ਰਾਜਨੀਤੀ

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! CM ਮਾਨ ਦੇ ਵੀਡੀਓ ‘ਚ ਨਵਾਂ ਮੋੜ


Punjab News: ਪੰਜਾਬ ਦੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਭਖ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਕਥਿਤ ਵਾਇਰਲ ਵੀਡੀਓ ਨਾਲ ਜੁੜੇ ਵਿਵਾਦ ਦੇ ਵਿੱਚ ਇੱਕ ਬਹੁਤ ਹੀ ਹੈਰਾਨੀਜਨਕ ਅਤੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀਆਂ ਨੇ ਗੁਰੂਗ੍ਰਾਮ (Gurugram) ਦੇ ਇੱਕ ਆਲੀਸ਼ਾਨ ਫਾਈਵ ਸਟਾਰ ਹੋਟਲ ‘ਕਰੂਨ ਪਲਾਜ਼ਾ’ (Crowne Plaza) ਵਿੱਚ ਇੱਕ ਗੁਪਤ ਮੀਟਿੰਗ ਕੀਤੀ ਸੀ। ਇਸ ਮੀਟਿੰਗ ਦਾ ਮੁੱਖ ਮਕਸਦ ਮੁੱਖ ਮੰਤਰੀ ਦੀ ਵੀਡੀਓ ਨੂੰ ‘ਡੀਪ ਫੇਕ’ (Deepfake Video) ਸਾਬਤ ਕਰਨ ਲਈ ਇੱਕ ਫਰਜ਼ੀ ਅਤੇ ਜਾਅਲੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਉਣਾ ਸੀ। ਇਸ ਪੂਰੇ ਮਾਮਲੇ ਨੇ ਉਸ ਵੇਲੇ ਹੋਰ ਤੂਲ ਫੜ ਲਿਆ ਜਦੋਂ 16 ਜੂਨ, 2026 ਨੂੰ ਹੋਈ ਇਸ ਕਥਿਤ ਮੀਟਿੰਗ ਦੀ ਸੀਸੀਟੀਵੀ (CCTV Footage) ਵੀਡੀਓ ਅਤੇ ਪੰਜਾਬ ਪੁਲਿਸ ਦੇ ਇੱਕ ਐਸਪੀ (SP Jashan Gill) ਦੇ ਨਾਮ ਨਾਲ ਸੇਵ ਵਟਸਐਪ ਚੈਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵਿਰੋਧੀ ਧਿਰ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਵੱਲੋਂ ਵੀ ਇਸ ਸਬੰਧੀ ਪੋਸਟਾਂ ਸਾਂਝੀਆਂ ਕਰਕੇ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਹਨ।

5-ਸਟਾਰ ਹੋਟਲ ‘ਚ ਹੋਇਆ ਸੌਦਾ!

ਇਸ ਸਨਸਨੀਖੇਜ਼ ਮਾਮਲੇ ਦੇ ਵਿੱਚ ਗੁਰੂਗ੍ਰਾਮ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਖਿਲਾਫ ਐਫਆਈਆਰ (FIR) ਦਰਜ ਕਰ ਲਈ ਹੈ। ਮਾਮਲੇ ਦੇ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ, ਜੋ ਕਿ ਇੱਕ ਫੋਰੈਂਸਿਕ ਮਾਹਰ (Forensic Expert) ਦੱਸੇ ਜਾ ਰਹੇ ਹਨ, ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਬਹੁਤ ਵੱਡੇ ਦਾਅਵੇ ਕੀਤੇ ਹਨ। ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੇ ਦੋ ਉੱਚ ਅਧਿਕਾਰੀਆਂ ਨੇ ਗੁਰੂਗ੍ਰਾਮ ਦੇ ਹੋਟਲ ਕਰਾਊਨ ਪਲਾਜ਼ਾ ਵਿਖੇ ਮੁਲਾਕਾਤ ਕਰਕੇ ਉਸ ਨਾਲ 10 ਲੱਖ ਰੁਪਏ ਦਾ ਸੌਦਾ ਤੈਅ ਕੀਤਾ ਸੀ। ਇਸ ਸੌਦੇ ਦੇ ਤਹਿਤ, ‘ਸਾਈਬਰ ਯਾਨ’ (Cyber Yan) ਅਤੇ ‘ਸਾਈਫਰ ਸੈਂਟੀਨੇਲ’ (Cipher Sentinel) ਲੈਬਾਂ ਤੋਂ ਦੋ ਰਿਪੋਰਟਾਂ ਤਿਆਰ ਕਰਵਾਈਆਂ ਗਈਆਂ। ਹਾਲਾਂਕਿ, ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਇਹ ਦੋਵੇਂ ਫੋਰੈਂਸਿਕ ਲੈਬਾਰਟਰੀਆਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ (Not Government Approved) ਨਹੀਂ ਹਨ।

CCTV ਫੁਟੇਜ ਨੇ ਖੋਲ੍ਹੇ ਰਾਜ਼

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਸੀਸੀਟੀਵੀ ਫੁਟੇਜ (CCTV) ਦੇ ਮੁਤਾਬਕ, ਇਹ ਘਟਨਾ 16 ਜੂਨ ਦੀ ਸਵੇਰ ਕਰੀਬ 10 ਵਜੇ ਦੀ ਹੈ। ਵੀਡੀਓ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਹੋਟਲ ਦੇ ਅੰਦਰ 5 ਵਿਅਕਤੀ ਇੱਕਠੇ ਬੈਠ ਕੇ ਕਿਸੇ ਗੰਭੀਰ ਮੁੱਦੇ ‘ਤੇ ਚਰਚਾ ਕਰ ਰਹੇ ਹਨ। ਆਰੋਪ ਲੱਗ ਰਹੇ ਹਨ ਕਿ ਇਹ ਸਾਰੀ ਕਵਾਇਦ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਇਰਲ ਵੀਡੀਓ ਮਾਮਲੇ ਦੀ ਚੱਲ ਰਹੀ ਜਾਂਚ (Investigation) ਨੂੰ ਪ੍ਰਭਾਵਿਤ ਕਰਨ ਅਤੇ ਮੁੱਖ ਮੰਤਰੀ ਦੇ ਪੱਖ ਵਿੱਚ ਇੱਕ ਜਾਅਲੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਉਣ ਲਈ ਕੀਤੀ ਗਈ ਸੀ ਤਾਂ ਜੋ ਵੀਡੀਓ ਨੂੰ ਫਰਜ਼ੀ ਸਿੱਧ ਕੀਤਾ ਜਾ ਸਕੇ।

ਸੀਸੀਟੀਵੀ ਫੁਟੇਜ ਤੋਂ ਇਲਾਵਾ ਜੋ ਵਟਸਐਪ ਚੈਟ (WhatsApp Chat Leak) ਸਾਹਮਣੇ ਆਈ ਹੈ, ਉਸ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਹੋਰ ਤੇਜ਼ ਕਰ ਦਿੱਤੀ ਹੈ। ਇਹ ਗੱਲਬਾਤ ਪੰਜਾਬ ਪੁਲਿਸ ਦੇ ਐਸਪੀ ਜਸ਼ਨ ਗਿੱਲ (SP Jashan Gill) ਦੇ ਨਾਮ ਨਾਲ ਸੇਵ ਕੀਤੇ ਨੰਬਰ ਤੋਂ ਹੋਈ ਦਿਖਾਈ ਦੇ ਰਹੀ ਹੈ। ਚੈਟਾਂ ਦੇ ਵਿੱਚ ਫੋਰੈਂਸਿਕ ਰਿਪੋਰਟ ਨੂੰ ਐਡਿਟ ਕਰਨ ਜਾਂ ਬਦਲਣ ਬਾਰੇ ਸਪੱਸ਼ਟ ਗੱਲਾਂ ਲਿਖੀਆਂ ਗਈਆਂ ਹਨ, ਰਿਪੋਰਟ ਦੇ ਪੰਨਾ ਨੰਬਰ 3 ਤੋਂ ਇੱਕ ਵਿਸ਼ੇਸ਼ ਪੈਰਾ ਹਟਾਉਣ ਲਈ ਕਿਹਾ ਗਿਆ। ਦੂਜਾ ਰਿਪੋਰਟ ਦੇ ਅੰਦਰ ਵਰਤੇ ਗਏ ਤਕਨੀਕੀ ਟੂਲਸ ਦੇ ਨਾਮ ਜੋੜਨ ਦੀ ਗੱਲ ਕਹੀ ਗਈ। ਅਤੇ ‘ਤਕਨੀਕੀ ਨਿਰੀਖਣ’ (Technical Observation) ਵਾਲੇ ਹਿੱਸੇ ਨੂੰ ਸੋਧਣ ਲਈ ਨਿਰਦੇਸ਼ ਦਿੱਤੇ ਗਏ। ਰਿਪੋਰਟ ਦੇ ਅਖੀਰਲੇ ਸਿੱਟੇ ਯਾਨੀ ਕੰਕਲੂਜ਼ਨ ਨੂੰ ਵਧੇਰੇ ਬਿਹਤਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਿਹਾ ਗਿਆ। ਇੰਨਾ ਹੀ ਨਹੀਂ, ਚੈਟ ਦੇ ਇੱਕ ਮੈਸੇਜ ਵਿੱਚ ਇਹ ਵੀ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਬੰਧਤ ਵੀਡੀਓ ਦੀ ਪੁੱਛਗਿੱਛ ਨੂੰ ਪਹਿਲਾਂ “ਜਿਓ ਦਾ ਤਿਓ” ਰੱਖਿਆ ਜਾਵੇ ਅਤੇ ਫਿਰ ਉਸ ਨੂੰ ਸਿੱਧਾ “ਡਿਨਾਏ” (Deny/ਨਕਾਰਨਾ) ਕਰ ਦਿੱਤਾ ਜਾਵੇ। ਇੱਕ ਹੋਰ ਮੈਸੇਜ ਵਿੱਚ ਵੀਡੀਓ ਦੇ ਖੰਡਨ (Denial) ਨੂੰ ਲੈ ਕੇ ਇੱਕ ਬਹੁਤ ਹੀ ਸਖ਼ਤ ਅਤੇ ਠੋਸ ਬਿਆਨ ਤਿਆਰ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।

ਵਿਰੋਧੀ ਧਿਰ ਹਮਲਾਵਰ, ਜਾਂਚ ਦੀ ਮੰਗ ਤੇਜ਼

ਇਸ ਵੀਡੀਓ ਵਿਵਾਦ ਅਤੇ ਹੋਟਲ ਸਕੈਂਡਲ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਆਮ ਆਦਮੀ ਪਾਰਟੀ (AAP) ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਮੁੱਖ ਮੰਤਰੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਨੋਟ: ਅਸੀਂ ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ ਅਤੇ ਵਟਸਐਪ ਚੈਟਾਂ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦੇ। ਪੁਲਿਸ ਜਾਂਚ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆਵੇਗੀ।

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Read in other languages:

Related Stories