ਪੰਜਾਬ

NHAI ਵੱਲੋਂ ਟੋਲ ਪਲਾਜ਼ਿਆਂ ‘ਤੇ ਨਵੇਂ ਰੇਟ ਲਾਗੂ, ਪੰਜਾਬ-ਹਰਿਆਣਾ ‘ਚ ਸਫ਼ਰ ਹੋਇਆ ਮਹਿੰਗਾ!

📷 NHAI ਵੱਲੋਂ ਟੋਲ ਪਲਾਜ਼ਿਆਂ 'ਤੇ ਨਵੇਂ ਰੇਟ ਲਾਗੂ

ਜੇਕਰ ਤੁਸੀਂ ਪੰਜਾਬ ਜਾਂ ਹਰਿਆਣਾ ਦੀਆਂ ਸੜਕਾਂ ‘ਤੇ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੀ ਜੇਬ ‘ਤੇ ਬੋਝ ਹੋਰ ਵਧਣ ਵਾਲਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਪੰਜਾਬ ਅਤੇ ਹਰਿਆਣਾ ਦੇ ਅੱਠ ਮੁੱਖ ਟੋਲ ਪਲਾਜ਼ਿਆਂ ‘ਤੇ ਟੋਲ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਹ ਨਵੇਂ ਰੇਟ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਇਸ ਫੈਸਲੇ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ, ਕਾਰ ਮਾਲਕਾਂ ਅਤੇ ਖਾਸ ਕਰਕੇ ਵਪਾਰਕ ਵਾਹਨ ਚਾਲਕਾਂ ਨੂੰ ਹੁਣ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ।

NHAI ਦੇ ਅਧਿਕਾਰੀਆਂ ਮੁਤਾਬਕ, ਇਹ ਕੋਈ ਅਚਾਨਕ ਲਿਆ ਗਿਆ ਨਵਾਂ ਫੈਸਲਾ ਨਹੀਂ ਹੈ, ਬਲਕਿ ਇਹ ਪੁਰਾਣੇ ਟੋਲਿੰਗ ਫਰੇਮਵਰਕ ਵਿੱਚ ਸੁਧਾਰ ਹੈ। ਦਰਅਸਲ, NHAI ਨੇ ਆਪਣੇ ਨਿਯਮਾਂ ਅਨੁਸਾਰ ਹੋਲਸੇਲ ਪ੍ਰਾਈਸ ਇੰਡੈਕਸ (WPI) ਲਿੰਕਿੰਗ ਫੈਕਟਰ (ਜੋ ਕਿ 1.641 ਹੈ) ਨੂੰ ਦੁਬਾਰਾ ਲਾਗੂ ਕੀਤਾ ਹੈ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪਿਛਲੇ ਸਾਲ ਕੁੱਝ ਟੋਲ ਪਲਾਜ਼ਿਆਂ ‘ਤੇ ਯੂਜ਼ਰ ਫੀਸ ਘਟਾਈ ਗਈ ਸੀ, ਜਿਸ ਨੂੰ ਹੁਣ ਸੋਧ ਕੇ ਪੁਰਾਣੇ ਫਰੇਮਵਰਕ ਮੁਤਾਬਕ ਬਹਾਲ ਕਰ ਦਿੱਤਾ ਗਿਆ ਹੈ। ਹਾਲਾਂਕਿ ਉੱਤਰੀ ਖੇਤਰ ਦੇ 50 ਤੋਂ ਵੱਧ ਟੋਲ ਪਲਾਜ਼ਿਆਂ ‘ਤੇ ਦਰਾਂ ਨੂੰ ਸੋਧਿਆ ਗਿਆ ਹੈ, ਪਰ ਮੁੱਖ ਤੌਰ ‘ਤੇ ਇਨ੍ਹਾਂ 8 ਟੋਲ ਪਲਾਜ਼ਿਆਂ ‘ਤੇ ਇਸ ਦਾ ਸਿੱਧਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਆਮ ਵਾਹਨਾਂ ਲਈ ਇਹ ਵਾਧਾ ਲਗਭਗ 5 ਰੁਪਏ ਤੋਂ ਲੈ ਕੇ 10 ਰੁਪਏ ਪ੍ਰਤੀ ਗੇੜਾ ਰੱਖਿਆ ਗਿਆ ਹੈ।

NHAI ਵੱਲੋਂ ਵਧਾਏ ਗਏ ਪ੍ਰਮੁੱਖ ਟੋਲ ਪਲਾਜ਼ਿਆਂ ਦੇ ਨਵੇਂ ਰੇਟ 

ਘੁਲਾਲ ਟੋਲ ਪਲਾਜ਼ਾ (Ghulal Toll Plaza – NH-5): ਚੰਡੀਗੜ੍ਹ-ਖਰੜ-ਲੁਧਿਆਣਾ ਹਾਈਵੇਅ ‘ਤੇ ਸਥਿਤ ਇਸ ਟੋਲ ਪਲਾਜ਼ਾ ਨੂੰ ਲੁਧਿਆਣਾ ਅਤੇ ਚੰਡੀਗੜ੍ਹ ਦਰਮਿਆਨ ਸਫ਼ਰ ਕਰਨ ਵਾਲੇ ਹਜ਼ਾਰਾਂ ਲੋਕ ਵਰਤਦੇ ਹਨ। ਕਾਰ/ਹਲਕੇ ਵਾਹਨ (LMV): ਇੱਕ ਪਾਸੇ ਦਾ ਸਫ਼ਰ – 115 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 170 ਰੁਪਏ। ਬੱਸਾਂ ਅਤੇ ਟਰੱਕ:ਇੱਕ ਪਾਸੇ ਦਾ ਸਫ਼ਰ – 390 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 580 ਰੁਪਏ

ਕਾਲਾਝਾੜ ਟੋਲ ਪਲਾਜ਼ਾ (Kalajhar Toll Plaza – NH-64): ਪਟਿਆਲਾ ਬਾਈਪਾਸ ਸੈਕਸ਼ਨ ‘ਤੇ ਸਥਿਤ ਇਸ ਟੋਲ ਪਲਾਜ਼ਾ ਦੀਆਂ ਦਰਾਂ ਖੇਤਰ ਵਿੱਚ ਸਭ ਤੋਂ ਵੱਧ ਵਧਾਈਆਂ ਗਈਆਂ ਹਨ। ਕਾਰ/ਹਲਕੇ ਵਾਹਨ (LMV): ਇੱਕ ਪਾਸੇ ਦਾ ਸਫ਼ਰ – 115 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 175 ਰੁਪਏ। ਬੱਸਾਂ ਅਤੇ ਟਰੱਕ: ਇੱਕ ਪਾਸੇ ਦਾ ਸਫ਼ਰ – 390 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 585 ਰੁਪਏ।

ਖੂਈਆਂ ਸਰਵਰ ਟੋਲ ਪਲਾਜ਼ਾ (Khuian Sarvar Toll Plaza – NH-7): ਮਲੋਟ-ਅਬੋਹਰ ਬਾਈਪਾਸ-ਸਾਧੂਵਾਲੀ ਹਾਈਵੇਅ ਰੂਟ ‘ਤੇ ਆਉਣ-ਜਾਣ ਵਾਲਿਆਂ ਲਈ ਨਵੇਂ ਰੇਟ ਕਾਰ/ਹਲਕੇ ਵਾਹਨ (LMV): ਇੱਕ ਪਾਸੇ ਦਾ ਸਫ਼ਰ – 105 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 155 ਰੁਪਏ। ਬੱਸਾਂ ਅਤੇ ਟਰੱਕ: ਇੱਕ ਪਾਸੇ ਦਾ ਸਫ਼ਰ – 350 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 520 ਰੁਪਏ।

ਕੋਟ ਕਰੋੜ ਟੋਲ ਪਲਾਜ਼ਾ (Kot Karor Toll Plaza – NH-15): ਅੰਮ੍ਰਿਤਸਰ-ਤਰਨ ਤਾਰਨ-ਹਰੀਕੇ-ਫ਼ਰੀਦਕੋਟ-ਬਠਿੰਡਾ ਹਾਈਵੇਅ ‘ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਹੁਣ ਇਹ ਦਰਾਂ ਦੇਣੀਆਂ ਪੈਣਗੀਆਂ ਕਾਰ/ਹਲਕੇ ਵਾਹਨ (LMV): ਇੱਕ ਪਾਸੇ ਦਾ ਸਫ਼ਰ – 50 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 70 ਰੁਪਏ। ਬੱਸਾਂ ਅਤੇ ਟਰੱਕ: ਇੱਕ ਪਾਸੇ ਦਾ ਸਫ਼ਰ – 165 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 250 ਰੁਪਏ।

ਸ਼ੇਖਪੁਰਾ ਟੋਲ ਪਲਾਜ਼ਾ (Shekhpura Toll Plaza – NH-254): ਮੌੜ-ਰੋਮਾਣਾ ਮੰਡੀ ਸੈਕਸ਼ਨ ‘ਤੇ ਵਾਹਨ ਚਾਲਕਾਂ ਲਈ ਨਵੇਂ ਰੇਟ ਇਸ ਤਰ੍ਹਾਂ ਹਨ। ਕਾਰ/ਹਲਕੇ ਵਾਹਨ (LMV):ਇੱਕ ਪਾਸੇ ਦਾ ਸਫ਼ਰ – 55 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 85 ਰੁਪਏ। ਬੱਸਾਂ ਅਤੇ ਟਰੱਕ: ਇੱਕ ਪਾਸੇ ਦਾ ਸਫ਼ਰ – 185 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 280 ਰੁਪਏ।

ਕਾਲਾ ਟਿੱਬਾ ਟੋਲ ਪਲਾਜ਼ਾ (Kala Tibba Toll Plaza): ਅਬੋਹਰ-ਸੀਤੋ-ਗੰਨੋ-ਡੱਬਵਾਲੀ ਰੂਟ ‘ਤੇ ਪੈਂਦੇ ਇਸ ਟੋਲ ਪਲਾਜ਼ਾ ਦੀਆਂ ਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਕਾਰ/ਹਲਕੇ ਵਾਹਨ (LMV):ਇੱਕ ਪਾਸੇ ਦਾ ਸਫ਼ਰ – 50 ਰੁਪਏ  ਅਤੇ ਦੋਵਾਂ ਪਾਸਿਆਂ ਦਾ ਸਫ਼ਰ – 80 ਰੁਪਏ। ਬੱਸਾਂ ਅਤੇ ਟਰੱਕ: ਇੱਕ ਪਾਸੇ ਦਾ ਸਫ਼ਰ – 175 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 265 ਰੁਪਏ।

ਲਹਿਰਾਬੇਗਾ ਟੋਲ ਪਲਾਜ਼ਾ (Lehrabega Toll Plaza – NH-7): ਤਪਾ-ਬਠਿੰਡਾ ਹਾਈਵੇਅ ‘ਤੇ ਸਥਿਤ ਲਹਿਰਾਬੇਗਾ ਟੋਲ ਪਲਾਜ਼ਾ ‘ਤੇ ਵੀ ਸਫ਼ਰ ਹੁਣ ਮਹਿੰਗਾ ਹੋ ਗਿਆ ਹੈ। ਕਾਰ/ਹਲਕੇ ਵਾਹਨ (LMV): ਇੱਕ ਪਾਸੇ ਦਾ ਸਫ਼ਰ – 80 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 120 ਰੁਪਏ। ਬੱਸਾਂ ਅਤੇ ਟਰੱਕ: ਇੱਕ ਪਾਸੇ ਦਾ ਸਫ਼ਰ – 270 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 400 ਰੁਪਏ।

ਪੈਂਡ ਟੋਲ ਪਲਾਜ਼ਾ (Paind Toll Plaza – NH-52): ਸੰਗਰੂਰ-ਦੋਗਲ ਕਲਾਂ ਹਾਈਵੇਅ ‘ਤੇ ਸਥਿਤ ਪੈਂਡ ਟੋਲ ਪਲਾਜ਼ਾ ਦੀਆਂ ਦਰਾਂ ਵੀ ਸੋਧੀਆਂ ਗਈਆਂ ਹਨ। ਕਾਰ/ਹਲਕੇ ਵਾਹਨ (LMV): ਇੱਕ ਪਾਸੇ ਦਾ ਸਫ਼ਰ – 95 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 145 ਰੁਪਏ। ਬੱਸਾਂ ਅਤੇ ਟਰੱਕ: ਇੱਕ ਪਾਸੇ ਦਾ ਸਫ਼ਰ – 325 ਰੁਪਏ ਅਤੇ ਦੋਵਾਂ ਪਾਸਿਆਂ ਦਾ ਸਫ਼ਰ – 485 ਰੁਪਏ।

ਭਾਵੇਂ NHAI ਵੱਲੋਂ ਕਾਰਾਂ ਲਈ ਟੋਲ ਰੇਟਾਂ ਵਿੱਚ 5 ਤੋਂ 10 ਰੁਪਏ ਦਾ ਮਾਮੂਲੀ ਵਾਧਾ ਦੱਸਿਆ ਜਾ ਰਿਹਾ ਹੈ, ਪਰ ਰੋਜ਼ਾਨਾ ਅੱਪ-ਡਾਊਨ ਕਰਨ ਵਾਲੇ ਮੁਲਾਜ਼ਮਾਂ, ਕਾਰੋਬਾਰੀਆਂ ਅਤੇ ਟੈਕਸੀ ਚਾਲਕਾਂ ਲਈ ਇਹ ਵਾਧਾ ਮਹੀਨੇ ਦੇ ਅਖੀਰ ਵਿੱਚ ਵੱਡਾ ਬਜਟ ਵਿਗਾੜ ਸਕਦਾ ਹੈ।

ਇਸ ਦੇ ਨਾਲ ਹੀ, ਵਪਾਰਕ ਵਾਹਨਾਂ ਜਿਵੇਂ ਕਿ ਟਰੱਕਾਂ ਅਤੇ ਬੱਸਾਂ ਦੇ ਟੋਲ ਰੇਟ ਕਾਫ਼ੀ ਜ਼ਿਆਦਾ ਵਧਾਏ ਗਏ ਹਨ। ਟਰਾਂਸਪੋਰਟ ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਟੋਲ ਟੈਕਸ ਵਧਣ ਨਾਲ ਮਾਲ-ਭਾੜਾ (freight charges) ਵੀ ਮਹਿੰਗਾ ਹੋਵੇਗਾ, ਜਿਸ ਦਾ ਸਿੱਧਾ ਅਸਰ ਆਮ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ‘ਤੇ ਪਵੇਗਾ ਅਤੇ ਮਹਿੰਗਾਈ ਹੋਰ ਵਧ ਸਕਦੀ ਹੈ।

ਨੈਸ਼ਨਲ ਹਾਈਵੇਅ ਅਥਾਰਟੀ (NHAI) ਦਾ ਇਹ ਫੈਸਲਾ ਪੰਜਾਬ ਅਤੇ ਹਰਿਆਣਾ ਦੇ ਹਾਈਵੇਅ ਨੈੱਟਵਰਕ ਨੂੰ ਸੁਧਾਰਨ ਅਤੇ ਰੱਖ-ਰਖਾਅ ਲਈ ਜ਼ਰੂਰੀ ਦੱਸਿਆ ਜਾ ਰਿਹਾ ਹੈ, ਪਰ ਮੌਜੂਦਾ ਸਮੇਂ ਵਿੱਚ ਇਸ Toll Tax Hike in Punjab and Haryana ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਜ਼ਰੂਰ ਵਧਾ ਦਿੱਤੀਆਂ ਹਨ। ਜੇਕਰ ਤੁਸੀਂ ਇਸ ਰੂਟ ਰਾਹੀਂ ਯਾਤਰਾ ਕਰਨ ਜਾ ਰਹੇ ਹੋ, ਤਾਂ ਆਪਣੇ ਫਾਸਟੈਗ (FASTag) ਵਾਲੇਟ ਨੂੰ ਸਮੇਂ ਸਿਰ ਰੀਚਾਰਜ ਕਰਵਾਉਣਾ ਨਾ ਭੁੱਲੋ ਤਾਂ ਜੋ ਟੋਲ ਪਲਾਜ਼ਿਆਂ ‘ਤੇ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories