ਮਨੋਰੰਜਨ

‘ਸਤਲੁਜ’ ਤੋਂ ਬਾਅਦ ਦਸਤਾਰ ਫ਼ਿਲਮ ਦੀ ਰਿਲੀਜ਼ ‘ਤੇ ਸੰਕਟ! 

📷 ਦਸਤਾਰ ਫ਼ਿਲਮ ਦੀ ਰਿਲੀਜ਼ 'ਤੇ ਸੰਕਟ!

ਪੰਜਾਬੀ ਸਿਨੇਮਾ (Pollywood) ਵਿੱਚ ਪਿਛਲੇ ਕੁਝ ਸਮੇਂ ਤੋਂ ਇਤਿਹਾਸਕ ਅਤੇ ਸਿੱਖੀ ਪਛਾਣ ਨਾਲ ਜੁੜੇ ਵਿਸ਼ਿਆਂ ‘ਤੇ ਬਣਨ ਵਾਲੀਆਂ ਫਿਲਮਾਂ ਨੂੰ ਸੈਂਸਰ ਬੋਰਡ ਦੀ ਸਖ਼ਤ ਪ੍ਰਕਿਰਿਆ ਅਤੇ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿੱਚ ਦਿਲਜੀਤ ਦੁਸਾਂਝ ਦੀ ਚਰਚਿਤ ਫਿਲਮ ‘ਸਤਲੁਜ’ (ਜਿਸਦਾ ਪਹਿਲਾ ਨਾਮ ‘ਪੰਜਾਬ 95’ ਸੀ) ਦੇ ਵਿਵਾਦਾਂ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਪੰਜਾਬੀ ਫਿਲਮ ‘ਦਸਤਾਰ’ (Dastaar) ਦੀ ਰਿਲੀਜ਼ ‘ਤੇ ਸੰਕਟ ਦੇ ਬੱਦਲ ਛਾ ਗਏ ਹਨ। ਫਿਲਮ ਦੀ ਰਿਲੀਜ਼ ਮਿਤੀ 17 ਜੁਲਾਈ 2026 ਬੇਹੱਦ ਨਜ਼ਦੀਕ ਹੈ, ਪਰ ਸੈਂਸਰ ਬੋਰਡ (CBFC) ਵੱਲੋਂ ਹਾਲੇ ਤੱਕ ਫਿਲਮ ਨੂੰ ਅਧਿਕਾਰਤ ਸੈਂਸਰ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ।

ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਅਧਿਕਾਰਤ ਪੁਸ਼ਟੀ

ਫਿਲਮ ਦੀ ਨਿਰਮਾਤਾ ਕੰਪਨੀ ਵ੍ਹਾਈਟ ਹਿੱਲ ਸਟੂਡੀਓਜ਼’ (White Hill Studios) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ਰਾਹੀਂ ਇਸ ਚਿੰਤਾਜਨਕ ਖ਼ਬਰ ਦੀ ਪੁਸ਼ਟੀ ਕੀਤੀ ਹੈ। ਨਿਰਮਾਤਾਵਾਂ ਨੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਫਿਲਮ ‘ਦਸਤਾਰ’ ਦੀ ਸੈਂਸਰ ਬੋਰਡ ਵਿੱਚ ਸਕ੍ਰੀਨਿੰਗ ਸਫਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ। ਹਾਲਾਂਕਿ, ਸਕ੍ਰੀਨਿੰਗ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਵੀ ਬੋਰਡ ਵੱਲੋਂ ਸਰਟੀਫਿਕੇਟ ਜਾਰੀ ਕਰਨ ਵਿੱਚ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਦੇਰੀ ਕੀਤੀ ਜਾ ਰਹੀ ਹੈ।

ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ  “ਅਸੀਂ ਸਾਰੇ ਦਰਸ਼ਕਾਂ ਦੇ ਪਿਆਰ, ਧੀਰਜ ਅਤੇ ਸਹਿਯੋਗ ਲਈ ਬਹੁਤ ਧੰਨਵਾਦੀ ਹਾਂ। ‘ਦਸਤਾਰ’ ਦੀ ਸਕ੍ਰੀਨਿੰਗ ਤਾਂ ਹੋ ਚੁੱਕੀ ਹੈ ਪਰ ਸੈਂਸਰ ਸਰਟੀਫਿਕੇਟ ਅਜੇ ਤੱਕ ਪੈਂਡਿੰਗ ਹੈ। ਅਸੀਂ ਇਸ ਮਾਮਲੇ ‘ਤੇ ਲਗਾਤਾਰ ਕੰਮ ਕਰ ਰਹੇ ਹਾਂ ਅਤੇ ਜਲਦੀ ਹੀ ਕੋਈ ਨਵਾਂ ਅਧਿਕਾਰਤ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ।”

ਪੰਜਾਬੀ ਫਿਲਮ ਇੰਡਸਟਰੀ ਵਿੱਚ ਇਸ ਦੇਰੀ ਨੂੰ ਲੈ ਕੇ ਕਾਫ਼ੀ ਚਰਚਾ ਛਿੜ ਗਈ ਹੈ। ਬਹੁਤ ਸਾਰੇ ਲੋਕ ਇਸ ਮਾਮਲੇ ਨੂੰ ਦਿਲਜੀਤ ਦੁਸਾਂਝ ਸਟਾਰਰ ਫਿਲਮ ‘ਸਤਲੁਜ’ (Satluj) ਦੇ ਤਾਜ਼ਾ ਵਿਵਾਦ ਨਾਲ ਜੋੜ ਕੇ ਦੇਖ ਰਹੇ ਹਨ। ਦੱਸ ਦੇਈਏ ਕਿ ‘ਸਤਲੁਜ’ ਫਿਲਮ ਨੂੰ ਸੈਂਸਰ ਬੋਰਡ ਨਾਲ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਸੀ ਅਤੇ ਲਗਭਗ 127 ਕਟੌਤੀਆਂ (cuts) ਤੋਂ ਬਾਅਦ ਹੀ ਇਸ ਨੂੰ ਹਰੀ ਝੰਡੀ ਮਿਲੀ ਸੀ। ਇੱਥੋਂ ਤੱਕ ਕਿ ਓਟੀਟੀ ਪਲੇਟਫਾਰਮ ‘ਜੀ5’ (Zee5) ‘ਤੇ ਰਿਲੀਜ਼ ਹੋਣ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਸ ਫਿਲਮ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ, ਜਿਸ ਨਾਲ ਪੰਜਾਬੀ ਦਰਸ਼ਕਾਂ ਦੇ ਮਨਾਂ ਵਿੱਚ ਭਾਰੀ ਰੋਸ ਪੈਦਾ ਹੋਇਆ।

‘ਸਤਲੁਜ’ ਦੇ ਇਸ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਹੁਣ ‘ਦਸਤਾਰ’ ਨੂੰ ਸੈਂਸਰ ਸਰਟੀਫਿਕੇਟ ਨਾ ਮਿਲਣਾ ਕਈ ਸਵਾਲ ਖੜ੍ਹੇ ਕਰਦਾ ਹੈ। ਹਾਲਾਂਕਿ, ਸੈਂਸਰ ਬੋਰਡ ਜਾਂ ਫਿਲਮ ਦੇ ਨਿਰਮਾਤਾਵਾਂ ਵੱਲੋਂ ਅਜੇ ਤੱਕ ਦੇਰੀ ਦੇ ਅਸਲ ਕਾਰਨਾਂ ਬਾਰੇ ਕੋਈ ਖੁੱਲ੍ਹਾ ਬਿਆਨ ਨਹੀਂ ਦਿੱਤਾ ਗਿਆ ਹੈ।

ਕੀ ਫਿਲਮ ‘ਦਸਤਾਰ’ 17 ਜੁਲਾਈ ਨੂੰ ਰਿਲੀਜ਼ ਹੋ ਸਕੇਗੀ?

‘ਦਸਤਾਰ’ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਦਰਸ਼ਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਭਾਰੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਸੀ। ਫਿਲਮ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਪਰ ਹੁਣ ਜਦੋਂ ਰਿਲੀਜ਼ ਵਿੱਚ ਬਹੁਤ ਘੱਟ ਸਮਾਂ ਬਚਿਆ ਹੈ, ਸੈਂਸਰ ਸਰਟੀਫਿਕੇਟ ਦਾ ਪੈਂਡਿੰਗ ਹੋਣਾ ਫਿਲਮ ਦੀ ਟੀਮ ਲਈ ਵੱਡੀ ਮੁਸੀਬਤ ਬਣ ਗਿਆ ਹੈ। ਜੇਕਰ ਅਗਲੇ ਇੱਕ-ਦੋ ਦਿਨਾਂ ਵਿੱਚ ਸਰਟੀਫਿਕੇਟ ਨਹੀਂ ਮਿਲਦਾ, ਤਾਂ ਫਿਲਮ ਦੀ ਰਿਲੀਜ਼ ਮਿਤੀ ਨੂੰ ਅੱਗੇ ਵਧਾਉਣਾ ਪੈ ਸਕਦਾ ਹੈ, ਜਿਸ ਨਾਲ ਨਿਰਮਾਤਾਵਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਸ ਘਟਨਾਕ੍ਰਮ ਨੇ ਪੰਜਾਬੀ ਸਿਨੇਮਾ ਜਗਤ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਪੰਜਾਬੀ ਇੰਡਸਟਰੀ ਦੇ ਕਈ ਮਾਹਿਰਾਂ ਅਤੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਪੰਜਾਬ, ਪੰਜਾਬੀਅਤ ਅਤੇ ਸਿੱਖੀ ਪਛਾਣ ਨੂੰ ਦਰਸਾਉਣ ਵਾਲੀਆਂ ਫਿਲਮਾਂ ਨੂੰ ਹੀ ਵਾਰ-ਵਾਰ ਸੈਂਸਰ ਬੋਰਡ ਵੱਲੋਂ ਸਖ਼ਤ ਪੜਤਾਲ ਅਤੇ ਮੁਸ਼ਕਲਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ? ਇਸ ਤੋਂ ਪਹਿਲਾਂ ‘ਚੜ੍ਹਦੀ ਕਲਾ’ ਅਤੇ ‘ਸਤਲੁਜ’ ਵਰਗੀਆਂ ਫਿਲਮਾਂ ਵੀ ਅਜਿਹੀਆਂ ਹੀ ਪ੍ਰਕਿਰਿਆਵਾਂ ਵਿੱਚ ਉਲਝੀਆਂ ਰਹੀਆਂ ਹਨ। ਦਰਸ਼ਕਾਂ ਦੀ ਮੰਗ ਹੈ ਕਿ ਸੈਂਸਰ ਬੋਰਡ ਨੂੰ ਹਰ ਖੇਤਰੀ ਫਿਲਮ ਨਾਲ ਇੱਕੋ ਜਿਹਾ ਅਤੇ ਨਿਰਪੱਖ ਵਤੀਰਾ ਅਪਣਾਉਣਾ ਚਾਹੀਦਾ ਹੈ।

ਫਿਲਮ ‘ਦਸਤਾਰ’ ਦੀ ਸ਼ਾਨਦਾਰ ਸਟਾਰ ਕਾਸਟ

ਇਸ ਫਿਲਮ ਵਿੱਚ ਪੰਜਾਬੀ ਇੰਡਸਟਰੀ ਦੇ ਬਿਹਤਰੀਨ ਕਲਾਕਾਰ ਨਜ਼ਰ ਆਉਣ ਵਾਲੇ ਹਨ। ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਤਰਸੇਮ ਜੱਸੜ (Tarsem Jassar) ਦੇ ਨਾਲ ਅਦਾਕਾਰਾ ਗੀਤ ਗੋਰਾਇਆ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ ਵਿੱਚ ਹੋਰ ਵੀ ਕਈ ਮੰਝੇ ਹੋਏ ਕਲਾਕਾਰ ਵੀ ਅਹਿਮ ਕਿਰਦਾਰਾਂ ਵਿੱਚ ਦਿਖਾਈ ਦੇਣਗੇ ਜਿਵੇਂ ਕੇ ਯੋਗਰਾਜ ਸਿੰਘ, ਸਰਬਜੀਤ ਚੀਮਾ, ਅਮਨ ਧਾਲੀਵਾਲ, ਨੀਟਾ ਮਹਿੰਦਰਾ, ਅਸ਼ੀਸ਼ ਦੁੱਗਲ, ਜਪਤੇਜ ਸਿੰਘ, ਮਨਜੋਤ ਸਿੰਘ, ਅਮਨ ਸੁਤਧਰ, 

ਇਹ ਫਿਲਮ ਆਪਣੀ ਕਹਾਣੀ ਵਿੱਚ ਦਸਤਾਰ (ਪੱਗ) ਦੀ ਅਹਿਮੀਅਤ ਅਤੇ ਸਿੱਖੀ ਸ਼ਾਨ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕਰਦੀ ਹੈ। ਤਰਸੇਮ ਜੱਸੜ ਅਤੇ ਸਮੁੱਚੀ ਟੀਮ ਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ। ਹੁਣ ਸਭ ਦੀਆਂ ਨਜ਼ਰਾਂ ਸੈਂਸਰ ਬੋਰਡ ਦੇ ਅਗਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਫਿਲਹਾਲ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਮਾਮਲਾ ਜਲਦ ਸੁਲਝ ਜਾਵੇਗਾ ਅਤੇ ਫਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

dalvir singh

Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

Follow StudioX Punjabi News:

Related Stories