ਰੰਧਾਵਾ ਨੇ ਕਿਹਾ ਕਿ ਕਈ ਵਾਰ ਪਾਰਟੀਆਂ ਨੂੰ ਫ਼ੈਸਲੇ ਵਾਪਸ ਵੀ ਲੈਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਠੋਕ ਕੇ ਗੱਲ ਕਰਨ ਵਾਲਾ ਲੀਡਰ ਚਾਹੀਦਾ ਹੈ, ਸਾਨੂੰ ਕੰਪ੍ਰੋਮਾਈਜ਼ਡ ਲੀਡਰ ਦੀ ਲੋੜ ਨਹੀਂ ਹੈ।
ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ, ਖਾਸ ਕਰਕੇ ਪੰਜਾਬ ਕਾਂਗਰਸ (Punjab Congress) ਦੇ ਅੰਦਰੂਨੀ ਹਾਲਾਤ ਨੂੰ ਲੈ ਕੇ ਸਿਆਸੀ ਸਰਗਰਮੀਆਂ ਬੇਹੱਦ ਤੇਜ਼ ਹੋ ਗਈਆਂ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ (Bhupesh Baghel) ਪਿਛਲੇ ਪੰਜ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਆਗੂਆਂ ਅਤੇ ਧੜਿਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਸਭ ਤੋਂ ਅਹਿਮ ਅਤੇ ਚਰਚਿਤ ਮੀਟਿੰਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਦੇ ਧੜੇ ਨਾਲ ਹੋਈ। ਇਸ ਹਾਈ-ਪ੍ਰੋਫਾਈਲ ਮੀਟਿੰਗ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ।
ਇਹ ਮੀਟਿੰਗ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿਚ ਚਰਨਜੀਤ ਸਿੰਘ ਚੰਨੀ ਤੇ ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ, ਓ. ਪੀ. ਸੋਨੀ, ਪਰਗਟ ਸਿੰਘ ਸਣੇ ਵੱਡੀ ਗਿਣਤੀ ਵਿਚ ਲੀਡਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਭੁਪੇਸ਼ ਬਘੇਲ ਜੀ ਨੂੰ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਵਾਇਆ ਗਿਆ ਹੈ। ਰੰਧਾਵਾ ਨੇ ਕਿਹਾ ਕਿ ਮੀਟਿੰਗ ਵਿਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਕਈ ਵਾਰ ਪਾਰਟੀਆਂ ਨੂੰ ਫ਼ੈਸਲੇ ਵਾਪਸ ਵੀ ਲੈਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਠੋਕ ਕੇ ਗੱਲ ਕਰਨ ਵਾਲਾ ਲੀਡਰ ਚਾਹੀਦਾ ਹੈ, ਸਾਨੂੰ ਕੰਪ੍ਰੋਮਾਈਜ਼ਡ ਲੀਡਰ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਤਕਰੀਬਨ 92 ਹਲਕਿਆਂ ਤੋਂ ਆਗੂ ਪਹੁੰਚੇ ਸਨ। ਸਾਰੇ ਕਾਂਗਰਸ ਨੂੰ ਮਜਬੂਤ ਕਰਨ ਲਈ ਕੰਮ ਕਰਨਾ ਚਾਹੁੰਦੇ ਹਨ। ਸਾਡੇ ਵਰਕਰ ਪੰਜਾਬ ਵਿਚ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਲਈ ਕੰਮ ਕਰਨਾ ਚਾਹੁੰਦੇ ਹਨ।
ਕੀ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇਗਾ? ਬਘੇਲ ਦਾ ਸਪੱਸ਼ਟੀਕਰਨ
ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਦੇ ਹਲਕਿਆਂ ਵਿੱਚ ਇਹ ਅਫਵਾਹਾਂ ਬੇਹੱਦ ਗਰਮ ਸਨ ਕਿ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਜਾਂ ਫਿਰ ਪਾਰਟੀ ਵਿੱਚ ਕੋਈ ਵੱਡਾ ਫੇਰਬਦਲ ਹੋਣ ਵਾਲਾ ਹੈ। ਜਦੋਂ ਮੀਡੀਆ ਨੇ ਭੂਪੇਸ਼ ਬਘੇਲ ਤੋਂ ਇਸ ਬਾਰੇ ਸਿੱਧਾ ਸਵਾਲ ਪੁੱਛਿਆ, ਤਾਂ ਉਨ੍ਹਾਂ ਸਾਰੀਆਂ ਅਫਵਾਹਾਂ ‘ਤੇ ਵਿਰਾਮ ਲਗਾ ਦਿੱਤਾ।
ਬਘੇਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਮੀਟਿੰਗ ਦੌਰਾਨ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਦਾ ਪ੍ਰਧਾਨ ਬਦਲਣਾ ਕੋਈ “ਗੁੱਡੇ-ਗੁੱਡੀ ਦੀ ਖੇਡ ਨਹੀਂ” ਹੈ। ਹਾਈਕਮਾਨ ਜੋ ਵੀ ਫੈਸਲਾ ਲੈਂਦੀ ਹੈ, ਉਹ ਪੱਥਰ ‘ਤੇ ਲਕੀਰ ਹੁੰਦਾ ਹੈ ਅਤੇ ਸਾਰੇ ਆਗੂ ਉਸ ਫੈਸਲੇ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਅੰਦਰ ਕੋਈ ਵੀ ਆਗੂ ਨਾਰਾਜ਼ ਨਹੀਂ ਹੈ।
ਸਿਰਫ਼ ਜਿੱਤਣ ਯੋਗ ਉਮੀਦਵਾਰ ਨੂੰ ਮਿਲੇਗੀ ਟਿਕਟ
ਆਉਣ ਵਾਲੀਆਂ ਚੋਣਾਂ ਅਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਵਿੱਚ ਚੱਲ ਰਹੀ ਖਿੱਚੋਤਾਣ ‘ਤੇ ਵੀ ਭੂਪੇਸ਼ ਬਘੇਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੇ ਹੇਠਲੇ ਪੱਧਰ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕਿਸੇ ਵੀ ਆਗੂ ਨੂੰ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਪਾਰਟੀ ‘ਤੇ ਕਿਸੇ ਵੱਡੇ ਨੇਤਾ ਦਾ ਦਬਦਬਾ ਹੈ ਜਾਂ ਸਿਰਫ਼ ਸਿਫ਼ਾਰਿਸ਼ ਦੇ ਆਧਾਰ ‘ਤੇ ਫੈਸਲੇ ਹੋਣਗੇ।
ਬਘੇਲ ਨੇ ਸਾਫ਼ ਕੀਤਾ ਕਿ ਜੋ ਵੀ ਆਗੂ ਜ਼ਮੀਨੀ ਪੱਧਰ ‘ਤੇ ਮਜ਼ਬੂਤ ਹੋਵੇਗਾ ਅਤੇ ਜਿੱਤਣ ਦੇ ਲਾਇਕ (Winability) ਹੋਵੇਗਾ, ਪਾਰਟੀ ਹਾਈਕਮਾਨ ਸਿਰਫ਼ ਉਸੇ ਨੂੰ ਹੀ ਟਿਕਟ ਦੇਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਲੋਕਤੰਤਰ ਪੂਰੀ ਤਰ੍ਹਾਂ ਬਹਾਲ ਹੈ ਅਤੇ ਹਰ ਇੱਕ ਦੀ ਸੁਣਵਾਈ ਹੋ ਰਹੀ ਹੈ।
ਹਾਈਕਮਾਨ ਅੱਗੇ ਰੱਖੀ ਜਾਵੇਗੀ ਪੂਰੀ ਰਿਪੋਰਟ
ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਪਿਛਲੇ 5 ਦਿਨਾਂ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਆਗੂਆਂ ਨਾਲ ਬੈਠਕਾਂ ਕਰਕੇ ਜ਼ਮੀਨੀ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਨੀ ਧੜੇ ਦੇ ਆਗੂਆਂ ਨੇ ਜੋ ਵੀ ਜਾਇਜ਼ ਮੁੱਦੇ ਅਤੇ ਚਿੰਤਾਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ ਹਨ, ਉਹ ਉਨ੍ਹਾਂ ਸਾਰੀਆਂ ਗੱਲਾਂ ਨੂੰ ਹੂਬਹੂ ਕਾਂਗਰਸ ਹਾਈਕਮਾਨ (Congress High Command) ਦੇ ਸਾਹਮਣੇ ਪੇਸ਼ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਹਾਈਕਮਾਨ ਪੰਜਾਬ ਦੇ ਮਾਮਲਿਆਂ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।
ਤੇਲ ਦੇਖਾਂਗੇ, ਤੇਲ ਦੀ ਧਾਰ ਦੇਖਾਂਗੇ
ਦਿਲਚਸਪ ਗੱਲ ਇਹ ਹੈ ਕਿ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਬੇਹੱਦ ਤਲਖ਼ ਅਤੇ ਸਿਆਸੀ ਮਾਅਨਿਆਂ ਵਾਲਾ ਬਿਆਨ ਦਿੱਤਾ। ਉਨ੍ਹਾਂ ਮੀਡੀਆ ਸਾਹਮਣੇ ਕਿਹਾ, “ਤੇਲ ਦੇਖਾਂਗੇ, ਤੇਲ ਦੀ ਧਾਰ ਦੇਖਾਂਗੇ।” ਚੰਨੀ ਦੇ ਇਸ ਬਿਆਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਪਾਰਟੀ ਅੰਦਰ ਚੱਲ ਰਹੀ ਮੌਜੂਦਾ ਵਿਵਸਥਾ ਅਤੇ ਫੈਸਲਿਆਂ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦਾ ਅਗਲਾ ਕਦਮ ਕਾਫੀ ਮਹੱਤਵਪੂਰਨ ਹੋ ਸਕਦਾ ਹੈ।
ਪੰਜਾਬ ਕਾਂਗਰਸ ਲਈ ਅਗਲੇ ਦਿਨ ਬੇਹੱਦ ਅਹਿਮ
ਭਾਵੇਂ ਭੂਪੇਸ਼ ਬਘੇਲ ਵੱਲੋਂ ਆਲ ਇਜ਼ ਵੈੱਲ (ਸਭ ਕੁਝ ਠੀਕ ਹੈ) ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਚਰਨਜੀਤ ਸਿੰਘ ਚੰਨੀ ਦੇ ਤਲਖ਼ ਤੇਵਰ ਅਤੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਅਲੱਗ ਮੀਟਿੰਗ ਤੋਂ ਸਾਫ਼ ਹੈ ਕਿ ਪੰਜਾਬ ਕਾਂਗਰਸ ਦੇ ਅੰਦਰਖਾਤੇ ਸਭ ਕੁਝ ਸ਼ਾਂਤ ਨਹੀਂ ਹੈ।
ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਭਾਵੇਂ ਹਾਲੇ ਕੋਈ ਅਧਿਕਾਰਤ ਬਦਲਾਅ ਦੀ ਗੱਲ ਨਹੀਂ ਕਹੀ ਗਈ, ਪਰ ਆਉਣ ਵਾਲੇ ਦਿਨਾਂ ਵਿੱਚ ਹਾਈਕਮਾਨ ਨੂੰ ਸੌਂਪੀ ਜਾਣ ਵਾਲੀ ਰਿਪੋਰਟ ਪੰਜਾਬ ਕਾਂਗਰਸ ਦਾ ਅਗਲਾ ਭਵਿੱਖ ਤੈਅ ਕਰੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਭੂਪੇਸ਼ ਬਘੇਲ ਦੀ ਇਸ ਰਿਪੋਰਟ ਤੋਂ ਬਾਅਦ ਦਿੱਲੀ ਦਰਬਾਰ ਯਾਨੀ ਕਾਂਗਰਸ ਹਾਈਕਮਾਨ ਪੰਜਾਬ ਦੇ ਇਸ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਕੀ ਫੈਸਲਾ ਲੈਂਦੀ ਹੈ।
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

