ਬ੍ਰਿਟਿਸ਼ ਕੋਲੰਬੀਆ ਭਰ ਦੇ ਭਾਈਚਾਰਿਆਂ ਵਿੱਚ ਸੜਕਾਂ ਉੱਤੇ ਅਵਿਵਸਥਾ ਅਤੇ ਰਿਟੇਲ ਸੰਬੰਧੀ ਅਪਰਾਧਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਇੱਕ ਸੂਬਾ-ਪੱਧਰੀ ਪ੍ਰੋਗਰਾਮ ਲਾਗੂ ਕੀਤੇ ਜਾਣ ਨਾਲ ਲੋਅਰ ਮੇਨਲੈਂਡ ਭਰ ਦੇ ਲੋਕ ਅਤੇ ਕਾਰੋਬਾਰ ਹੋਰ ਸੁਰੱਖਿਅਤ ਹੋਣਗੇ।
“ਕਰੌਨਿਕ ਪ੍ਰੌਪਰਟੀ ਓਫੈਂਡਿੰਗ ਇੰਟਰਵੈਂਸ਼ਨ ਇਨੀਸ਼ੀਏਟਿਵ (C-POII) ਇੱਕ ਮਹੱਤਵਪੂਰਨ ਪ੍ਰੋਗਰਾਮ ਹੈ, ਜੋ ਸੜਕ ਅਵਿਵਸਥਾ ਅਤੇ ਰਿਟੇਲ ਸੰਬੰਧੀ ਚੋਰੀਆਂ ਦੇ ਪ੍ਰਭਾਵਾਂ ਨਾਲ ਨਜਿੱਠ ਰਹੇ ਕਾਰੋਬਾਰਾਂ ਅਤੇ ਭਾਈਚਾਰਿਆਂ ਦੀਆਂ ਮੰਗਾਂ ਦਾ ਸਿੱਧਾ ਜਵਾਬ ਦਿੰਦਾ ਹੈ,” ਭਾਈਚਾਰਕ ਸੁਰੱਖਿਆ ਅਤੇ ਏਕੀਕ੍ਰਿਤ ਸੇਵਾਵਾਂ ਲਈ ਮਨਿਸਟਰ ਔਫ ਸਟੇਟ, ਟੈਰੀ ਯੰਗ ਨੇ ਕਿਹਾ। “ਮੈਂ ਕਾਰੋਬਾਰਾਂ ਦੇ ਮਾਲਕਾਂ ਅਤੇ ਵਸਨੀਕਾਂ ਤੋਂ ਸਿੱਧੇ ਤੌਰ ’ਤੇ ਉਨ੍ਹਾਂ ਦੀ ਗੱਲ ਸੁਣਨ ਲਈ ਸੂਬੇ ਭਰ ਦੇ ਭਾਈਚਾਰਿਆਂ ਦਾ ਦੌਰਾ ਕਰ ਰਿਹਾ ਹਾਂ ਅਤੇ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਹੋਰ ਸਖ਼ਤ ਕਾਰਵਾਈ ਚਾਹੁੰਦੇ ਹਨ। ਲੋਅਰ ਮੇਨਲੈਂਡ ਅਤੇ ਸੂਬੇ ਭਰ ਵਿੱਚ C-POII ਦਾ ਵਿਸਥਾਰ ਕਰਨ ਨਾਲ ਦੁਹਰਾਏ ਜਾਣ ਵਾਲੇ ਪ੍ਰੌਪਰਟੀ ਸੰਬੰਧੀ ਅਪਰਾਧਾਂ ਨੂੰ ਘਟਾਉਣ ਅਤੇ ਭਾਈਚਾਰਿਆਂ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।“
ਇਹ ਪ੍ਰੋਗਰਾਮ ‘ਰਿਪੀਟ ਵਾਇਲੈਂਟ ਓਫੈਂਡਿੰਗ ਇੰਟਰਵੈਨਸ਼ਨ ਇਨੀਸ਼ੀਏਟਿਵ’ (ReVOII) ਦੇ ਮਾਡਲ ’ਤੇ ਅਧਾਰਿਤ ਹੈ, ਜਿਸ ਨੇ ਅਪਰਾਧਾਂ ਵਿੱਚ ਕਟੌਤੀ ਕਰਨ, ਉੱਚ-ਖਤਰੇ ਵਾਲੇ ਹਿੰਸਕ ਅਪਰਾਧੀਆਂ ਲਈ ਚਾਰਜ ਮਨਜ਼ੂਰੀਆਂ ਵਧਾਉਣ ਅਤੇ ਉਸ ਪ੍ਰੋਗਰਾਮ ਵਿੱਚ ਸ਼ਾਮਲ ਵਿਅਕਤੀਆਂ ਲਈ ਨਿਆਂ ਪ੍ਰਣਾਲੀ ਦੀ ਪ੍ਰਤੀਕਿਰਿਆ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ ਹੈ। ਇਹ ਨਵੀਂ ਪਹਿਲਕਦਮੀ ਪ੍ਰੌਪਰਟੀ ਸੰਬੰਧੀ ਅਪਰਾਧਾਂ ਲਈ ਵੀ ਇਹੀ ਪਹੁੰਚ ਅਪਣਾਉਂਦੀ ਹੈ, ਜਿਸ ਵਿੱਚ ਟੀਚਾਬੱਧ ਲਾਗੂਕਰਨ, ਬਿਹਤਰ ਨਿਗਰਾਨੀ ਅਤੇ ਰਿਹਾਈ ਯੋਜਨਾ, ਯੋਗ ਹੋਣ ’ਤੇ ਆਮਦਨ ਸਹਾਇਤਾ, ਅਤੇ ਪ੍ਰੌਪਰਟੀ ਨਾਲ ਸੰਬੰਧਤ ਵਾਰ-ਵਾਰ ਅਪਰਾਧ ਕਰਨ ਵਾਲੇ ਵਿਅਕਤੀਆਂ ਲਈ ਸਮੇਂ-ਸਿਰ ਦਖਲਅੰਦਾਜ਼ੀ ਸ਼ਾਮਲ ਹੈ।
ਲੋਅਰ ਮੇਨਲੈਂਡ ਭਰ ਵਿੱਚ, ਹਿੰਸਕ, ਪ੍ਰੌਪਰਟੀ ਸੰਬੰਧੀ ਅਤੇ ਜਨਤਕ ਅਵਿਵਸਥਾ ਨਾਲ ਜੁੜੇ ਦੁਹਰਾਊ ਅਪਰਾਧਾਂ ਵਿੱਚ ਸ਼ਾਮਲ 365 ਲੋਕਾਂ ਦੀ 11 ਕੇਂਦਰਾਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਇਸ ਵਿੱਚ ਸ਼ਾਮਲ ਹਨ:
- ਐਬਟਸਫੋਰਡ ਵਿੱਚ ਇੱਕ ਕੇਂਦਰ ਰਾਹੀਂ 25 ਲੋਕ – C-POII ਲਈ 10, ReVOII ਲਈ 15
- ਚਿਲੀਵੈਕ ਵਿੱਚ ਇੱਕ ਕੇਂਦਰ ਰਾਹੀਂ 25 ਲੋਕ – C-POII ਲਈ 15, ReVOII ਲਈ 10
- ਲੈਂਗਲੀ ਵਿੱਚ ਇੱਕ ਕੇਂਦਰ ਰਾਹੀਂ 25 ਲੋਕ – C-POII ਲਈ 15, ReVOII ਲਈ 10
- ਮੇਪਲ ਰਿੱਜ ਵਿੱਚ ਇੱਕ ਕੇਂਦਰ ਰਾਹੀਂ 25 ਲੋਕ – C-POII ਲਈ 15, ReVOII ਲਈ 10
- ਨਿਊ ਵੈਸਟਮਿੰਸਟਰ ਵਿੱਚ ਇੱਕ ਕੇਂਦਰ ਰਾਹੀਂ 25 ਲੋਕ – C-POII ਲਈ 10, ReVOII ਲਈ 15
- ਸਰ੍ਹੀ ਵਿੱਚ ਦੋ ਕੇਂਦਰਾਂ ਰਾਹੀਂ 80 ਲੋਕ – C-POII ਲਈ 40, ReVOII ਲਈ 40
- ਵੈਨਕੂਵਰ ਵਿੱਚ ਚਾਰ ਕੇਂਦਰਾਂ ਰਾਹੀਂ 160 ਲੋਕ – C-POII ਲਈ 80, ReVOII ਲਈ 80
ਇਹ ਕੰਮ ਸਥਾਨਕ ਭਾਈਵਾਲੀਆਂ ਨੂੰ ਮਜ਼ਬੂਤ ਕਰੇਗਾ, ਖੇਤਰੀ ਤਾਲਮੇਲ ਵਿੱਚ ਸੁਧਾਰ ਲਿਆਵੇਗਾ ਅਤੇ ਇੱਕ ਅਜਿਹਾ ਨੈਟਵਰਕ ਤਿਆਰ ਕਰੇਗਾ ਜੋ ਪੁਲਿਸ ਕਾਰਵਾਈਆਂ ਨੂੰ ਹੋਰ ਬਿਹਤਰ ਸਹਿਯੋਗ ਦੇ ਸਕੇ ਅਤੇ ਭਾਈਚਾਰਿਆਂ ਨੂੰ ਵਧੇਰੇ ਸੁਰੱਖਿਅਤ ਬਣਾਉਣਾ ਜਾਰੀ ਰੱਖ ਸਕੇ।
ਇਹ ਪ੍ਰੋਗਰਾਮ ਕਿਵੇਂ ਕੰਮ ਕਰਦਾ ਹੈ
ਕਈ ਭਾਈਚਾਰਿਆਂ ਵਿੱਚ ਪੁਲਿਸ ਦੱਸਦੀ ਹੈ ਕਿ ਜ਼ਿਆਦਾਤਰ ਪ੍ਰੌਪਰਟੀ ਸੰਬੰਧੀ ਅਪਰਾਧਾਂ ਲਈ ਸਿਰਫ਼ ਕੁਝ ਹੀ ਵਿਅਕਤੀ ਜ਼ਿੰਮੇਵਾਰ ਹੁੰਦੇ ਹਨ। ‘ਕਰੌਨਿਕ ਪ੍ਰੌਪਰਟੀ ਓਫੈਂਡਿੰਗ ਇੰਟਰਵੈਂਸ਼ਨ ਇਨੀਸ਼ੀਏਟਿਵ’ ਉਨ੍ਹਾਂ ਵਿਅਕਤੀਆਂ ’ਤੇ ਧਿਆਨ ਕੇਂਦਰਿਤ ਕਰਦਾ ਹੈ ਜੋ ਚੋਰੀ, ਦੁਕਾਨਾਂ ਵਿੱਚ ਚੋਰੀ, ਭੰਨ-ਤੋੜ ਅਤੇ ਸੜਕ ਅਵਿਵਸਥਾ ਵਰਗੇ ਦੁਹਰਾਊ ਅਪਰਾਧਾਂ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਰਿਹਾਇਸ਼ਾਂ ਦੀ ਅਸਥਿਰਤਾ, ਮਾਨਸਿਕ ਸਿਹਤ ਅਤੇ ਨਸ਼ੇ ਦੀ ਵਰਤੋਂ ਨਾਲ ਜੁੜੀਆਂ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ।
ਇਹ ਪਹਿਲਕਦਮੀ ਪ੍ਰੋਸੀਕਿਊਟਰਾਂ, ਪੁਲਿਸ, ਪ੍ਰੋਬੇਸ਼ਨ ਅਫ਼ਸਰਾਂ, ਕਰੈਕਸ਼ਨਲ ਸੁਪਰਵਾਈਜ਼ਰਾਂ, ਕਮਿਊਨਿਟੀ ਇੰਟੀਗ੍ਰੇਸ਼ਨ ਮਾਹਰਾਂ ਅਤੇ ਫੋਰੈਂਸਿਕ ਸਾਇਕਾਇਟ੍ਰਿਕ ਸਰਵਿਸਿਜ਼ ਦੇ ਮਾਨਸਿਕ ਸਿਹਤ ਸੰਪਰਕ (liaison) ਅਧਿਕਾਰੀਆਂ ਦੀ ਇੱਕ ਤਾਲਮੇਲ ਵਾਲੀ ਟੀਮ ਨੂੰ ਇਕੱਠਾ ਕਰਦੀ ਹੈ। ਇਹ ਪਹਿਲਕਦਮੀ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਕੰਮ ਕਰਦੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਅਪਰਾਧਿਕ ਇਤਿਹਾਸ, ਭਾਈਚਾਰੇ ਵਿੱਚ ਪੈਦਾ ਹੋ ਰਹੀ ਰੁਕਾਵਟ ਦੇ ਪੱਧਰ ਅਤੇ ਅਪਰਾਧ ਦੁਹਰਾਉਣ ਦੇ ਖਤਰੇ ਦੇ ਆਧਾਰ ’ਤੇ ਬਿਹਤਰ ਨਿਗਰਾਨੀ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ।
- ਪੁਲਿਸ ਅਤੇ ਬੀ.ਸੀ. ਕਰੈਕਸ਼ਨਜ਼ ਮਿਆਰੀ ਮਾਪਦੰਡਾਂ ਦੇ ਆਧਾਰ ’ਤੇ ਮਿਲ ਕੇ ਰੈਫ਼ਰਲ ਦਿੰਦੇ ਹਨ।
- ਦੁਹਰਾਊ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਨੂੰ ਕੜੀ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ, ਜਿਸ ਵਿੱਚ ਪ੍ਰੋਬੇਸ਼ਨ ਅਫ਼ਸਰਾਂ ਨਾਲ ਨਿਯਮਿਤ ਸੰਪਰਕ ਅਤੇ ਪੁਲਿਸ ਵੱਲੋਂ ਨੇੜਿਓਂ ਨਿਗਰਾਨੀ ਸ਼ਾਮਲ ਹੁੰਦੀ ਹੈ।
- ਜਨਤਕ ਸੁਰੱਖਿਆ ਅਤੇ ਨਿਆਂ ਭਾਈਵਾਲ ਸਮੇਂ-ਸਿਰ ਲਾਗੂਕਰਨ ਸੰਬੰਧੀ ਫ਼ੈਸਲਿਆਂ ਅਤੇ ਵਧੇਰੇ ਮਜ਼ਬੂਤ ਅਦਾਲਤੀ ਨਤੀਜਿਆਂ ਲਈ ਜਾਣਕਾਰੀ ਸਾਂਝੀ ਕਰਦੇ ਹਨ।
- ਦੁਹਰਾਊ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਨੂੰ ਆਮਦਨ ਸਹਾਇਤਾ, ਅਤੇ ਰਿਹਾਇਸ਼ਾਂ, ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ ਸੇਵਾਵਾਂ ਨਾਲ ਜੋੜਿਆ ਜਾਂਦਾ ਹੈ, ਤਾਂ ਜੋ ਅਪਰਾਧ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਮੂਲ ਕਾਰਨਾਂ ਨਾਲ ਨਜਿੱਠਿਆ ਜਾ ਸਕੇ।
“ਬ੍ਰਿਟਿਸ਼ ਕੋਲੰਬੀਆ ਭਰ ਦੇ ਕਾਰੋਬਾਰ ਅਤੇ ਭਾਈਚਾਰੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਸਹਿਯੋਗ ਹਾਸਲ ਕਰਨ ਦੇ ਹੱਕਦਾਰ ਹਨ,” ਸੌਲਿਸਿਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ, ਨੀਨਾ ਕਰੀਗਰ ਨੇ ਕਿਹਾ। “ਇਸੇ ਲਈ ਅਸੀਂ ਵਾਰ-ਵਾਰ ਹੋਣ ਵਾਲੇ ਪ੍ਰੌਪਰਟੀ ਸੰਬੰਧੀ ਅਪਰਾਧਾਂ ਨੂੰ ਨਿਸ਼ਾਨਾ ਬਣਾ ਰਹੇ ਹਾਂ ਅਤੇ ਉਨ੍ਹਾਂ ਅਜ਼ਮਾਈਆਂ ਹੋਈਆਂ, ਪ੍ਰਮਾਣ-ਅਧਾਰਿਤ ਪਹਿਲਕਦਮੀਆਂ ਲਈ ਵਧੇਰੇ ਸਰੋਤ ਸਮਰਪਿਤ ਕਰ ਰਹੇ ਹਾਂ ਜੋ ਲਾਗੂਕਰਨ ਨੂੰ ਵਧੇਰੇ ਮਜ਼ਬੂਤ ਕਰਦੀਆਂ ਹਨ ਅਤੇ ਸਥਾਨਕ ਕਾਰੋਬਾਰਾਂ ਨੂੰ ਸਹਿਯੋਗ ਦਿੰਦੀਆਂ ਹਨ। ਅਸੀਂ ਇਸ ਤਰੱਕੀ ਨੂੰ ਅੱਗੇ ਵਧਾਉਣ ਅਤੇ ਆਪਣੇ ਭਾਈਚਾਰਿਆਂ ਨੂੰ ਸੁਰੱਖਿਅਤ ਅਤੇ ਜੀਵੰਤ ਬਣਾਈ ਰੱਖਣ ਲਈ ਪੁਲਿਸ, ਸਥਾਨਕ ਸਰਕਾਰਾਂ ਅਤੇ ਭਾਈਚਾਰਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।“
ਦੁਹਰਾਏ ਜਾਣ ਵਾਲੇ ਅਪਰਾਧਾਂ ਨੂੰ ਨਿਸ਼ਾਨਾ ਬਣਾਉਣਾ
ਬਜਟ 2026 ਤਹਿਤ ਦੋ ਸਾਲਾਂ ਦੌਰਾਨ $16 ਮਿਲੀਅਨ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਦੁਹਰਾਊ ਅਪਰਾਧਾਂ ਨਾਲ ਨਜਿੱਠਣ ਲਈ 13 ਨਵੇਂ ਕੇਂਦਰ ਸਥਾਪਿਤ ਕੀਤੇ ਜਾਣਗੇ। ਇਸ ਨਾਲ ਅਜਿਹੇ ਕੇਂਦਰਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ, ਜੋ ਬ੍ਰਿਟਿਸ਼ ਕੋਲੰਬੀਆ ਭਰ ਦੇ ਹਰ ਭਾਈਚਾਰੇ ਵਿੱਚ 865 ਤੱਕ ਲੋਕਾਂ ਲਈ ਬਿਹਤਰ ਨਿਗਰਾਨੀ ਅਤੇ ਤਾਲਮੇਲ ਵਾਲੀਆਂ ਸਹਾਇਤਾਵਾਂ ਮੁਹੱਈਆ ਕਰਨਗੇ।
ਬੀ.ਸੀ. ਭਰ ਦੇ ਭਾਈਚਾਰਿਆਂ ਵਿੱਚ ਹਿੰਸਕ ਅਪਰਾਧਾਂ, ਭੰਨ-ਤੋੜ ਅਤੇ ਸੜਕ ਅਵਿਵਸਥਾ ਨੂੰ ਨਿਸ਼ਾਨਾ ਬਣਾਉਣ ਲਈ ਸੂਬੇ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਦਿਆਂ, 19 ਭਾਈਚਾਰਿਆਂ ਵਿੱਚ ਸਥਿਤ ਕੇਂਦਰ ਸੂਬਾ-ਪੱਧਰ ’ਤੇ ਸੇਵਾਵਾਂ ਮੁਹੱਈਆ ਕਰਨਗੇ। ਹਰ ਕੇਂਦਰ ਇੱਕ ਨਿਰਧਾਰਤ ਭੂਗੋਲਿਕ ਖੇਤਰ ਦੀ ਸੇਵਾ ਕਰੇਗਾ, ਤਾਂ ਜੋ ਪੇਂਡੂ, ਦੂਰ-ਦਰਾਡੇ ਅਤੇ ਛੋਟੇ ਭਾਈਚਾਰਿਆਂ ਲਈ ਵੀ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ।
ਬੱਜਟ 2026 ਰਾਹੀਂ, ਸੂਬਾ ਸਰਕਾਰ ਵਧੇਰੇ ਸੁਰੱਖਿਅਤ ਭਾਈਚਾਰੇ ਬਣਾਉਣ ਲਈ ਆਪਣੀ ਕਾਰਵਾਈ ਜਾਰੀ ਰੱਖ ਰਹੀ ਹੈ, ਜਿਸ ਤਹਿਤ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ, ਦੁਹਰਾਊ ਅਪਰਾਧਾਂ ਨਾਲ ਨਜਿੱਠਣ ਅਤੇ ਨਿਆਂ ਤੱਕ ਸਮੇਂ-ਸਿਰ ਪਹੁੰਚ ਨੂੰ ਸੁਧਾਰਨ ਲਈ ਤਿੰਨ ਸਾਲਾਂ ਦੌਰਾਨ $139 ਮਿਲੀਅਨ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਫ਼ੌਰੀ ਤੱਥ:
- ਸੂਬਾ ਸਰਕਾਰ ‘ਕਰੌਨਿਕ ਪ੍ਰੌਪਰਟੀ ਓਫੈਂਡਿੰਗ ਇੰਟਰਵੈਂਸ਼ਨ ਇਨੀਸ਼ੀਏਟਿਵ’ ਨੂੰ ਸੂਬਾਈ ਪੱਧਰ ’ਤੇ ਸ਼ੁਰੂ ਕਰਨ ਲਈ ਦੋ ਸਾਲਾਂ ਦੌਰਾਨ $16 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ।
- C-POII ਅਤੇ ReVOII ਦੋਵਾਂ ਨੂੰ ‘ਸਪੈਸ਼ਲ ਇਨਵੈਸਟੀਗੇਸ਼ਨ ਐਂਡ ਟਾਰਗੇਟਡ ਇਨਫੋਰਸਮੈਂਟ ਪ੍ਰੋਗਰਾਮ’ ਅਤੇ ‘ਕਮਿਊਨਿਟੀ ਸੇਫ਼ਟੀ ਐਂਡ ਟਾਰਗੇਟਡ ਇਨਫੋਰਸਮੈਂਟ ਪ੍ਰੋਗਰਾਮ’ ਵੱਲੋਂ ਵੀ ਸਹਾਇਤਾ ਮਿਲਦੀ ਹੈ, ਜੋ ਪੁਲਿਸ ਨੂੰ ਦੁਹਰਾਊ ਹਿੰਸਕ ਅਪਰਾਧਾਂ, ਸੜਕ ਅਵਿਵਸਥਾ ਅਤੇ ਰਿਟੇਲ ਸੰਬੰਧੀ ਅਪਰਾਧਾਂ ਨਾਲ ਨਜਿੱਠਣ ਲਈ ਮਹੱਤਵਪੂਰਨ ਸਰੋਤ ਮੁਹੱਈਆ ਕਰਦੇ ਹਨ।
ReVOII ਅਤੇ C-POII ਪ੍ਰੋਗਰਾਮ ਦੁਹਰਾਊ ਅਪਰਾਧਾਂ ਵਿੱਚ ਯੋਗਦਾਨ ਪਾਉਣ ਵਾਲੇ ਕਾਰਕਾਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਵਿਆਪਕ ਯਤਨਾਂ ਨੂੰ ਅੱਗੇ ਵਧਾਉਂਦੇ ਹਨ। ਇਸ ਵਿੱਚ ‘ਪਾਥਵੇਅ ਟੂ ਹੋਪ’ ਰਾਹੀਂ ਇਲਾਜ ਅਤੇ ਰਿਕਵਰੀ ਸੇਵਾਵਾਂ ਦਾ ਵਿਸਥਾਰ ਕਰਨਾ ਅਤੇ ‘ਬਿਲੌਂਗਿੰਗ ਇਨ ਬੀ.ਸੀ.’ ਰਾਹੀਂ ਰਿਹਾਇਸ਼ਾਂ ਅਤੇ ਸਹਾਇਤਾ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਾ ਸ਼ਾਮਲ ਹੈ।
ਹੋਰ ਖ਼ਬਰਾਂ ਪੜ੍ਹੋਂ: CJP Protest: ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਤੇ ਨਿਹੰਗ ਸਿੱਖਾਂ ਵਿਚਕਾਰ ਝੜਪ