ਪੰਜਾਬ ਕਾਂਗਰਸ ਦੀ ਨਵੀਂ ਚੋਣ ਕਮੇਟੀ ਦੀ ਸੂਚੀ ਆਉਣ ਤੋਂ ਬਾਅਦ ਪਾਰਟੀ ਅੰਦਰੂਨੀ ਕਲੇਸ਼ ਤੇਜ਼ ਹੋ ਗਿਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਏ ਰੱਖਣ ਦੇ ਫੈਸਲੇ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ, ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਣੇ ਕਈ ਸੀਨੀਅਰ ਆਗੂ ਨਾਖੁਸ਼ ਹਨ।
ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਇੱਕ ਵਾਰ ਫਿਰ ਤੋਂ ਨਾਜ਼ੁਕ ਮੋੜ ‘ਤੇ ਆ ਕੇ ਖੜ੍ਹੇ ਹੋ ਗਏ ਹਨ। ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਹਾਈਕਮਾਂਡ ਵੱਲੋਂ ਬੀਤੇ ਦਿਨੀਂ ਪੰਜਾਬ ਲਈ ਨਵੀਂ ਚੋਣ ਕਮੇਟੀ (Election Committee) ਅਤੇ ਅਹੁਦੇਦਾਰਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ ਸੀ। ਪਰ ਇਸ ਨਵੀਂ ਸੂਚੀ ਦੇ ਸਾਹਮਣੇ ਆਉਂਦਿਆਂ ਹੀ ਪਾਰਟੀ ਦੇ ਕਈ ਦਿੱਗਜ ਅਤੇ ਸੀਨੀਅਰ ਆਗੂਆਂ ਵਿੱਚ ਭਾਰੀ ਨਾਰਾਜ਼ਗੀ ਅਤੇ ਅਸੰਤੋਸ਼ ਦੇਖਣ ਨੂੰ ਮਿਲ ਰਿਹਾ ਹੈ। ਹਾਈਕਮਾਂਡ ਨੇ ਫੈਸਲਾ ਲਿਆ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ, ਜਿਸ ਕਾਰਨ ਕਈ ਅਜਿਹੇ ਆਗੂ ਨਿਰਾਸ਼ ਹਨ ਜੋ ਖੁਦ ਨੂੰ ਇਸ ਅਹੁਦੇ ਦੇ ਵੱਡੇ ਦਾਅਵੇਦਾਰ ਮੰਨ ਰਹੇ ਸਨ।
ਮਨੀਸ਼ ਤਿਵਾਰੀ ਨੇ ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ
ਪੰਜਾਬ ਕਾਂਗਰਸ ਵਿੱਚ ਖੁਦ ਨੂੰ ਸਾਈਡਲਾਈਨ (ਲਾਂਭੇ) ਕੀਤੇ ਜਾਣ ਤੋਂ ਨਾਰਾਜ਼ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾਰੀ ਨੇ ਆਪਣੀ ਭੜਾਸ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵਿੱਟਰ (X) ‘ਤੇ ਲਿਖਿਆ: “ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀ ਅਸੁਰੱਖਿਆ (ਹੀਣਭਾਵਨਾ) ਦਾ ਕੋਈ ਪ੍ਰਤੀਰੋਧਕ (ਐਂਟੀਡੋਟ/ਗਿੱਦੜ ਸਿੰਙੀ) ਹੁੰਦਾ।
ਹਾਲਾਂਕਿ, ਇੰਡੀਅਨ ਨੈਸ਼ਨਲ ਕਾਂਗਰਸ ਨੇ ਪਿਛਲੇ 45 ਸਾਲਾਂ ਵਿੱਚ ਮੈਨੂੰ ਬਹੁਤ ਕੁਝ ਦਿੱਤਾ ਹੈ, ਅਤੇ ਮੈਂ ਆਪਣੀ ਜਵਾਨੀ ਦੇ ਦਹਾਕੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੇਵਾ ਲਈ ਸਮਰਪਿਤ ਕੀਤੇ ਹਨ। ਜੋ ਹੋਵੇਗਾ, ਸੋ ਹੋਵੇਗਾ… ‘ਹੈ ਬੜਾ ਕੋਈ ਅਵਗੁਣ ਉਸਮੇ ਜਿਸੇ ਕੋਈ ਹੁਨਰ ਆਵੇ’।”ਮਨੀਸ਼ ਤਿਵਾਰੀ ਦੀ ਇਹ ਪੋਸਟ ਸਾਫ਼ ਇਸ਼ਾਰਾ ਕਰਦੀ ਹੈ ਕਿ ਪਾਰਟੀ ਹਾਈਕਮਾਂਡ ਵਿੱਚ ਕੁਝ ਅਜਿਹੇ ਲੋਕ ਜਾਂ ਤਾਕਤਾਂ ਹਨ ਜੋ ਸੀਨੀਅਰ ਲੀਡਰਸ਼ਿਪ ਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਹਨ ਅਤੇ ਅੰਦਰੂਨੀ ਅਸੁਰੱਖਿਆ ਦੀ ਭਾਵਨਾ ਕਾਰਨ ਵੱਡੇ ਫੈਸਲੇ ਪ੍ਰਭਾਵਿਤ ਹੋ ਰਹੇ ਹਨ।
ਸਿਰਫ਼ ਮਨੀਸ਼ ਤਿਵਾਰੀ ਹੀ ਨਹੀਂ, ਸਗੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਨਵੀਂ ਸੂਚੀ ਤੋਂ ਬੇਹੱਦ ਨਾਖੁਸ਼ ਦਿਖਾਈ ਦੇ ਰਹੇ ਹਨ। ਨਵੇਂ ਅਹੁਦਿਆਂ ਦਾ ਐਲਾਨ ਹੋਣ ਤੋਂ ਬਾਅਦ ਵੀ ਦੋਵਾਂ ਆਗੂਆਂ ਨੇ ਅਜੇ ਤੱਕ ਹਾਈਕਮਾਂਡ ਦਾ ਕੋਈ ਰਸਮੀ ਧੰਨਵਾਦ ਨਹੀਂ ਕੀਤਾ ਹੈ ਅਤੇ ਨਾ ਹੀ ਸੋਸ਼ਲ ਮੀਡੀਆ ‘ਤੇ ਇਸ ਬਾਰੇ ਕੋਈ ਪੋਸਟ ਪਾਈ ਹੈ।
ਚੰਨੀ ਅਤੇ ਸੁਖਜਿੰਦਰ ਰੰਧਾਵਾ ਦੀ ਚੁੱਪੀ
ਰਾਜਨੀਤਿਕ ਹਲਕਿਆਂ ਅਤੇ ਕਾਂਗਰਸ ਦੇ ਅੰਦਰੂਨੀ ਸੂਤਰਾਂ ਮੁਤਾਬਕ, ਚਰਨਜੀਤ ਸਿੰਘ ਚੰਨੀ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਲੈਣਾ ਚਾਹੁੰਦੇ ਸਨ। ਚਰਚਾ ਇਹ ਵੀ ਸੀ ਕਿ ਪਾਰਟੀ ਦੇ ਅੰਦਰ ਉਨ੍ਹਾਂ ਦੇ ਨਾਂ ‘ਤੇ ਲਗਭਗ ਸਹਿਮਤੀ ਬਣ ਚੁੱਕੀ ਸੀ। ਪਰ ਆਖਰੀ ਸਮੇਂ ‘ਤੇ, ਜੱਟ ਸਿੱਖ ਵੋਟ ਬੈਂਕ ਦੀ ਸੰਭਾਵਿਤ ਨਾਰਾਜ਼ਗੀ ਅਤੇ ਸਮੀਕਰਨਾਂ ਦੇ ਡਰੋਂ, ਕਾਂਗਰਸ ਹਾਈਕਮਾਂਡ ਨੇ ਵੱਡਾ ਬਦਲਾਅ ਨਾ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੀ ਪ੍ਰਧਾਨਗੀ ਦੇ ਅਹੁਦੇ ‘ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਹਾਲਾਂਕਿ, ਚੰਨੀ ਨੂੰ ਸ਼ਾਂਤ ਕਰਨ ਲਈ ਹਾਈਕਮਾਂਡ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ (Campaign Committee) ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਪਰ ਉਹ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ।
ਸੁਖਜਿੰਦਰ ਰੰਧਾਵਾ ਦੀ ਨਾਰਾਜ਼ਗੀ ਦੇ ਕਾਰਨ
ਦੂਜੇ ਪਾਸੇ, ਸੁਖਜਿੰਦਰ ਸਿੰਘ ਰੰਧਾਵਾ ਦੀ ਨਾਰਾਜ਼ਗੀ ਦਾ ਕਾਰਨ ਵੀ ਕਾਫ਼ੀ ਗੰਭੀਰ ਹੈ। ਸੂਤਰਾਂ ਅਨੁਸਾਰ, ਰੰਧਾਵਾ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਨੇ ਪੰਜਾਬ ਵਿੱਚ ਕਿਸੇ ਜੱਟ ਸਿੱਖ ਚਿਹਰੇ ਨੂੰ ਹੀ ਪ੍ਰਧਾਨ ਬਣਾਈ ਰੱਖਣਾ ਸੀ, ਤਾਂ ਫਿਰ ਉਨ੍ਹਾਂ ਦੇ ਨਾਂ ‘ਤੇ ਵਿਚਾਰ ਕਿਉਂ ਨਹੀਂ ਕੀਤਾ ਗਿਆ?
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੰਧਾਵਾ ਨਾਲ ਅਜਿਹਾ ਹੋਇਆ ਹੋਵੇ। ਸਾਲ 2021 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਉਸ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਸੀਐਮ ਦੇ ਅਹੁਦੇ ਲਈ ਲਗਭਗ ਫਾਈਨਲ ਹੋ ਚੁੱਕਾ ਸੀ ਅਤੇ ਹਾਈਕਮਾਂਡ ਦੀ ਮਨਜ਼ੂਰੀ ਵੀ ਮਿਲ ਗਈ ਸੀ। ਪਰ ਆਖਰੀ ਮਿੰਟਾਂ ਦੇ ਸਿਆਸੀ ਉਲਟਫੇਰ ਵਿੱਚ ਉਹ ਅਹੁਦਾ ਚਰਨਜੀਤ ਸਿੰਘ ਚੰਨੀ ਨੂੰ ਦੇ ਦਿੱਤਾ ਗਿਆ ਸੀ। ਮੌਜੂਦਾ ਬਦਲਾਅ ਵਿੱਚ, ਹਾਈਕਮਾਂਡ ਨੇ ਰੰਧਾਵਾ ਨੂੰ ਟਿਕਟ ਵੰਡ ਲਈ ਬਣਾਈ ਗਈ ਕੋਰ ਕਮੇਟੀ ਦਾ ਚੇਅਰਮੈਨ ਬਣਾ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਤੀਤ ਦੇ ਤਜ਼ਰਬਿਆਂ ਅਤੇ ਮੌਜੂਦਾ ਸਥਿਤੀ ਕਾਰਨ ਉਨ੍ਹਾਂ ਅੰਦਰ ਵੀ ਰੋਸ ਬਰਕਰਾਰ ਹੈ।
ਵਿਧਾਨ ਸਭਾ ਚੋਣਾਂ ‘ਤੇ ਕੀ ਪਵੇਗਾ ਅਸਰ?
ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਲਈ ਇਹ ਅੰਦਰੂਨੀ ਖਿੱਚੋਤਾਣ ਬੇਹੱਦ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਇੱਕ ਪਾਸੇ ਜਿੱਥੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰਾਂ ਚੋਣ ਮੈਦਾਨ ਵਿੱਚ ਨਿੱਤਰਨ ਲਈ ਤਿਆਰੀਆਂ ਕਰ ਰਹੀਆਂ ਹਨ, ਉੱਥੇ ਹੀ ਕਾਂਗਰਸ ਦੇ ਅੰਦਰੂਨੀ ਆਗੂ ਆਪਸ ਵਿੱਚ ਹੀ ਉਲਝੇ ਹੋਏ ਨਜ਼ਰ ਆ ਰਹੇ ਹਨ। ਜੇਕਰ ਹਾਈਕਮਾਂਡ ਨੇ ਜਲਦੀ ਹੀ ਮਨੀਸ਼ ਤਿਵਾਰੀ, ਚਰਨਜੀਤ ਚੰਨੀ ਅਤੇ ਸੁਖਜਿੰਦਰ ਰੰਧਾਵਾ ਵਰਗੇ ਸੀਨੀਅਰ ਨੇਤਾਵਾਂ ਨੂੰ ਮਨਾ ਕੇ ਇੱਕ ਮੰਚ ‘ਤੇ ਇਕੱਠਾ ਨਾ ਕੀਤਾ, ਤਾਂ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਦੀ ਮੁਹਿੰਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕਾਂਗਰਸ ਨੂੰ ਜੇਕਰ ਪੰਜਾਬ ਦੀ ਸਿਆਸਤ ਵਿੱਚ ਮਜ਼ਬੂਤ ਵਾਪਸੀ ਕਰਨੀ ਹੈ, ਤਾਂ ਉਸ ਨੂੰ ਸਭ ਤੋਂ ਪਹਿਲਾਂ ਇਸ ਗੁੱਟਬਾਜ਼ੀ ਅਤੇ ਅੰਦਰੂਨੀ ਅਸੰਤੋਸ਼ ਨੂੰ ਖ਼ਤਮ ਕਰਨਾ ਹੋਵੇਗਾ।
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

