Canada: ਉੱਤਰੀ ਅਮਰੀਕਾ ਦੇ ਦੋ ਸਭ ਤੋਂ ਵੱਡੇ ਗੁਆਂਢੀ ਦੇਸ਼ਾਂ — ਕੈਨੇਡਾ (Canada) ਅਤੇ ਅਮਰੀਕਾ — ਵਿਚਾਲੇ ਟਰੇਡ ਵਾਰ (Trade War) ਹੁਣ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਮਾਮਲਾ ਐਨਾ ਗੰਭੀਰ ਹੋ ਗਿਆ ਹੈ ਕਿ ਦੋਵੇਂ ਦੇਸ਼ ਇੱਕ-ਦੂਜੇ ਨੂੰ ਆਰਥਿਕ ਘੂਰੀਆਂ ਵੱਟ ਰਹੇ ਹਨ।
ਅਮਰੀਕੀ ਪ੍ਰਸ਼ਾਸਨ ਵਲੋਂ ਕੈਨੇਡਾ(Canada) ਤੋਂ ਆਉਣ ਵਾਲੇ ਕਰੀਬ 20 ਅਰਬ ਕੈਨੇਡੀਅਨ ਡਾਲਰ ਦੇ ਮਾਲ ਉੱਤੇ 50 ਫ਼ੀਸਦੀ ਦਾ ਭਾਰੀ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਕੈਨੇਡਾ (Canada) ਵੀ ਪੂਰੇ ਰੌਂਅ ਵਿੱਚ ਆ ਗਿਆ ਹੈ। ਕੈਨੇਡਾ (Canada) ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਫ਼-ਸਾਫ਼ ਠੋਕ ਕੇ ਕਹਿ ਦਿੱਤਾ ਹੈ ਕਿ ਜੇਕਰ ਅਮਰੀਕਾ ਨਾਲ ਗੱਲਬਾਤ ਸਿਰੇ ਨਹੀਂ ਚੜ੍ਹਦੀ, ਤਾਂ ਕੈਨੇਡਾ ਆਪਣੇ ਦੇਸ਼ ਦੇ ਹਿੱਤਾਂ ਲਈ ਕੋਈ ਵੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ। ਉਹਨਾਂ ਮੁਤਾਬਕ, “ਸਾਡੇ ਕੋਲ ਸਾਰੇ ਆਪਸ਼ਨ ਖੁੱਲ੍ਹੇ ਪਏ ਨੇ!”
ਆਖ਼ਰ ਕੀ ਹੈ ਇਹ ਪੂਰਾ ਪੰਗਾ?
ਇਹ ਸਾਰਾ ਰੌਲਾ-ਰੱਪਾ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਕੈਨੇਡਾ (Canada) ‘ਤੇ ਦੋਸ਼ ਲਾਇਆ ਕਿ ਉਹ ਅਮਰੀਕੀ ਕਾਰਾਂ, ਸ਼ਰਾਬ ਅਤੇ ਡੇਅਰੀ ਉਤਪਾਦਾਂ ਨਾਲ ਬਰਾਬਰੀ ਵਾਲਾ ਹਿਸਾਬ-ਕਿਤਾਬ ਨਹੀਂ ਰੱਖ ਰਿਹਾ। ਅਮਰੀਕਾ ਨੇ ਦਾਅਵਾ ਕੀਤਾ ਕਿ ਕੈਨੇਡਾ ਆਪਣੇ ਬਾਜ਼ਾਰ ਵਿੱਚ ਅਮਰੀਕੀ ਸਮਾਨ ਨੂੰ ਬਣਦਾ ਹੱਕ ਨਹੀਂ ਦੇ ਰਿਹਾ।
ਇਸੇ ਗੁੱਸੇ ਵਿੱਚ ਅਮਰੀਕਾ ਨੇ ਕੈਨੇਡਾ ਦੀਆਂ ਕਈ ਚੀਜ਼ਾਂ ‘ਤੇ 50% ਟੈਰਿਫ ਲਾਉਣ ਦੀ ਧਮਕੀ ਦੇ ਦਿੱਤੀ। ਜਿਸ ਨਾਲ ਵਾਈਨ (Wine), ਹਾਕੀ ਸਟਿਕਾਂ, ਸੀਮੈਂਟ ਅਤੇ ਕਈ ਆਮ ਵਰਤੋਂ ਵਾਲੀਆਂ ਉਦਯੋਗਿਕ ਚੀਜ਼ਾਂ ਰਡਾਰ ‘ਚ ਆ ਗਈਆਂ ਹਨ। ਫਿਲਹਾਲ ਊਰਜਾ (Energy), ਪੋਟਾਸ਼ (Potash), ਅਹਿਮ ਖਣਿਜ ਅਤੇ ਮੱਛੀ ਉਦਯੋਗ ਵਰਗੀਆਂ ਵੱਡੀਆਂ ਚੀਜ਼ਾਂ ਨੂੰ ਇਸ ਮਾਰ ਤੋਂ ਬਾਹਰ ਰੱਖਿਆ ਗਿਆ ਹੈ।
ਮਾਰਕ ਕਾਰਨੀ ਦਾ ਕਰਾਰਾ ਜਵਾਬ (Canada Response)
ਸੂਬਿਆਂ ਦੇ ਪ੍ਰੀਮੀਅਰਾਂ ਅਤੇ ਵੱਡੇ ਨੇਤਾਵਾਂ ਨਾਲ ਹੰਗਾਮੀ ਮੀਟਿੰਗ ਕਰਨ ਤੋਂ ਬਾਅਦ ਪੀਐੱਮ ਮਾਰਕ ਕਾਰਨੀ ਨੇ ਮੀਡੀਆ ਸਾਹਮਣੇ ਆ ਕੇ ਸਥਿਤੀ ਸਪੱਸ਼ਟ ਕੀਤੀ। ਉਹਨਾਂ ਨੇ ਕਿਹਾ ਕਿ 19 ਅਗਸਤ ਤੱਕ ਦਾ ਸਮਾਂ ਬਹੁਤ ਜ਼ਰੂਰੀ ਹੈ ਕਿਉਂਕਿ ਉਸੇ ਦਿਨ ਤੋਂ ਅਮਰੀਕਾ ਦੇ ਇਹ ਨਵੇਂ ਨਿਯਮ ਲਾਗੂ ਹੋਣੇ ਹਨ। ਕੈਨੇਡਾ (Canada) ਇਸ ਸਮੇਂ ਦੌਰਾਨ ਗੱਲਬਾਤ ਰਾਹੀਂ ਮਸਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। ਪਰ ਜੇਕਰ ਅਮਰੀਕਾ ਨੇ ਜ਼ਿੱਦ ਨਾ ਛੱਡੀ, ਤਾਂ ਕੈਨੇਡਾ ਵੀ ਚੁੱਪ ਕਰਕੇ ਨਹੀਂ ਬੈਠੇਗਾ।
ਕੈਨੇਡਾ ਦੇ ਕਈ ਪ੍ਰੋਵਿੰਸ਼ੀਅਲ ਲੀਡਰਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਅਮਰੀਕਾ ਦੀ ਇਸ ਧੱਕੇਸ਼ਾਹੀ ਦਾ ਢੁੱਕਵਾਂ ਅਤੇ ਸਖ਼ਤ ਜਵਾਬ ਦਿੱਤਾ ਜਾਵੇ। ਜੇਕਰ ਅਮਰੀਕਾ ਟੈਕਸ ਵਧਾਉਂਦਾ ਹੈ, ਤਾਂ ਕੈਨੇਡਾ ਨੂੰ ਵੀ ਜਵਾਬੀ ਕਾਰਵਾਈ (Retaliatory Tariffs) ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਕੈਨੇਡਾ (Canada) ਦਾ ‘ਪਲਾਨ-ਬੀ’
ਪ੍ਰਧਾਨ ਮੰਤਰੀ ਕਾਰਨੀ ਨੇ ਇਹ ਵੀ ਇਸ਼ਾਰਾ ਦਿੱਤਾ ਕਿ ਕੈਨੇਡਾ ਹੁਣ ਸਿਰਫ਼ ਅਮਰੀਕਾ ‘ਤੇ ਨਿਰਭਰ ਰਹਿਣ ਦਾ ਜੋਖਮ ਨਹੀਂ ਲੈ ਸਕਦਾ। ਕੈਨੇਡਾ ਹੁਣ ਦੁਨੀਆ ਦੇ ਹੋਰ ਦੇਸ਼ਾਂ (ਜਿਵੇਂ ਯੂਰਪੀਅਨ ਯੂਨੀਅਨ ਅਤੇ ਏਸ਼ੀਆਈ ਦੇਸ਼ਾਂ) ਨਾਲ ਆਪਣੇ ਵਪਾਰਕ ਸਬੰਧ ਮਜ਼ਬੂਤ ਕਰੇਗਾ ਤਾਂ ਜੋ ਅਮਰੀਕਾ ਦੀ ਨਿਰਭਰਤਾ ਘਟਾਈ ਜਾ ਸਕੇ। ਜਿਹੜੀਆਂ ਕੈਨੇਡੀਅਨ ਕੰਪਨੀਆਂ ਜਾਂ ਮਜ਼ਦੂਰਾਂ ‘ਤੇ ਇਸ 50% ਟੈਰਿਫ ਦਾ ਸਭ ਤੋਂ ਵੱਡਾ ਝਟਕਾ ਲੱਗੇਗਾ, ਸਰਕਾਰ ਉਨ੍ਹਾਂ ਨੂੰ ਵਿੱਤੀ ਰਾਹਤ ਅਤੇ ਮਦਦ ਦੇਵੇਗੀ।
ਅਮਰੀਕਾ ਦੀ ‘ਨੈਸ਼ਨਲ ਐਮਰਜੈਂਸੀ’
ਇਹ ਸਭ ਕੁੱਝ ਉਸ ਵੇਲੇ ਹੋ ਰਿਹਾ ਹੈ ਜਦੋਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਾਲੇ ਫ੍ਰੀ ਟਰੇਡ ਐਗਰੀਮੈਂਟ (USMCA) ਨੂੰ ਮੁੜ ਰਿਵਿਊ ਕੀਤਾ ਜਾ ਰਿਹਾ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਜੇਮਿਸਨ ਗ੍ਰੀਅਰ ਅਨੁਸਾਰ ਅਮਰੀਕਾ ਇਸ ਸਮਝੌਤੇ ‘ਚ ਆਟੋਮੋਬਾਈਲ ਲੇਬਰ ਅਤੇ ਵਾਤਾਵਰਣ ਦੇ ਨਿਯਮਾਂ ‘ਚ ਬਹੁਤ ਵੱਡੇ ਬਦਲਾਅ ਚਾਹੁੰਦਾ ਹੈ।
ਅਮਰੀਕਾ ਨੇ ਆਪਣੇ ਵਪਾਰਕ ਘਾਟੇ (Trade Deficit) ਨੂੰ ‘ਰਾਸ਼ਟਰੀ ਐਮਰਜੈਂਸੀ’ ਕਰਾਰ ਦਿੱਤਾ ਹੈ। ਅਮਰੀਕੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਹ ਇਹ ਸਖ਼ਤ ਟੈਰਿਫ ਆਪਣੇ ਦੇਸ਼ ਦੇ ਵਰਕਰਾਂ ਦੀਆਂ ਨੌਕਰੀਆਂ ਬਚਾਉਣ ਲਈ ਲਾ ਰਹੇ ਹਨ।
ਇਸ ਟਰੇਡ ਵਾਰ ਦਾ ਸਿੱਧਾ ਅਸਰ ਆਮ ਖਪਤਕਾਰਾਂ ‘ਤੇ ਪੈ ਸਕਦਾ ਹੈ। ਜੇਕਰ ਦੋਵੇਂ ਦੇਸ਼ ਇੱਕ-ਦੂਜੇ ਦੇ ਸਮਾਨ ‘ਤੇ ਟੈਕਸ ਵਧਾਉਂਦੇ ਹਨ, ਤਾਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ, ਖਾਸ ਕਰਕੇ ਇੰਪੋਰਟ-ਐਕਸਪੋਰਟ ਵਾਲਾ ਸਮਾਨ ਮਹਿੰਗਾ ਹੋ ਸਕਦਾ ਹੈ। ਟਰਾਂਸਪੋਰਟ, ਮੈਨੂਫੈਕਚਰਿੰਗ, ਅਤੇ ਖੇਤੀਬਾੜੀ ਨਾਲ ਜੁੜੇ ਬਿਜ਼ਨਸਾਂ ‘ਚ ਕੰਮ ਕਰਨ ਵਾਲੇ ਹਜ਼ਾਰਾਂ ਪੰਜਾਬੀ ਕਾਮਿਆਂ ਲਈ ਵੀ ਇਹ ਖਿੱਚੋਤਾਣ ਚਿੰਤਾ ਦਾ ਦਾਅਵਾ ਬਣ ਸਕਦੀ ਹੈ।
19 ਅਗਸਤ ਦੀ ਡੈੱਡਲਾਈਨ ਨੇ ਦੋਵਾਂ ਦੇਸ਼ਾਂ ਦੇ ਸਿਰ ‘ਤੇ ਤਲਵਾਰ ਲਟਕਾ ਦਿੱਤੀ ਹੈ। ਅਮਰੀਕਾ ਵੱਲੋਂ ਬਣਾਇਆ ਜਾ ਰਿਹਾ ਦਬਾਅ ਕੈਨੇਡਾ ਨੂੰ ਝੁਕਾਉਣ ਦੀ ਕੋਸ਼ਿਸ਼ ਹੈ, ਪਰ ਪੀਐੱਮ ਮਾਰਕ ਕਾਰਨੀ ਦੀ ਅਗਵਾਈ ‘ਚ ਕੈਨੇਡਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਸ਼ਰਤ ‘ਤੇ ਆਪਣੇ ਦੇਸ਼ ਦੇ ਕਾਰੋਬਾਰੀਆਂ ਅਤੇ ਲੋਕਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ। ਆਉਣ ਵਾਲੇ ਕੁਝ ਹਫ਼ਤੇ ਦੋਵਾਂ ਦੇਸ਼ਾਂ ਦੇ ਆਰਥਿਕ ਭਵਿੱਖ ਲਈ ਬਹੁਤ ਨਾਜ਼ੁਕ ਰਹਿਣ ਵਾਲੇ ਹਨ।
ਹੋਰ ਖ਼ਬਰਾਂ: Bangladesh ‘ਚ ਵੱਡਾ ਸਿਆਸੀ ਉਲਟਫੇਰ! ਰਾਸ਼ਟਰਪਤੀ ਨੇ ਦਿੱਤਾ ਅਸਤੀਫ਼ਾ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

