ਰਾਜਨੀਤੀ

Punjab Congress: ਹਾਈਕਮਾਨ ਨੇ ਸੱਦੀ ਮੀਟਿੰਗ, ਚੰਨੀ ਤੇ ਵੜਿੰਗ ਹੋਣਗੇ ਆਹਮੋ-ਸਾਹਮਣੇ!

📷 ਦਿੱਲੀ 'ਚ ਚੰਨੀ ਤੇ ਵੜਿੰਗ ਹੋਣਗੇ ਆਹਮੋ-ਸਾਹਮਣੇ!

Punjab Congress: ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਆਗੂਆਂ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਇੱਕ ਬਹੁਤ ਹੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਾਰਟੀ ਦੇ ਅੰਦਰ ਚੱਲ ਰਹੇ ਜਬਰਦਸਤ ਹੰਗਾਮੇ ਨੂੰ ਸ਼ਾਂਤ ਕਰਨ ਲਈ ਕਾਂਗਰਸ ਹਾਈਕਮਾਨ (Congress High Command) ਨੇ ਐਕਸ਼ਨ ਮੋਡ ਵਿੱਚ ਆਉਂਦਿਆਂ ਪੰਜਾਬ ਕਾਂਗਰਸ (Punjab Congress) ਦੀ ਇੱਕ ਅਹਿਮ ਅਤੇ ਹੰਗਾਮੀ ਮੀਟਿੰਗ ਦਿੱਲੀ ਵਿੱਚ ਤਲਬ ਕਰ ਲਈ ਹੈ।

ਮੰਗਲਵਾਰ ਨੂੰ ਦਿੱਲੀ ਦੇ ਇੰਦਰਾ ਭਵਨ ਵਿਖੇ ਹੋਣ ਵਾਲੀ ਇਸ ਉੱਚ ਪੱਧਰੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਹਮੋ-ਸਾਹਮਣੇ ਹੋਣ ਦੀ ਪੂਰੀ ਉਮੀਦ ਹੈ। ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਇਹ ਮੀਟਿੰਗ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਗਠਿਤ ਕੀਤੀਆਂ ਗਈਆਂ ਵੱਖ-ਵੱਖ ਕਮੇਟੀਆਂ ਦੇ ਕੰਮਕਾਜ ਦੀ ਸਮੀਖਿਆ ਅਤੇ ਜ਼ਿੰਮੇਵਾਰੀਆਂ ਸੌਂਪਣ ਲਈ ਬੁਲਾਈ ਹੈ।

ਦਿੱਲੀ ਮੀਟਿੰਗ ਦਾ ਏਜੰਡਾ 

ਇਸ ਮੀਟਿੰਗ ਨੂੰ ਪੰਜਾਬ ਕਾਂਗਰਸ (Punjab Congress) ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਿਆਸੀ ਬੈਠਕ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਵਿੱਚ ਸੰਗਠਨ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ (K.C. Venugopal) ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ। ਹਾਈਕਮਾਨ ਵੱਲੋਂ ਸੂਬਾ ਪ੍ਰਧਾਨ ਰਾਜਾ ਵੜਿੰਗ ਤੋਂ ਇਲਾਵਾ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਕੋਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ, ਅਤੇ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਵਿਜੇ ਇੰਦਰ ਸਿੰਗਲਾ ਸਮੇਤ ਸਾਰੇ ਕਾਰਜਕਾਰੀ ਪ੍ਰਧਾਨਾਂ ਅਤੇ ਸਹਿ-ਚੇਅਰਮੈਨਾਂ ਨੂੰ ਦਿੱਲੀ ਬੁਲਾਇਆ ਗਿਆ ਹੈ। ਹਾਲਾਂਕਿ, ਸਿਆਸੀ ਗਲਿਆਰਿਆਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਕੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ ਜਾਂ ਨਹੀਂ।

ਕਾਂਗਰਸ (Punjab Congress) ਦੇ ਅੰਦਰੂਨੀ ਕਲੇਸ਼ ਦੀ ਵਜ੍ਹਾ

ਦਰਅਸਲ, ਪੰਜਾਬ ਕਾਂਗਰਸ (Punjab Congress) ਵਿੱਚ ਪਿਛਲੇ ਕੁਝ ਸਮੇਂ ਤੋਂ ਦੋ ਵੱਡੇ ਧੜੇ ਸਾਫ਼ ਨਜ਼ਰ ਆ ਰਹੇ ਹਨ। ਚੰਨੀ ਅਤੇ ਰੰਧਾਵਾ ਧੜੇ ਨੇ ਖੁੱਲ੍ਹੇਆਮ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਲੀਡਰਸ਼ਿਪ ਯੋਗਤਾ ‘ਤੇ ਸਵਾਲ ਚੁੱਕੇ ਹਨ। “ਪਾਰਟੀ ਹਾਈਕਮਾਨ ਵੱਲੋਂ ਚੋਣਾਂ ਲਈ ਚਾਰ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤੇ ਜਾਣ ਤੋਂ ਤੁਰੰਤ ਬਾਅਦ ਪੰਜਾਬ ਵਿੱਚ ਚੰਨੀ ਧੜੇ ਨੇ ਰਾਜਾ ਵੜਿੰਗ ਖ਼ਿਲਾਫ਼ ਇੱਕ ਗੁਪਤ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਕਮੇਟੀਆਂ ਵਿੱਚ ਜ਼ਿਆਦਾਤਰ ਆਗੂ ਚੰਨੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਇਸ ਬਗਾਵਤੀ ਸੁਰ ਨੂੰ ਦੇਖਦਿਆਂ ਹੀ ਹੁਣ ਭੁਪੇਸ਼ ਬਘੇਲ ਨੇ ਸਾਰੇ ਆਗੂਆਂ ਨੂੰ ਦਿੱਲੀ ਤਲਬ ਕੀਤਾ ਹੈ ਤਾਂ ਜੋ ਸਾਰਿਆਂ ਨੂੰ ਉਨ੍ਹਾਂ ਦੀਆਂ ਸੰਗਠਨਾਤਮਕ ਜ਼ਿੰਮੇਵਾਰੀਆਂ ਸਿੱਧੇ ਤੌਰ ‘ਤੇ ਸੌਂਪੀਆਂ ਜਾ ਸਕਣ ਅਤੇ ਅਨੁਸ਼ਾਸਨਹੀਣਤਾ ਨੂੰ ਨੱਥ ਪਾਈ ਜਾ ਸਕੇ।

ਹਾਈਕਮਾਨ ਲੈ ਸਕਦੀ ਹੈ ਸਖ਼ਤ ਐਕਸ਼ਨ 

ਸੂਤਰਾਂ ਮੁਤਾਬਕ, ਹਾਈਕਮਾਨ ਪੰਜਾਬ ਵਿੱਚ ਚੱਲ ਰਹੇ ਇਸ ਜਨਤਕ ਟਕਰਾਅ ਤੋਂ ਬੇਹੱਦ ਖਫ਼ਾ ਹੈ। ਚੋਣਾਂ ਸਿਰ ‘ਤੇ ਹੋਣ ਕਾਰਨ ਪਾਰਟੀ ਕਿਸੇ ਵੀ ਤਰ੍ਹਾਂ ਦਾ ਅੰਦਰੂਨੀ ਨੁਕਸਾਨ ਬਰਦਾਸ਼ਤ ਕਰਨ ਦੇ ਮੂਡ ਵਿੱਚ ਨਹੀਂ ਹੈ। ਕੇ.ਸੀ. ਵੇਣੂਗੋਪਾਲ ਦੀ ਮੌਜੂਦਗੀ ਇਸ ਗੱਲ ਦਾ ਸੰਕੇਤ ਹੈ ਕਿ ਜੇਕਰ ਕੋਈ ਵੀ ਆਗੂ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਚੱਲਣ ਦੀ ਕੋਸ਼ਿਸ਼ ਕਰੇਗਾ, ਤਾਂ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਹਾਲਾਂਕਿ, ਕੁਝ ਦਿਨ ਪਹਿਲਾਂ ਚੰਨੀ ਧੜੇ ਦੀ ਹਾਈਕਮਾਨ ਨਾਲ ਇੱਕ ਵੱਖਰੀ ਮੀਟਿੰਗ ਵੀ ਹੋਈ ਸੀ, ਜਿਸ ਤੋਂ ਬਾਅਦ ਚਰਨਜੀਤ ਚੰਨੀ ਨੇ ‘ਆਲ ਇਜ਼ ਵੈੱਲ’ (ਸਭ ਕੁਝ ਠੀਕ ਹੈ) ਦਾ ਰਾਗ ਅਲਾਪਿਆ ਸੀ। ਪਰ ਦੂਜੇ ਪਾਸੇ, ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਸੂਬਾ ਪ੍ਰਧਾਨ ਵਿਰੁੱਧ ਹਮਲਾਵਰ ਰੁਖ਼ ਅਪਣਾਏ ਹੋਏ ਹਨ।

ਪੰਜਾਬ ਵਿੱਚ ਖੁੱਲ੍ਹੇ ਟਕਰਾਅ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬ ਕਾਂਗਰਸ (Punjab Congress) ਦੇ ਸਾਰੇ ਚੋਟੀ ਦੇ ਆਗੂ ਇੱਕੋ ਛੱਤ ਹੇਠ ਇਕੱਠੇ ਬੈਠਣਗੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਹਾਈਕਮਾਨ ਇਸ ਮੀਟਿੰਗ ਵਿੱਚ ਚੰਨੀ, ਰੰਧਾਵਾ ਅਤੇ ਵੜਿੰਗ ਵਿਚਾਲੇ ਪੈਦਾ ਹੋਈ ਖਾਈ ਨੂੰ ਪੂਰਨ ਵਿੱਚ ਨਾਕਾਮ ਰਹਿੰਦੀ ਹੈ, ਤਾਂ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਇਸ ਦਾ ਵੱਡਾ ਖ਼ਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਭੁਪੇਸ਼ ਬਘੇਲ ਲਈ ਇਹ ਮੀਟਿੰਗ ਇੱਕ ਵੱਡੀ ਅਗਨੀਪ੍ਰੀਖਿਆ ਵਾਂਗ ਹੈ, ਜਿੱਥੇ ਉਨ੍ਹਾਂ ਨੇ ਨਾ ਸਿਰਫ਼ ਕਮੇਟੀਆਂ ਦੇ ਚੇਅਰਮੈਨਾਂ ਨੂੰ ਕੰਮ ਵੰਡਣੇ ਹਨ, ਬਲਕਿ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਖ਼ਤਮ ਕਰਕੇ ਇੱਕਜੁਟਤਾ ਦਾ ਸੰਦੇਸ਼ ਵੀ ਦੇਣਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੰਗਲਵਾਰ ਨੂੰ ਦਿੱਲੀ ਦੇ ਇੰਦਰਾ ਭਵਨ ਤੋਂ ਪੰਜਾਬ ਕਾਂਗਰਸ ਲਈ ਇਨਸਾਫ਼ ਅਤੇ ਏਕਤਾ ਦਾ ਫਾਰਮੂਲਾ ਨਿਕਲਦਾ ਹੈ ਜਾਂ ਫਿਰ ਬਗਾਵਤ ਦੀ ਅੱਗ ਹੋਰ ਭੜਕਦੀ ਹੈ।

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories