Canada Student Deportation Threat: ਲੱਖਾਂ ਰੁਪਏ ਖ਼ਰਚ ਕੇ ਸੁਪਨਿਆਂ ਦੇ ਦੇਸ਼ ਕੈਨੇਡਾ (Canada) ਗਏ ਭਾਰਤੀ ਵਿਦਿਆਰਥੀਆਂ, ਵਿਸ਼ੇਸ਼ ਤੌਰ ‘ਤੇ ਪੰਜਾਬੀ ਨੌਜਵਾਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੈਨੇਡਾ (Canada) ਇਮੀਗ੍ਰੇਸ਼ਨ ਵਿਭਾਗ ਵੱਲੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (Post Graduation Work Permit – PGWP) ਦੀਆਂ ਅਰਜ਼ੀਆਂ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਹਜ਼ਾਰਾਂ ਵਿਦਿਆਰਥੀਆਂ ‘ਤੇ ਡਿਪੋਰਟ (ਦੇਸ਼ ਨਿਕਾਲਾ) ਹੋਣ ਦੀ ਤਲਵਾਰ ਲਟਕ ਰਹੀ ਹੈ। ਇਸ ਗੰਭੀਰ ਸਥਿਤੀ ਕਾਰਨ ਜਿੱਥੇ ਵਿਦਿਆਰਥੀ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ, ਉੱਥੇ ਹੀ ਕਈ ਨੌਜਵਾਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ।
ਕੈਲਗਿਰੀ ‘ਚ ਪੰਜਾਬੀ ਵਿਦਿਆਰਥੀਆਂ ਦਾ ਪ੍ਰਦਰਸ਼ਨ
ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸਥਿਤ ਕੈਲਗਿਰੀ ਸ਼ਹਿਰ ਤੋਂ ਸਾਹਮਣੇ ਆਈ ਰਿਪੋਰਟ ਮੁਤਾਬਕ ਲਗਭਗ 1,000 ਭਾਰਤੀ ਵਿਦਿਆਰਥੀ ਪਿਛਲੇ 3 ਹਫ਼ਤਿਆਂ ਤੋਂ ਲਗਾਤਾਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਵਿੱਚੋਂ ਬਹੁਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ।
ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਦਾਅਵਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਉਹਨਾਂ ਅਨੁਸਾਰ, ਲਗਭਗ 500 ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਸਿੱਧੇ ਤੌਰ ‘ਤੇ ਰੱਦ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਸ ਕਾਲਜ ਅਤੇ ਕੋਰਸ ਦੇ ਭਰੋਸੇ ਉਹਨਾਂ ਨੇ ਲੱਖਾਂ ਰੁਪਏ ਦੀਆਂ ਫੀਸਾਂ ਭਰ ਕੇ ਪੜ੍ਹਾਈ ਪੂਰੀ ਕੀਤੀ ਸੀ, ਹੁਣ ਉਸ ਪੜ੍ਹਾਈ ਨੂੰ ‘ਨਾਨ-ਕ੍ਰੇਡਿਟੇਬਲ’ (Non-Creditable) ਦੱਸ ਕੇ ਵਰਕ ਪਰਮਿਟ ਦੇਣ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ।
ਦੋਹਰੇ ਮਾਪਦੰਡਾਂ ਦਾ ਦੋਸ਼
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਇਮੀਗ੍ਰੇਸ਼ਨ ਵਿਭਾਗ ‘ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾਏ ਹਨ। ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਨਾਲ ਹੀ ਪੜ੍ਹਨ ਵਾਲੇ ਕੁਝ ਸਾਥੀਆਂ ਨੂੰ 3-3 ਸਾਲ ਦੇ ਵਰਕ ਪਰਮਿਟ ਮਿਲ ਗਏ ਹਨ, ਜਦਕਿ ਉਸੇ ਹੀ ਕਾਲਜ ਅਤੇ ਉਸੇ ਕੋਰਸ ਦੇ ਆਧਾਰ ‘ਤੇ ਅਪਲਾਈ ਕਰਨ ਵਾਲੇ ਦੂਜੇ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਸ ਕਾਰਨ ਵਿਦਿਆਰਥੀਆਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਅਚਾਨਕ ਕੀਤੇ ਗਏ ਬਦਲਾਅ ਕਾਰਨ ਉਹਨਾਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ।
ਕਾਨੂੰਨੀ ਸਟੇਟਸ ਅਤੇ ਕਮਾਈ ਦਾ ਸੰਕਟ
ਵਰਕ ਪਰਮਿਟ ਅਰਜ਼ੀਆਂ ਰੱਦ ਹੋਣ ਨਾਲ ਵਿਦਿਆਰਥੀਆਂ ਦੇ ਸਾਹਮਣੇ ਕਾਨੂੰਨੀ ਸਟੇਟਸ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਅਰਜ਼ੀ ਰੱਦ ਹੁੰਦਿਆਂ ਹੀ ਵਿਦਿਆਰਥੀ ਦਾ ਕਾਨੂੰਨੀ ਤੌਰ ‘ਤੇ ਕੈਨੇਡਾ ਵਿੱਚ ਰਹਿਣ ਦਾ ਅਧਿਕਾਰ ਖ਼ਤਮ ਹੋ ਜਾਂਦਾ ਹੈ। ਵਰਕ ਪਰਮਿਟ ਨਾ ਹੋਣ ਕਾਰਨ ਉਹ ਕਾਨੂੰਨੀ ਤੌਰ ‘ਤੇ ਕੋਈ ਜੋਬ ਜਾਂ ਕੰਮ ਨਹੀਂ ਕਰ ਸਕਦੇ ਅਤੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਅਤੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋ ਰਹੀ ਹੈ ਜਾਂ ਰੱਦ ਕੀਤੀ ਜਾ ਰਹੀ ਹੈ। ਸਿਰ ‘ਤੇ ਲੱਖਾਂ ਰੁਪਏ ਦਾ ਬੈਂਕ ਕਰਜ਼ਾ ਹੋਣ ਕਾਰਨ ਵਿਦਿਆਰਥੀ ਆਪਣੇ ਪਰਿਵਾਰਾਂ ਨੂੰ ਸੱਚ ਦੱਸਣ ਤੋਂ ਵੀ ਡਰ ਰਹੇ ਹਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਮਦਦ ਲਈ ਅੱਗੇ
ਇਸ ਔਖੀ ਘੜੀ ਵਿੱਚ ਕੈਲਗਿਰੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਈ ਹੈ। ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਰਹਿਣ, ਖਾਣ-ਪੀਣ, ਲੰਗਰ ਜਾਂ ਰਾਸ਼ਨ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਗੁਰੂ ਘਰ ਦੇ ਦਰਵਾਜ਼ੇ ਹਰ ਲੋੜਵੰਦ ਵਿਦਿਆਰਥੀ ਲਈ 24 ਘੰਟੇ ਖੁੱਲ੍ਹੇ ਹਨ। ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਹਿੰਮਤ ਨਾ ਹਾਰਨ ਅਤੇ ਮਾਨਸਿਕ ਤਣਾਅ ਤੋਂ ਬਚਣ ਦੀ ਅਪੀਲ ਕੀਤੀ ਹੈ।
ਕਾਨੂੰਨੀ ਮਾਹਿਰਾਂ ਦੀ ਵਿਦਿਆਰਥੀਆਂ ਨੂੰ ਮਹੱਤਵਪੂਰਨ ਸਲਾਹ
ਇਮੀਗ੍ਰੇਸ਼ਨ ਮਾਹਿਰਾਂ ਅਤੇ ਵਕੀਲਾਂ ਨੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਕੁਝ ਅਹਿਮ ਕਾਨੂੰਨੀ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਵਿਦਿਆਰਥੀ ਬਿਨਾਂ ਕਾਰਨ ਸਮਝੇ ਦੁਬਾਰਾ ਉਹੀ ਵਰਕ ਪਰਮਿਟ ਅਰਜ਼ੀ ਨਾ ਭਰਨ। ਅਰਜ਼ੀ ਰੱਦ ਹੋਣ ਦੇ ਫੈਸਲੇ ਨੂੰ ਫੈਡਰਲ ਕੋਰਟ (Federal Court) ਵਿੱਚ ਜੁਡੀਸ਼ੀਅਲ ਰਿਵਿਊ ਲਈ ਚੈਲੇਂਜ ਕੀਤਾ ਜਾ ਸਕਦਾ ਹੈ। ਰਿਜੈਕਸ਼ਨ ਦੇ 90 ਦਿਨਾਂ ਦੇ ਅੰਦਰ-ਅੰਦਰ ਕਿਸੇ ਮਾਨਤਾ ਪ੍ਰਾਪਤ ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਟ (DLI) ਵਿੱਚ ਨਵਾਂ ਕੋਰਸ ਲੈ ਕੇ ਆਪਣਾ ਸਟੂਡੈਂਟ ਸਟੇਟਸ ਬਹਾਲ ਕਰਵਾਉਣ ਦੀ ਕੋਸ਼ਿਸ਼ ਕਰਨ।
ਕੈਨੇਡਾ (Canada) ਸਰਕਾਰ ਦਾ ਪੱਖ
ਦੂਜੇ ਪਾਸੇ, ਕੈਨੇਡੀਅਨ (Canada) ਸਰਕਾਰ ਅਤੇ ਇਮੀਗ੍ਰੇਸ਼ਨ ਵਿਭਾਗ (IRCC) ਦਾ ਕਹਿਣਾ ਹੈ ਕਿ ਦੇਸ਼ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਲਈ ਨਿਯਮਾਂ ਵਿੱਚ ਸਖ਼ਤੀ ਕੀਤੀ ਗਈ ਹੈ। ਸਰਕਾਰ ਨੇ ਸਾਫ਼ ਕੀਤਾ ਹੈ ਕਿ ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਵੈਧ ਵਰਕ ਪਰਮਿਟ ਜਾਂ ਪੱਕੀ ਰਿਹਾਇਸ਼ (PR) ਨਹੀਂ ਹੋਵੇਗੀ, ਉਹਨਾਂ ਨੂੰ ਵੀਜ਼ਾ ਮਿਆਦ ਪੂਰੀ ਹੋਣ ‘ਤੇ ਆਪਣੇ ਦੇਸ਼ ਵਾਪਸ ਜਾਣਾ ਹੀ ਪਵੇਗਾ।
ਕੈਨੇਡਾ (Canada) ਸਰਕਾਰ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਸਭ ਤੋਂ ਵੱਡਾ ਖ਼ਾਮਿਆਜ਼ਾ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਭੁਗਤਣਾ ਪੈ ਰਿਹਾ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੀਆਂ ਜ਼ਮੀਨਾਂ ਗਹਿਣੇ ਧਰ ਕੇ ਜਾਂ ਭਾਰੀ ਕਰਜ਼ੇ ਲੈ ਕੇ ਵਿਦੇਸ਼ਾਂ ਵਿੱਚ ਪੜ੍ਹਾਈ ਕੀਤੀ ਸੀ। ਹੁਣ ਦੇਸ਼ ਨਿਕਾਲੇ ਦਾ ਖ਼ਤਰਾ ਬਣਨ ਨਾਲ ਪੰਜਾਬ ਵਿੱਚ ਬੈਠੇ ਮਾਪੇ ਵੀ ਡੂੰਘੀ ਚਿੰਤਾ ਵਿੱਚ ਹਨ। ਲੋੜ ਹੈ ਕਿ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲਾ ਇਸ ਮੁੱਦੇ ‘ਤੇ ਕੈਨੇਡਾ ਸਰਕਾਰ ਨਾਲ ਗੱਲਬਾਤ ਕਰਕੇ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਬਚਾਉਣ ਲਈ ਠੋਸ ਹੱਲ ਕੱਢੇ।
ਹੋਰ ਖ਼ਬਰਾਂ: Amritpal Singh ਦੇ 3000 ਸਮਰਥਕਾਂ ‘ਤੇ ਪੁਲਿਸ ਨੇ ਦਰਜ਼ ਕੀਤੀ FIR ਦਰਜ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

