ਪੰਜਾਬ ਕਾਂਗਰਸ (Punjab Congress) ਦੇ ਅੰਦਰੂਨੀ ਸਿਆਸੀ ਘਮਾਸਾਨ ਅਤੇ ਧੜੇਬੰਦੀ ਨੇ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਲਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ (Punjab Congress) ਕਮੇਟੀ (PPCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦੋਵੇਂ ਧੜੇ ਪਾਰਟੀ ਹਾਈਕਮਾਂਡ ਦੇ ਸਾਹਮਣੇ ਆਪਣੀ-ਆਪਣੀ ਤਾਕਤ ਅਤੇ ਵਰਚਸਵ ਦਿਖਾਉਣ ਲਈ ਪੂਰੀ ਵਾਹ ਲਾ ਰਹੇ ਹਨ। ਇਸੇ ਅੰਦਰੂਨੀ ਖਿੱਚੋਤਾਣ ਅਤੇ ਗੁੱਟਬੰਦੀ ਦੇ ਮਾਹੌਲ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਅੱਜ ਤੋਂ ਪੰਜਾਬ ਦੇ 9 ਦਿਨਾਂ ਦੇ ਲੰਬੇ ਦੌਰੇ ‘ਤੇ ਹਨ।
ਭੂਪੇਸ਼ ਬਘੇਲ ਇਸ ਦੌਰੇ ਦੌਰਾਨ ਜ਼ਮੀਨੀ ਪੱਧਰ (ਗਰਾਊਂਡ ਰਿਐਲਿਟੀ) ਤੋਂ ਫੀਡਬੈਕ ਲੈਣਗੇ ਅਤੇ ਵਰਕਰਾਂ ਤੋਂ ਇਲਾਵਾ ਆਗੂਆਂ ਦਾ ਮੂਡ ਜਾਣਨਗੇ ਤਾਂ ਜੋ ਹਾਈਕਮਾਂਡ ਨੂੰ ਸਹੀ ਰਿਪੋਰਟ ਸੌਂਪੀ ਜਾ ਸਕੇ।
ਹਾਈਕਮਾਂਡ ਅੱਗੇ ਤਾਕਤ ਦਾ ਪ੍ਰਦਰਸ਼ਨ
ਪੰਜਾਬ ਕਾਂਗਰਸ (Punjab Congress) ਵਿੱਚ ਚੱਲ ਰਹੀ ਜੰਗ ਹੁਣ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ। ਚੰਨੀ ਧੜੇ ਦਾ ਸਪੱਸ਼ਟ ਮੰਨਣਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਨਹੀਂ ਕਰ ਸਕਦੀ। ਇਸ ਲਈ ਉਹ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ‘ਤੇ ਅੜੇ ਹੋਏ ਹਨ।
ਦੂਜੇ ਪਾਸੇ, ਰਾਜਾ ਵੜਿੰਗ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਉਹ ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਅਤੇ ਜ਼ਮੀਨੀ ਵਰਕਰਾਂ ਦੇ ਸਮਰਥਨ ਦਾ ਦਾਅਵਾ ਕਰਦੇ ਹੋਏ ਖ਼ੁਦ ਨੂੰ ਸੰਗਠਨ ਦਾ ਸਭ ਤੋਂ ਮਜ਼ਬੂਤ ਚਿਹਰਾ ਸਾਬਤ ਕਰਨ ਵਿੱਚ ਲੱਗੇ ਹੋਏ ਹਨ। ਹਾਲ ਹੀ ਵਿੱਚ ਦਿੱਲੀ ਵਿੱਚ ਹਾਈਕਮਾਂਡ ਨਾਲ ਹੋਈਆਂ ਬੈਠਕਾਂ ਦੌਰਾਨ ਵੀ ਦੋਵਾਂ ਧੜਿਆਂ ਵਿਚਾਲੇ ਜ਼ਬਰਦਸਤ ਤਲਖ਼ੀ ਦੇਖਣ ਨੂੰ ਮਿਲੀ ਸੀ।
‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ
ਕਾਂਗਰਸ ਪ੍ਰਭਾਰੀ ਭੂਪੇਸ਼ ਬਘੇਲ ਚੰਡੀਗੜ੍ਹ ਪਹੁੰਚ ਚੁੱਕੇ ਹਨ ਅਤੇ ਰਾਜਾ ਵੜਿੰਗ ਵੀ ਦਿੱਲੀ ਤੋਂ ਉਨ੍ਹਾਂ ਦੇ ਨਾਲ ਹੀ ਆਏ ਹਨ। ਇਸ 9 ਦਿਨਾਂ ਦੌਰੇ ਦੌਰਾਨ ਪਾਰਟੀ ਵੱਲੋਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਫ਼ਤੇਹਗੜ੍ਹ ਸਾਹਿਬ ਦੇ ਸਰਹਿੰਦ ਤੋਂ ਕੀਤੀ ਜਾ ਰਹੀ ਹੈ। ਪਹਿਲੇ ਦਿਨ ਦੀ ਦੂਜੀ ਬੈਠਕ ਮੋਹਾਲੀ ਵਿੱਚ ਸ਼ਾਮ ਨੂੰ ਰੱਖੀ ਗਈ ਹੈ।
ਇਹਨਾਂ ਬੈਠਕਾਂ ਵਿੱਚ ਜ਼ਿਲ੍ਹਾ ਅਤੇ ਬਲਾਕ ਕਾਰਜਕਾਰਨੀ ਦੇ ਅਹੁਦੇਦਾਰ, ਯੂਥ ਕਾਂਗਰਸ, ਸੇਵਾ ਦਲ ਦੇ ਨੁਮਾਇੰਦੇ, 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਉਮੀਦਵਾਰ ਅਤੇ ਪਾਰਟੀ ਦੇ ਸੰਸਦ ਮੈਂਬਰ (MPs) ਸ਼ਾਮਲ ਹੋਣਗੇ। ਬਘੇਲ ਹਰ ਜ਼ਿਲ੍ਹੇ ਵਿੱਚ ਬੈਠਕਾਂ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਵੀ ਕਰਨਗੇ, ਜਿਸ ਦੌਰਾਨ ਉਹ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਨੂੰ ਨਿਸ਼ਾਨੇ ‘ਤੇ ਲੈਣਗੇ।
ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ ਚੋਣਾਂ: ਬਘੇਲ ਦਾ ਦਾਅਵਾ
ਕਾਂਗਰਸ ਪ੍ਰਭਾਰੀ ਭੂਪੇਸ਼ ਬਘੇਲ ਨੇ ਸੰਕੇਤ ਦਿੱਤੇ ਹਨ ਕਿ ਪਾਰਟੀ ਹੁਣ ਪੂਰੀ ਤਰ੍ਹਾਂ ‘ਇਲੈਕਸ਼ਨ ਮੋਡ’ ਵਿੱਚ ਆ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਆਪਣੇ ਨਿਰਧਾਰਤ ਸਮੇਂ (2027) ਦੀ ਬਜਾਏ ਨਵੰਬਰ-ਦਸੰਬਰ 2026 ਵਿੱਚ ਵੀ ਹੋ ਸਕਦੀਆਂ ਹਨ। ਇਸੇ ਕਾਰਨ ਕਾਂਗਰਸ ਨੇ ਹੁਣ ਤੋਂ ਹੀ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਹ 9 ਦਿਨਾਂ ਵਿਸ਼ੇਸ਼ ਦੌਰਾ ਉਲੀਕਿਆ ਹੈ।
ਪ੍ਰਭਾਰੀ ਭੂਪੇਸ਼ ਬਘੇਲ ਸਾਹਮਣੇ Punjab Congress ਦੀਆਂ ਵੱਡੀਆਂ ਚੁਣੌਤੀਆਂ
ਪੰਜਾਬ ਕਾਂਗਰਸ (Punjab Congress) ਦਾ ਚਾਰਜ ਸੰਭਾਲਣ ਤੋਂ ਬਾਅਦ ਭੂਪੇਸ਼ ਬਘੇਲ ਲਈ ਇਹ ਦੌਰਾ ਕਿਸੇ ਵੱਡੀ ਪ੍ਰੀਖਿਆ ਤੋਂ ਘੱਟ ਨਹੀਂ ਹੈ। ਉਨ੍ਹਾਂ ਦੇ ਸਾਹਮਣੇ ਮੁੱਖ ਤੌਰ ‘ਤੇ ਦੋ ਵੱਡੀਆਂ ਚੁਣੌਤੀਆਂ ਹਨ।
ਗੁੱਟਬੰਦੀ ਖ਼ਤਮ ਕਰਕੇ ਸਾਰਿਆਂ ਨੂੰ ਇੱਕ ਮੰਚ ‘ਤੇ ਲਿਆਉਣਾ: ਆਪਣੇ ਪਿਛਲੇ ਦੌਰੇ ਦੌਰਾਨ ਵੀ ਬਘੇਲ ਧੜੇਬੰਦੀ ਨੂੰ ਸ਼ਾਂਤ ਕਰਨ ਵਿੱਚ ਅਸਫ਼ਲ ਰਹੇ ਸਨ। ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਸਮਰਥਕਾਂ ਨੇ ਸਰਕਾਰੀ ਤੇ ਸੰਗਠਨਾਤਮਕ ਬੈਠਕਾਂ ਤੋਂ ਦੂਰੀ ਬਣਾ ਕੇ ਰੱਖੀ ਸੀ। ਅਜਿਹੇ ਵਿੱਚ ਸਾਰੇ ਨਾਰਾਜ਼ ਨੇਤਾਵਾਂ ਨੂੰ ਇੱਕ ਛੱਤ ਹੇਠ ਲਿਆਉਣਾ ਬਘੇਲ ਲਈ ਸਭ ਤੋਂ ਔਖਾ ਕੰਮ ਹੋਵੇਗਾ।
ਹਾਈਕਮਾਂਡ ਦੇ ਹੁਕਮਾਂ ਨੂੰ ਲਾਗੂ ਕਰਵਾਉਣਾ: 1 ਜੁਲਾਈ ਨੂੰ ਚੋਣ ਕਮੇਟੀਆਂ ਦੇ ਗਠਨ ਤੋਂ ਬਾਅਦ ਅਸੰਤੁਸ਼ਟਤਾ ਹੋਰ ਵਧ ਗਈ ਸੀ। ਹਾਈਕਮਾਂਡ ਨੇ ਸਾਫ਼ ਕਰ ਦਿੱਤਾ ਹੈ ਕਿ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ। ਪਰ ਚੰਨੀ ਧੜਾ ਵੜਿੰਗ ਦੀ ਅਗਵਾਈ ਵਿੱਚ ਕੰਮ ਕਰਨ ਲਈ ਤਿਆਰ ਨਹੀਂ ਹੈ। ਨਾ ਹੀ ਉਨ੍ਹਾਂ ਨੇ ਚੋਣ ਕਮੇਟੀਆਂ ਵਿੱਚ ਕੰਮ ਸ਼ੁਰੂ ਕੀਤਾ ਹੈ। ਇਸ ਲਈ ਹਾਈਕਮਾਂਡ ਦੇ ਫ਼ੈਸਲਿਆਂ ਨੂੰ ਜ਼ਮੀਨ ‘ਤੇ ਲਾਗੂ ਕਰਵਾਉਣਾ ਬਘੇਲ ਲਈ ਵੱਡਾ ਇਮਤਿਹਾਨ ਹੈ।
ਪਿਛਲੇ ਦੌਰੇ ਸਮੇਂ ਵੀ ਭੂਪੇਸ਼ ਬਘੇਲ ਦਾ ਮੁੱਖ ਮਕਸਦ ਚੰਨੀ ਅਤੇ ਵੜਿੰਗ ਧੜੇ ਦੇ ਮਤਭੇਦਾਂ ਨੂੰ ਸੁਲਝਾਉਣਾ ਸੀ। ਪਰ ਚੰਨੀ ਅਤੇ ਰੰਧਾਵਾ ਖੇਮੇ ਨੇ ਸ਼ੁਰੂਆਤੀ ਬੈਠਕਾਂ ਦਾ ਬਾਈਕਾਟ ਕੀਤਾ ਅਤੇ ਵੱਖਰੀਆਂ ਬੈਠਕਾਂ ਕਰਕੇ ਆਪਣੀ ਨਾਰਾਜ਼ਗੀ ਜਤਾਈ। ਨਾਰਾਜ਼ ਆਗੂਆਂ ਨੇ ਸਾਫ਼ ਸ਼ਬਦਾਂ ਵਿੱਚ ਵੜਿੰਗ ਨੂੰ ਹਟਾਉਣ ਦੀ ਮੰਗ ਕੀਤੀ ਸੀ। ਬਘੇਲ ਨੇ ਸਪੱਸ਼ਟ ਕੀਤਾ ਸੀ ਕਿ ਲੀਡਰਸ਼ਿਪ ਬਦਲਣ ਦਾ ਅਧਿਕਾਰ ਸਿਰਫ਼ ਹਾਈਕਮਾਂਡ ਕੋਲ ਹੈ, ਪਰ ਇਸ ਨਾਲ ਚੰਨੀ ਖੇਮਾ ਸ਼ਾਂਤ ਨਹੀਂ ਹੋਇਆ।
ਪੰਜਾਬ ਕਾਂਗਰਸ (Punjab Congress) ਅੰਦਰ ਚੱਲ ਰਹੀ ਇਹ ਖਿੱਚੋਤਾਣ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਭੂਪੇਸ਼ ਬਘੇਲ ਦਾ ਇਹ 9 ਦਿਨਾਂ ਪੰਜਾਬ ਦੌਰਾ ਇਹ ਤੈਅ ਕਰੇਗਾ ਕਿ ਕਾਂਗਰਸ ਇੱਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਉਤਰੇਗੀ ਜਾਂ ਫਿਰ ਧੜੇਬੰਦੀ ਕਾਰਨ ਪਾਰਟੀ ਨੂੰ ਇੱਕ ਵਾਰ ਫਿਰ ਵੱਡਾ ਸਿਆਸੀ ਖ਼ਾਮਿਆਜ਼ਾ ਭੁਗਤਣਾ ਪਵੇਗਾ।
ਹੋਰ ਖ਼ਬਰਾਂ: Raghav Chadha ਦਾ ਵੱਡਾ ਬਿਆਨ, ਪੰਜਾਬ ‘ਚ 7 ਪ੍ਰੀਖਿਆਵਾਂ ‘ਚ ਹੋਈਆਂ ਗੜਬੜੀਆਂ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

