ਕੈਨੇਡਾ ਵਿੱਚ ਰਹਿ ਰਹੇ ਅਤੇ ਵਰਕ ਪਰਮਿਟ (Work Permit) ਦੀ ਉਡੀਕ ਕਰ ਰਹੇ ਹਜ਼ਾਰਾਂ ਪ੍ਰਵਾਸੀਆਂ ਅਤੇ ਖਾਸ ਕਰਕੇ ਪੰਜਾਬੀ ਨੌਜਵਾਨਾਂ ਲਈ ਇੱਕ ਬਹੁਤ ਹੀ ਸੁਖਦ ਅਤੇ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਵੱਲੋਂ ਦੇਸ਼ ਦੇ ਅੱਠ ਪ੍ਰਮੁੱਖ ਸ਼ਹਿਰਾਂ ਵਿੱਚ ਮੁੜ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (Labour Market Impact Assessment – LMIA) ਦੇਣ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਵੱਡੇ ਫੈਸਲੇ ਨਾਲ ਉਨ੍ਹਾਂ ਹਜ਼ਾਰਾਂ ਪ੍ਰਵਾਸੀਆਂ ਲਈ ਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ, ਜਿਨ੍ਹਾਂ ਦਾ ਇੰਮੀਗ੍ਰੇਸ਼ਨ ਸਟੇਟਸ (Immigration Status) ਖ਼ਤਮ ਹੋਣ ਵਾਲਾ ਸੀ ਜਾਂ ਜੋ ਬਿਨਾਂ ਸਟੇਟਸ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ।
ਕੈਨੇਡਾ ਦੇ ਕਿਹੜੇ 8 ਸ਼ਹਿਰਾਂ ਵਿੱਚ ਸ਼ੁਰੂ ਹੋਈ LMIA?
ਕੈਨੇਡਾ ਦੇ ਵੱਖ-ਵੱਖ ਸੂਬਿਆਂ (Provinces) ਦੇ ਅੰਕੜਿਆਂ ਅਤੇ ਉੱਥੋਂ ਦੇ ਸਥਾਨਕ ਰੁਜ਼ਗਾਰ ਹਾਲਾਤਾਂ ਨੂੰ ਦੇਖਦੇ ਹੋਏ ਫੈਡਰਲ ਸਰਕਾਰ ਨੇ ਇਨ੍ਹਾਂ 8 ਸ਼ਹਿਰਾਂ ਨੂੰ ਮੁੜ ਯੋਗ ਘੋਸ਼ਿਤ ਕੀਤਾ ਹੈ। ਓਨਟਾਰੀਓ (Ontario), ਕਿੰਗਸਟਨ (Kingston), ਸੇਂਟ ਕੈਥਰੀਨਜ਼ (St. Catharines), ਨਿਊ ਬ੍ਰਨਜ਼ਵਿਕ (New Brunswick), ਸੇਂਟ ਜੌਹਨ (Saint John), ਫ਼ਰੈਡਰਿਕਟਨ (Fredericton), ਮੈਨੀਟੋਬਾ (Manitoba), ਵਿੰਨੀਪੈਗ (Winnipeg), ਨੋਵਾ ਸਕੋਸ਼ੀਆ (Nova Scotia), ਹੈਲੀਫ਼ੈਕਸ (Halifax), ਸਸਕੈਚਵਨ (Saskatchewan), ਰਜੀਨਾ (Regina), ਕਿਊਬੈਕ (Quebec) ਅਤੇ ਡਰੰਮਡਵਿਲ (Drummondville)
ਇਨ੍ਹਾਂ ਸਾਰੇ ਸ਼ਹਿਰਾਂ ਵਿੱਚ LMIA ਦੇ ਆਧਾਰ ’ਤੇ ਨਵੇਂ ਵਰਕ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ, ਜਿਸ ਨਾਲ ਰੁਜ਼ਗਾਰਦਾਤਾਵਾਂ (Employers) ਅਤੇ ਵਿਦੇਸ਼ੀ ਕਾਮਿਆਂ ਦੋਵਾਂ ਨੂੰ ਵੱਡਾ ਹੁਲਾਰਾ ਮਿਲੇਗਾ।
LMIA ਦੇ ਨਿਯਮ ਅਤੇ ਬੇਰੁਜ਼ਗਾਰੀ ਦਰ ਦਾ ਸਬੰਧ
ਕੈਨੇਡਾ ਸਰਕਾਰ ਨੇ ਅਗਸਤ 2024 ਵਿੱਚ ਆਰਜ਼ੀ ਵਿਦੇਸ਼ੀ ਕਾਮਿਆਂ (Temporary Foreign Workers) ਨਾਲ ਸਬੰਧਤ ਨਿਯਮਾਂ ਨੂੰ ਕਾਫ਼ੀ ਸਖ਼ਤ ਕਰ ਦਿੱਤਾ ਸੀ। ਨਵੇਂ ਨਿਯਮਾਂ ਅਨੁਸਾਰ, LMIA ਦੀ ਮਨਜ਼ੂਰੀ ਨੂੰ ਸਿੱਧਾ ਦੇਸ਼ ਦੀ ਬੇਰੁਜ਼ਗਾਰੀ ਦਰ (Unemployment Rate) ਨਾਲ ਜੋੜਿਆ ਗਿਆ ਹੈ। ਕੈਨੇਡਾ ਸਰਕਾਰ ਹਰ ਤਿੰਨ ਮਹੀਨਿਆਂ ਬਾਅਦ ਵੱਖ-ਵੱਖ ਸ਼ਹਿਰਾਂ ਦੀ ਸਮੀਖਿਆ ਕਰਦੀ ਹੈ। ਜਿਹੜੇ ਸ਼ਹਿਰਾਂ ਜਾਂ ਖੇਤਰਾਂ ਵਿੱਚ ਬੇਰੁਜ਼ਗਾਰੀ ਦੀ ਦਰ 6 ਫ਼ੀਸਦੀ (6%) ਤੋਂ ਘੱਟ ਹੁੰਦੀ ਹੈ, ਕੇਵਲ ਉੱਥੇ ਹੀ LMIA ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ।
ਜੂਨ ਮਹੀਨੇ ਦੇ ਤਾਜ਼ਾ ਆਰਥਿਕ ਅੰਕੜਿਆਂ ਮੁਤਾਬਕ, ਕੈਨੇਡਾ ਵਿੱਚ 18 ਹਜ਼ਾਰ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਖਾਸ ਕਰਕੇ 15 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ ਹੇਠਾਂ ਆਈ ਹੈ। ਇਹੀ ਕਾਰਨ ਹੈ ਕਿ ਇਨ੍ਹਾਂ 8 ਸ਼ਹਿਰਾਂ ਵਿੱਚ ਬੇਰੁਜ਼ਗਾਰੀ ਦਰ 6 ਫ਼ੀਸਦੀ ਤੋਂ ਘੱਟ ਹੋਣ ਕਾਰਨ ਇੱਥੇ ਪਾਬੰਦੀ ਹਟਾ ਦਿੱਤੀ ਗਈ ਹੈ।
ਇਨ੍ਹਾਂ 4 ਸ਼ਹਿਰਾਂ ਵਿੱਚ ਲੱਗੀ ਨਵੀਂ ਰੋਕ
ਜਿੱਥੇ ਇੱਕ ਪਾਸੇ 8 ਸ਼ਹਿਰਾਂ ਵਿੱਚ ਪ੍ਰਕਿਰਿਆ ਸ਼ੁਰੂ ਹੋਈ ਹੈ, ਉੱਥੇ ਹੀ ਦੂਜੇ ਪਾਸੇ ਕਈ ਸ਼ਹਿਰਾਂ ਵਿੱਚ ਹਾਲਾਤ ਖ਼ਰਾਬ ਹੋਣ ਕਾਰਨ ਨਵੀਂ ਰੋਕ ਵੀ ਲਗਾਈ ਗਈ ਹੈ। ਬੇਰੁਜ਼ਗਾਰੀ ਦਰ ਵਧਣ ਕਾਰਨ 10 ਅਕਤੂਬਰ ਤੱਕ ਹੇਠ ਲਿਖੇ ਸ਼ਹਿਰਾਂ ਵਿੱਚ LMIA ਅਰਜ਼ੀਆਂ ਦੀ ਪ੍ਰੋਸੈਸਿੰਗ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਸਸਕਾਟੂਨ (Saskatoon – ਸਸਕੈਚਵਨ)
ਰੈਡ ਡੀਅਰ (Red Deer – ਐਲਬਰਟਾ)
ਕੈਮਲੂਪਸ (Kamloops – ਬ੍ਰਿਟਿਸ਼ ਕੋਲੰਬੀਆ)
ਚਿਲੀਵੇਕ (Chilliwack – ਬ੍ਰਿਟਿਸ਼ ਕੋਲੰਬੀਆ)
ਇਸ ਤੋਂ ਇਲਾਵਾ, ਪੂਰੇ ਕੈਨੇਡਾ ਵਿੱਚ ਲਗਭਗ 26 ਅਜਿਹੇ ਸ਼ਹਿਰ ਅਜੇ ਵੀ ਮੌਜੂਦ ਹਨ, ਜਿੱਥੇ ਬੇਰੁਜ਼ਗਾਰੀ ਦਰ ਲਗਾਤਾਰ 6 ਫ਼ੀਸਦੀ ਤੋਂ ਉੱਪਰ ਰਹਿਣ ਕਾਰਨ LMIA ਅਰਜ਼ੀਆਂ ‘ਤੇ ਪਹਿਲਾਂ ਤੋਂ ਹੀ ਰੋਕ ਜਾਰੀ ਹੈ। ਭਾਵੇਂ ਕਈ ਸ਼ਹਿਰਾਂ ਵਿੱਚ ਆਮ LMIA ‘ਤੇ ਰੋਕ ਹੈ, ਪਰ ਦੇਸ਼ ਦੀਆਂ ਅਹਿਮ ਲੋੜਾਂ ਨੂੰ ਮੁੱਖ ਰੱਖਦੇ ਹੋਏ ਕੈਨੇਡਾ ਸਰਕਾਰ ਨੇ ਕੁਝ ਖਾਸ ਸੈਕਟਰਾਂ ਨੂੰ ਪਾਬੰਦੀਆਂ ਦੇ ਘੇਰੇ ਤੋਂ ਬਾਹਰ (Exempted) ਰੱਖਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ ਖੇਤੀਬਾੜੀ ਸੈਕਟਰ (Agriculture), ਕੰਸਟ੍ਰਕਸ਼ਨ ਯਾਨੀ ਉਸਾਰੀ ਕਾਰਜ (Construction), ਫੂਡ ਮੈਨੂਫੈਕਚਰਿੰਗ (Food Manufacturing) ਅਤੇ ਸਿਹਤ ਸੇਵਾਵਾਂ/ਹਸਪਤਾਲ (Healthcare), ਕੇਅਰਗਿਵਰਜ਼ (Caregivers)
LMIA ਦੀ ਬਲੈਕ ਮਾਰਕੀਟਿੰਗ ‘ਤੇ ਲਗਾਮ ਲਗਾਉਣ ਦੀ ਕੋਸ਼ਿਸ਼
ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਸਨ। ਇਸ ਮਜਬੂਰੀ ਦਾ ਫਾਇਦਾ ਚੁੱਕਦੇ ਹੋਏ ਕਈ ਰੁਜ਼ਗਾਰਦਾਤਾਵਾਂ (Employers) ਨੇ 40 ਤੋਂ 50 ਹਜ਼ਾਰ ਡਾਲਰ ਦੀ ਮੋਟੀ ਰਕਮ ਵਸੂਲ ਕੇ ਗੈਰ-ਕਾਨੂੰਨੀ ਤਰੀਕੇ ਨਾਲ LMIA ਵੇਚਣੀ ਸ਼ੁਰੂ ਕਰ ਦਿੱਤੀ ਸੀ। ਇਸ ਰੁਝਾਨ ਨੇ ਕੈਨੇਡਾ ਦੇ ਸਥਾਨਕ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ (PR) ਦੇ ਰੁਜ਼ਗਾਰ ਨੂੰ ਵੱਡਾ ਨੁਕਸਾਨ ਪਹੁੰਚਾਇਆ। ਸਰਕਾਰ ਦੇ ਇਸ ਨਵੇਂ ‘ਬੇਰੁਜ਼ਗਾਰੀ ਦਰ ਆਧਾਰਿਤ’ ਸਿਸਟਮ ਨਾਲ ਇਸ ਬਲੈਕ ਮਾਰਕੀਟਿੰਗ ‘ਤੇ ਵੀ ਨੱਥ ਪਾਈ ਜਾ ਰਹੀ ਹੈ।
ਆਰਥਿਕ ਮਾਹਰਾਂ ਦੀ ਰਾਏ
ਤਾਜ਼ਾ ਆਰਥਿਕ ਰਿਪੋਰਟਾਂ ਅਨੁਸਾਰ, ਕੈਨੇਡਾ ਦੇ ਅਕੌਮੋਡੇਸ਼ਨ ਐਂਡ ਫੂਡ ਸਰਵਿਸਿਜ਼ ਸੈਕਟਰ (Accommodation & Food Services) ਵਿੱਚ 14,700 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ, ਹਾਲਾਂਕਿ ਮੈਨੁਫ਼ੈਕਚਰਿੰਗ ਸੈਕਟਰ ਵਿੱਚੋਂ 16,800 ਨੌਕਰੀਆਂ ਖ਼ਤਮ ਵੀ ਹੋਈਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਜੂਨ ਦੇ ਇਹ ਅੰਕੜੇ ਕੈਨੇਡੀਅਨ ਅਰਥਚਾਰੇ (Canadian Economy) ਦੇ ਮੁੜ ਪਟੜੀ ‘ਤੇ ਪਰਤਣ ਦਾ ਸੰਕੇਤ ਹਨ। ਨੌਜਵਾਨਾਂ ਲਈ ਬਦਲ ਰਹੇ ਇਹ ਨਿਯਮ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਦੀ ਇੰਮੀਗ੍ਰੇਸ਼ਨ ਨੀਤੀ ਨੂੰ ਹੋਰ ਸਪਸ਼ਟ ਰੂਪ ਦੇਣਗੇ।
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

