ਮਨੋਰੰਜਨ

ਸਤਲੁਜ ਫਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ‘ਤੇ ਭੜਕੇ ਰਵਨੀਤ ਬਿੱਟੂ

📷 ਦਿਲਜੀਤ ਦੋਸਾਂਝ 'ਤੇ ਭੜਕੇ ਰਵਨੀਤ ਬਿੱਟੂ

ਪੰਜਾਬੀ ਸਿਨੇਮਾ ਅਤੇ ਸਿਆਸਤ ਦੇ ਗਲਿਆਰਿਆਂ ਵਿੱਚ ਇਸ ਵੇਲੇ ਇੱਕ ਨਵਾਂ ਵੱਡਾ ਵਿਵਾਦ ਛਿੜ ਗਿਆ ਹੈ। ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ‘ਸਤਲੁਜ’ (Satluj) ਨੂੰ ਲੈ ਕੇ ਬਾਲੀਵੁੱਡ, ਪਾਲੀਵੁੱਡ ਅਤੇ ਰਾਜਨੀਤਕ ਖੇਤਰ ਦੋਵਾਂ ਵਿੱਚ ਸ਼ਬਦੀ ਜੰਗ ਤੇਜ਼ ਹੋ ਗਈ ਹੈ।

 ਹੁਣ ਇਸ ਵਿਵਾਦ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਐਂਟਰੀ ਹੋਈ ਹੈ। ਲੁਧਿਆਣਾ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਫਿਲਮ ‘ਸਤਲੁਜ’ ਅਤੇ ਦਿਲਜੀਤ ਦੋਸਾਂਝ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਅਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ।

ਮੋਟੀ ਕਮਾਈ ਕਰਕੇ ਖੁਦ ਹੀ ਫਿਲਮ ਹਟਾ ਲਈ

OTT ਪਲੇਟਫਾਰਮ Zee5 ਤੋਂ ਫਿਲਮ ‘ਸਤਲੁਜ’ ਨੂੰ ਅਚਾਨਕ ਹਟਾਉਣ ਦੇ ਮਾਮਲੇ ‘ਤੇ ਬੋਲਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਵਿੱਚੋਂ ਸਾਜ਼ਿਸ਼ ਦੀ ਮੁਸ਼ਕ ਆ ਰਹੀ ਹੈ। ਰਵਨੀਤ ਬਿੱਟੂ ਨੇ ਸਵਾਲ ਚੁੱਕਦਿਆਂ ਕਿਹਾ, “ਮੈਂ ਕੌਣ ਹੁੰਦਾ ਹਾਂ ਕਿ ਫਿਲਮ ਦਿਖਾਈ ਜਾਵੇ ਜਾਂ ਨਾਂ, ਜੇ ਦਿਲਜੀਤ ਦੋਸਾਂਝ ਨੇ ਖੁਦ ਹੀ ਪਹਿਲਾਂ ਕਿਹਾ ਸੀ ਕਿ ਫਿਲਮ ਸਿਰਫ਼ 2-3 ਦਿਨ ਹੀ ਦਿਖਾਈ ਜਾਵੇਗੀ ਅਤੇ ਫਿਰ ਹਟਾ ਦਿੱਤੀ ਜਾਵੇਗੀ, ਤਾਂ ਇਸ ਵਿੱਚ ਜ਼ਰੂਰ ਕੁਝ ਗੜਬੜ ਹੈ।”

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰਾਂ ਨੇ ਇਹ ਫਿਲਮ ਹਟਾਉਣੀ ਹੁੰਦੀ ਤਾਂ ਸਰਕਾਰ ਇਸ ਨੂੰ ਇੱਕ ਮਿੰਟ ਵੀ ਚੱਲਣ ਨਾ ਦਿੰਦੀ। ਭਾਜਪਾ ਸਰਕਾਰ ਦਾ ਪੱਖ ਪੂਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ 2 ਦਿਨਾਂ ਵਿੱਚ ਪੂਰੇ ਪੈਸੇ ਕਮਾ ਲਏ ਅਤੇ ਜਦੋਂ ਮੋਟੀ ਕਮਾਈ ਆ ਗਈ ਤਾਂ ਖੁਦ ਹੀ ਫਿਲਮ ਨੂੰ ਪਲੇਟਫਾਰਮ ਤੋਂ ਹਟਾ ਲਿਆ ਅਤੇ ਹੁਣ ਪਿੱਛੇ ਹਟ ਗਏ ਹਨ। ਰਵਨੀਤ ਬਿੱਟੂ ਅਨੁਸਾਰ, ਦਿਲਜੀਤ ਦੋਸਾਂਝ ਲਗਾਤਾਰ ਇਸ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲਾਈਵ ਹੁੰਦਾ ਰਿਹਾ ਤਾਂ ਜੋ ਹਾਈਪ ਬਣਾਈ ਜਾ ਸਕੇ।

OTT ਪਲੇਟਫਾਰਮ ‘ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ: ਰਵਨੀਤ ਬਿੱਟੂ

ਕੇਂਦਰੀ ਮੰਤਰੀ ਨੇ ਸਾਫ਼ ਕੀਤਾ ਕਿ OTT (Over The Top) ਪਲੇਟਫਾਰਮਾਂ ‘ਤੇ ਸਰਕਾਰ ਦਾ ਕੋਈ ਸਿੱਧਾ ਕੰਟਰੋਲ ਨਹੀਂ ਹੁੰਦਾ। ਉਨ੍ਹਾਂ ਕਿਹਾ, “OTT ਸਭ ਤੋਂ ਟੌਪ ਹੈ, ਇਸ ਉੱਤੇ ਸਰਕਾਰ ਦੀ ਕੋਈ ਰੋਕ ਨਹੀਂ ਹੈ। ਇਹ ਜਦੋਂ ਚਾਹੁਣ ਦੁਬਾਰਾ ਫਿਲਮ ਪਲੇਟਫਾਰਮ ‘ਤੇ ਪਾ ਸਕਦੇ ਹਨ।” ਰਵਨੀਤ ਬਿੱਟੂ ਨੇ ਭਾਰਤੀ ਜਨਤਾ ਪਾਰਟੀ (BJP) ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਮੁੱਦੇ ‘ਤੇ ਬੈਕਫੁੱਟ ‘ਤੇ ਜਾਣ ਦੀ ਬਿਲਕੁਲ ਲੋੜ ਨਹੀਂ ਹੈ, ਕਿਉਂਕਿ ਇਸ ਫਿਲਮ ਨੂੰ ਹਟਾਉਣ ਵਿੱਚ ਸਰਕਾਰ ਜਾਂ ਭਾਜਪਾ ਦਾ ਕੋਈ ਹੱਥ ਨਹੀਂ ਹੈ। ਜਦੋਂ ਇਹ ਸਭ ਹੋਇਆ, ਉਸ ਸਮੇਂ ਭਾਜਪਾ ਦੀ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

ਦਿਲਜੀਤ ਦੋਸਾਂਝ ‘ਤੇ ਲਗਾਏ ਗੰਭੀਰ ਇਲਜ਼ਾਮ 

ਰਵਨੀਤ ਬਿੱਟੂ ਨੇ ਦਿਲਜੀਤ ਦੋਸਾਂਝ ਦੀ ਨੀਅਤ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਪੰਜਾਬ ਜਾਂ ਪੰਜਾਬੀਅਤ ਲਈ ਨਹੀਂ, ਬਲਕਿ ਸਿਰਫ਼ ਪੈਸੇ ਲਈ ਕੰਮ ਕਰਦਾ ਹੈ। ਉਨ੍ਹਾਂ ਅਮਰ ਸਿੰਘ ਚਮਕੀਲਾ ‘ਤੇ ਬਣੀ ਪਿਛਲੀ ਫਿਲਮ ਦਾ ਜ਼ਿਕਰ ਕਰਦਿਆਂ ਕਿਹਾ:

“ਚਮਕੀਲਾ ਦੁਨੀਆਂ ਦੇ ਸਭ ਤੋਂ ਗੰਦੇ ਗਾਣੇ ਗਾਉਂਦਾ ਸੀ, ਜਿਸ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ ਅਤੇ ਉਸ ਦੀ ਲਾਸ਼ ਵੀ ਨਹੀਂ ਮਿਲੀ ਸੀ। ਉਸ ਦੀ ਫਿਲਮ ਵੀ ਦਿਲਜੀਤ ਨੇ ਬਣਾਈ ਅਤੇ ਸਭ ਤੋਂ ਗੰਦੀ ਫਿਲਮ ਦਾ ਇਹ ਖੁਦ ਕਿਰਦਾਰ ਬਣਿਆ। ਦਿਲਜੀਤ ਸਿਰਫ਼ ਪੈਸੇ ਲਈ ਭੱਜਿਆ ਫਿਰਦਾ ਹੈ। ਜੇਕਰ ਇਸ ਨੂੰ ਪੰਜਾਬ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਜਾਂ ਫਿਕਰ ਹੁੰਦੀ, ਤਾਂ ਇਹ ਕਦੇ ਵੀ ‘ਚਮਕੀਲਾ’ ਫਿਲਮ ਨਾ ਬਣਾਉਂਦਾ। ਇਹ ਅੱਜ ਕੱਲ੍ਹ ਆਪ ਮਹਿਲਾਂ ਵਿੱਚ ਬੈਠ ਕੇ ਐਸ਼ ਕਰ ਰਿਹਾ ਹੈ।”

ਬਿੱਟੂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਦਾ ਜ਼ਿਕਰ ਕਰਦੇ ਹੋਏ ਵੀ ਦਿਲਜੀਤ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਜੇਕਰ ਦਿਲਜੀਤ ਨੂੰ ਸੱਚਮੁੱਚ ਖਾਲੜਾ ਪਰਿਵਾਰ ਦਾ ਦਰਦ ਹੁੰਦਾ ਜਾਂ ਉਨ੍ਹਾਂ ਦੀ ਫਿਕਰ ਹੁੰਦੀ, ਤਾਂ ਉਹ ਚੋਣਾਂ ਵੇਲੇ ਜਾਂ ਆਮ ਦਿਨਾਂ ਵਿੱਚ ਉਨ੍ਹਾਂ ਦੇ ਨਾਲ ਆ ਕੇ ਖੜ੍ਹਦਾ ਅਤੇ ਉਨ੍ਹਾਂ ਦੀ ਮਦਦ ਕਰਦਾ। ਪੰਜਾਬ ਅੱਜ ਸ਼ਾਂਤੀ ਚਾਹੁੰਦਾ ਹੈ, ਪਰ ਇਹ ਲੋਕ ਸਿਰਫ਼ ਇੱਕ ਪਾਸੜ ਗੱਲ ਕਰਕੇ ਮਾਹੌਲ ਨੂੰ ਪ੍ਰਭਾਵਿਤ ਕਰਦੇ ਹਨ।

ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ‘ਤੇ ਵੀ ਚੁੱਕੇ ਸਵਾਲ

ਆਪਣੇ ਬਿਆਨ ਵਿੱਚ ਰਵਨੀਤ ਬਿੱਟੂ ਨੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਨਾਂ ਲੈਂਦੇ ਹੋਏ ਦਿਲਜੀਤ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, “ਇਹ ਉੱਥੇ (ਬਾਲੀਵੁੱਡ/ਵਿਦੇਸ਼) ਜਾ ਕੇ ਖਾਲਿਸਤਾਨੀਆਂ ਨੂੰ ਗਾਲ੍ਹਾਂ ਕੱਢਦਾ ਹੈ ਅਤੇ ਇੱਥੇ ਪੈਸੇ ਲਈ ਹੋਰ ਰੰਗ ਦਿਖਾਉਂਦਾ ਹੈ। ਇਹ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਂਦਾ ਹੈ, ਜਿਨ੍ਹਾਂ ਨੇ 1984 ਦੇ ਸਿੱਖ ਦੰਗਿਆਂ ਦੌਰਾਨ ਵੱਡਾ ਕਾਂਡ ਕਰਵਾਇਆ ਸੀ ਅਤੇ ਅੱਗ ਲਗਾ-ਲਗਾ ਕੇ ਲੋਕਾਂ ਨੂੰ ਸਾੜਿਆ ਸੀ। ਦਿਲਜੀਤ ਨੂੰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਹੈ।”

ਕੀ ਹੈ ਫਿਲਮ ‘ਸਤਲੁਜ’ ਦਾ ਪੂਰਾ ਵਿਵਾਦ?

ਦਿਲਜੀਤ ਦੋਸਾਂਝ ਦੀ ਮੁੱਖ ਅਦਾਕਾਰੀ ਵਾਲੀ ਫਿਲਮ ‘ਸਤਲੁਜ’ ਲੰਬੇ ਸਮੇਂ ਤੋਂ ਚਰਚਾ ਵਿੱਚ ਸੀ। ਪਹਿਲਾਂ ਇਸ ਫਿਲਮ ਦਾ ਨਾਂ ‘ਘੱਲੂਘਾਰਾ’ ਅਤੇ ਫਿਰ ‘Punjab ’95’ ਰੱਖਿਆ ਗਿਆ ਸੀ, ਪਰ ਸੈਂਸਰ ਬੋਰਡ ਦੇ ਇਤਰਾਜ਼ਾਂ ਅਤੇ ਕਈ ਕੱਟਾਂ ਤੋਂ ਬਾਅਦ ਇਸ ਦਾ ਨਾਂ ਬਦਲ ਕੇ ‘ਸਤਲੁਜ’ ਰੱਖਿਆ ਗਿਆ।

ਇਹ ਫਿਲਮ 3 ਜੁਲਾਈ ਨੂੰ ਮਸ਼ਹੂਰ OTT ਪਲੇਟਫਾਰਮ ZEE5 ‘ਤੇ ਰਿਲੀਜ਼ ਕੀਤੀ ਗਈ ਸੀ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਸ ਨੂੰ ਪਲੇਟਫਾਰਮ ਤੋਂ ਅਚਾਨਕ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਸ ਨੂੰ ਲੈ ਕੇ ਚਰਚਾ ਛਿੜ ਗਈ। 

ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ ਫਿਲਮ

ਇਹ ਫਿਲਮ ਪੰਜਾਬ ਦੇ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ **ਭਾਈ ਜਸਵੰਤ ਸਿੰਘ ਖਾਲੜਾ** ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ‘ਤੇ ਆਧਾਰਿਤ ਹੈ। ਜਸਵੰਤ ਸਿੰਘ ਖਾਲੜਾ ਨੇ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਪੁਲਿਸ ਦੁਆਰਾ ਕੀਤੀਆਂ ਗਈਆਂ ਗੈਰ-ਨਿਆਇਕ ਹੱਤਿਆਵਾਂ (Unjudicial Killings) ਅਤੇ ਹਜ਼ਾਰਾਂ ਲਾਵਾਰਿਸ ਲਾਸ਼ਾਂ ਦੇ ਗੁਪਤ ਸਸਕਾਰ ਦੇ ਮਾਮਲਿਆਂ ਦਾ ਵੱਡਾ ਪਰਦਾਫਾਸ਼ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੂੰ ਵੀ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸੇ ਸੰਵੇਦਨਸ਼ੀਲ ਵਿਸ਼ੇ ਕਾਰਨ ਫਿਲਮ ਨੂੰ ਲੈ ਕੇ ਲਗਾਤਾਰ ਸਿਆਸੀ ਅਤੇ ਸਮਾਜਿਕ ਵਿਵਾਦ ਬਣਿਆ ਹੋਇਆ ਹੈ।

ਫਿਲਮ ‘ਸਤਲੁਜ’ ਨੂੰ OTT ਤੋਂ ਹਟਾਏ ਜਾਣ ਤੋਂ ਬਾਅਦ ਜਿੱਥੇ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਅਤੇ ਕਈ ਪੰਜਾਬੀ ਜਥੇਬੰਦੀਆਂ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਦੱਸ ਰਹੀਆਂ ਹਨ, ਉੱਥੇ ਹੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਇਸ ਬਿਆਨ ਨੇ ਵਿਵਾਦ ਨੂੰ ਇੱਕ ਨਵਾਂ ਸਿਆਸੀ ਮੋੜ ਦੇ ਦਿੱਤਾ ਹੈ। ਬਿੱਟੂ ਦੇ ਇਨ੍ਹਾਂ ਇਲਜ਼ਾਮਾਂ ‘ਤੇ ਹੁਣ ਦਿਲਜੀਤ ਦੋਸਾਂਝ ਜਾਂ ਫਿਲਮ ਦੇ ਨਿਰਮਾਤਾ ਕੀ ਜਵਾਬ ਦਿੰਦੇ ਹਨ, ਇਸ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories