ਹੈ।

ਸੋਮਵਾਰ ਦੀ ਪੁੱਛਗਿੱਛ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਸੋਮਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ SIT ਸਾਹਮਣੇ ਹੋਣ ਵਾਲੀ ਪੇਸ਼ੀ ਨੂੰ ਬੇਅਦਬੀ (Sacrilege Case) ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਦਾ ਸਭ ਤੋਂ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਐਸਆਈਟੀ ਕੋਲ ਕਈ ਅਜਿਹੇ ਸਵਾਲ ਤਿਆਰ ਹਨ, ਜੋ ਉਸ ਵੇਲੇ ਦੇ ਪ੍ਰਸ਼ਾਸਨਿਕ ਫੈਸਲਿਆਂ, ਗੋਲੀ ਚਲਾਉਣ ਦੇ ਹੁਕਮਾਂ ਅਤੇ ਵਿਜੇ ਸਾਂਪਲਾ ਵੱਲੋਂ ਕੀਤੇ ਖ਼ੁਲਾਸਿਆਂ ਨਾਲ ਮੇਲ ਖਾਂਦੇ ਹਨ।

ਪੰਜਾਬ ਦੇ ਲੋਕਾਂ ਨੂੰ ਉਮੀਦ ਹੈ ਕਿ ਇਸ ਵਾਰ ਜਾਂਚ ਕਿਸੇ ਤਾਰਕਿਕ ਨਤੀਜੇ ‘ਤੇ ਪਹੁੰਚੇਗੀ, ਪਰ ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਚੋਣ ਸਟੰਟ ਦੇ ਇਲਜ਼ਾਮਾਂ ਨੇ ਇਸ ਮਾਮਲੇ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੋਮਵਾਰ ਨੂੰ ਸੁਖਬੀਰ ਬਾਦਲ ਦੀ ਪੇਸ਼ੀ ਦੌਰਾਨ ਕੀ ਨਵੇਂ ਖ਼ੁਲਾਸੇ ਸਾਹਮਣੇ ਆਉਂਦੇ ਹਨ ਅਤੇ ਪੰਜਾਬ ਦੀ ਸਿਆਸਤ ਕਿਸ ਪਾਸੇ ਕਰਵਟ ਲੈਂਦੀ ਹੈ।

ਪੜ੍ਹੋ ਹੋਰ ਖ਼ਬਰਾਂ: PGP Program Suspended: ਕੈਨੇਡਾ ‘ਚ ਮਾਪਿਆਂ ਨੂੰ ਬੁਲਾਉਣ ‘ਤੇ ਲੱਗੀ ਰੋਕ!

ਅਮਰੀਕਾ ਨੇ ਭਾਰਤ ਵਿਰੁੱਧ ਖੋਲ੍ਹਿਆ ਮੋਰਚਾ, 100% ਟੈਰਿਫ ਲਗਾਉਣ ਦੀ ਤਿਆਰੀ! 

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories