ਦੁਨੀਆ

CJP Parliament March: ਹਜ਼ਾਰਾਂ ਪ੍ਰਦਰਸ਼ਨਕਾਰੀ ਵੱਲੋਂ ਸੰਸਦ ਮਾਰਚ, ਪੁਲਿਸ ਨੇ ਕੀਤਾ ਲਾਠੀਚਾਰਜ ਤੇ ਛੱਡੇ ਅੱਥਰੂ ਗੈਸ ਦੇ ਗੋਲੇ

ਦਿੱਲੀ ਵਿੱਚ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਕਾਕਰੋਚ ਜਨਤਾ ਪਾਰਟੀ (CJP) ਦੇ “ਚਲੋ ਸੰਸਦ” ਮਾਰਚ ਦੌਰਾਨ ਭਾਰੀ ਤਣਾਅ ਦੇਖਿਆ ਗਿਆ। ਹਜ਼ਾਰਾਂ ਵਿਦਿਆਰਥੀ, ਨੌਜਵਾਨ, ਪੇਸ਼ੇਵਰ ਅਤੇ ਹੋਰ ਸਮਰਥਕ ਜੰਤਰ-ਮੰਤਰ ਤੋਂ ਸੰਸਦ ਵੱਲ ਮਾਰਚ ਕਰਨ ਲਈ ਇਕੱਠੇ ਹੋਏ। ਪ੍ਰਦਰਸ਼ਨਕਾਰੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਅਤੇ NEET ਸਮੇਤ ਪ੍ਰੀਖਿਆਵਾਂ ਵਿੱਚ ਕਥਿਤ ਪੇਪਰ ਲੀਕ ਨੂੰ ਹੱਲ ਕਰਨ ਦੀ ਮੰਗ ਕਰ ਰਹੇ ਸਨ।

ਮਾਰਚ ਲਈ ਇਜਾਜ਼ਤ ਦੀ ਘਾਟ ਅਤੇ ਸੰਸਦ ਖੇਤਰ ਦੇ ਉੱਚ-ਸੁਰੱਖਿਆ ਜ਼ੋਨ ਵਿੱਚ ਪਾਬੰਦੀਆਂ ਦਾ ਹਵਾਲਾ ਦਿੰਦੇ ਹੋਏ, ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡ ਲਗਾਏ ਸਨ। ਹਾਲਾਂਕਿ, ਜਿਵੇਂ-ਜਿਵੇਂ ਭੀੜ ਵਧਦੀ ਗਈ, ਕਈ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਾਂ ਨੂੰ ਪਾਰ ਕਰਕੇ ਸੰਸਦ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਟਕਰਾਅ ਹੋ ਗਿਆ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੋਵਾਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ।

ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਸੰਸਦ ਵੱਲ ਵਧੇ, ਪੁਲਿਸ ਨੇ ਲਾਠੀਚਾਰਜ ਕੀਤਾ ਤੇ ਛੱਡੇ ਅੱਥਰੂ ਗੈਸ ਦੇ ਗੋਲੇ

ਕਾਕਰੋਚ ਜਨਤਾ ਪਾਰਟੀ (CJP) ਨੇ 20 ਜੁਲਾਈ ਨੂੰ ‘ਚਲੋ ਸੰਸਦ’ ਮਾਰਚ ਦਾ ਸੱਦਾ ਦਿੱਤਾ ਸੀ। ਸਵੇਰ ਤੋਂ ਹੀ ਦਿੱਲੀ ਦੇ ਜੰਤਰ-ਮੰਤਰ ਅਤੇ ਆਸਪਾਸ ਦੇ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਲੋਕ ਪੁੱਜਣੇ ਸ਼ੁਰੂ ਹੋ ਗਏ ਹਨ। ਪ੍ਰਦਰਸ਼ਨ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਤੋਂ ਇਲਾਵਾ ਪੇਸ਼ੇਵਰਾਂ ਅਤੇ ਬੱਚਿਆਂ ਦੇ ਨਾਲ ਕੁਝ ਪਰਿਵਾਰਾਂ ਦੀ ਮੌਜੂਦਗੀ ਵੀ ਦਿਖਾਈ ਦਿੱਤੀ। ਕਈ ਪ੍ਰਦਰਸ਼ਨਕਾਰੀ ਹੱਥਾਂ ਵਿੱਚ ਤਿਰੰਗੇ ਲੈ ਕੇ ਪਹੁੰਚੇ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ।

ਦਿੱਲੀ ਪੁਲਿਸ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸੰਸਦ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਬਿਨਾਂ ਇਜਾਜ਼ਤ ਜਲੂਸਾਂ ਅਤੇ ਵੱਡੇ ਇਕੱਠਾਂ ‘ਤੇ ਪਾਬੰਦੀ ਲਾਗੂ ਹੈ। ਸੰਸਦ ਦਾ ਮਾਨਸੂਨ ਸੈਸ਼ਨ ਵੀ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸੰਸਦ ਭਵਨ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸੁਰੱਖਿਆ ਦੇ ਪ੍ਰਬੰਧ ਪਹਿਲਾਂ ਤੋਂ ਹੀ ਸਖਤ ਕਰ ਦਿੱਤੇ ਗਏ ਸਨ।

ਦਿੱਲੀ ਪੁਲਿਸ ਦੇ ਨਾਲ-ਨਾਲ ਰੈਪਿਡ ਐਕਸ਼ਨ ਫੋਰਸ (ਆਰਏਐਫ) ਦੇ ਜਵਾਨ ਵੀ ਜੰਤਰ-ਮੰਤਰ, ਸੰਸਦ ਮਾਰਗ ਅਤੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਤਾਇਨਾਤ ਕੀਤੇ ਗਏ ਹਨ। ਪੁਲਿਸ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ‘ਤੇ ਨਿਰਧਾਰਤ ਸਥਾਨ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧਣ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਖਬਰਾਂ ਮੁਤਾਬਕ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਬੈਰੀਕੇਡ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੰਸਦ ਵੱਲ ਵਧਣਾ ਸ਼ੁਰੂ ਕਰ ਦਿੱਤਾ। ਕੁਝ ਪ੍ਰਦਰਸ਼ਨਕਾਰੀ ਰਾਏਸੀਨਾ ਰੋਡ ਚੌਕ ‘ਤੇ ਪਹੁੰਚ ਗਏ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕਣ ਲਈ ਕਾਰਵਾਈ ਕੀਤੀ।

ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਾ ਵਧਣ ਲਈ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ, ਪਰ ਜਦੋਂ ਉਨ੍ਹਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਨੂੰ ਕਾਬੂ ਕਰਨ ਲਈ ਤਾਕਤ ਦੀ ਵਰਤੋਂ ਕਰਨੀ ਪਈ।

ਝੜਪ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਪ੍ਰਦਰਸ਼ਨਕਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਵੀ ਸਾਹਮਣੇ ਆਈ ਹੈ, ਹਾਲਾਂਕਿ ਜ਼ਖਮੀਆਂ ਦੀ ਅਧਿਕਾਰਤ ਗਿਣਤੀ ਬਾਰੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ।

ਇਸ ਸਾਰੀ ਘਟਨਾ ਦੌਰਾਨ ਪ੍ਰਦਰਸ਼ਨਕਾਰੀ ਸੰਸਦ ਵੱਲ ਵਧਣ ਦੀ ਕੋਸ਼ਿਸ਼ ਕਰਦੇ ਰਹੇ ਅਤੇ ਪੁਲਿਸ ਨੇ ਉਨ੍ਹਾਂ ਨੂੰ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ।

20 ਜੁਲਾਈ ਦੇ ਵਿਰੋਧ ਪ੍ਰਦਰਸ਼ਨ ਦੌਰਾਨ, ਸੀਜੇਪੀ ਦੇ ਪ੍ਰਤੀਨਿਧੀਆਂ ਅਤੇ ਸਰਕਾਰ ਵਿਚਕਾਰ ਗੱਲਬਾਤ ਦੀਆਂ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਅੰਦੋਲਨ ਦੇ ਕੁਝ ਪ੍ਰਤੀਨਿਧੀਆਂ ਨੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਨਾਲ ਮੁਲਾਕਾਤ ਕੀਤੀ, ਜਦੋਂ ਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਸੰਸਦ ਵੱਲ ਮਾਰਚ ਕਰਦੇ ਰਹੇ।

ਸੁਰੱਖਿਆ ਏਜੰਸੀਆਂ ਇਸ ਸਮੇਂ ਦਿੱਲੀ ਵਿੱਚ ਇਸ ਵਿਸ਼ਾਲ ਪ੍ਰਦਰਸ਼ਨ ਤੋਂ ਬਾਅਦ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਬਿਨਾਂ ਇਜਾਜ਼ਤ ਦੇ ਉੱਚ-ਸੁਰੱਖਿਆ ਵਾਲੇ ਸੰਸਦ ਖੇਤਰ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਸਨ, ਜਦੋਂ ਕਿ ਪ੍ਰਦਰਸ਼ਨਕਾਰੀ ਕਹਿੰਦੇ ਹਨ ਕਿ ਉਹ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਸਬੰਧਤ ਸਵਾਲਾਂ ‘ਤੇ ਸਰਕਾਰ ਤੋਂ ਜਵਾਬ ਚਾਹੁੰਦੇ ਹਨ।

ਹੋਰ ਖ਼ਬਰਾਂ ਪੜ੍ਹੋਂ: NEET-UG ਅਤੇ CBSE ਮਾਰਕਿੰਗ ਪ੍ਰਣਾਲੀਆਂ ਨੂੰ ਲੈ ਕੇ ਸੰਸਦ ਵਿੱਚ ਹੋਇਆ ਹੰਗਾਮਾ, ਕਾਂਗਰਸ ਸੰਸਦ ਮੈਂਬਰ ਨੇ ਰਾਜ ਸਭਾ ਵਿੱਚ ਤੁਰੰਤ ਚਰਚਾ ਲਈ ਦਿੱਤਾ ਨੋਟਿਸ

Follow StudioX Punjabi News:

Related Stories