PGP Program Suspended: ਵਿਦੇਸ਼ ਜਾਣ ਅਤੇ ਉੱਥੇ ਜਾ ਕੇ ਆਪਣੇ ਪਰਿਵਾਰਾਂ ਨਾਲ ਵਸਣ ਦੀ ਇੱਛਾ ਰੱਖਣ ਵਾਲੇ ਲੱਖਾਂ ਪ੍ਰਵਾਸੀਆਂ, ਖਾਸ ਕਰਕੇ ਪੰਜਾਬੀਆਂ ਲਈ ਕੈਨੇਡਾ ਤੋਂ ਇੱਕ ਬਹੁਤ ਹੀ ਨਿਰਾਸ਼ਾਜਨਕ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਕ ਪਾਸੇ ਜਿੱਥੇ ਅਮਰੀਕਾ ਵਿੱਚ ਡੌਨਲਡ ਟਰੰਪ ਦੀ ਅਗਵਾਈ ਹੇਠ ਪ੍ਰਵਾਸੀਆਂ ਲਈ ਇਮੀਗ੍ਰੇਸ਼ਨ ਨੀਤੀਆਂ ਲਗਾਤਾਰ ਸਖ਼ਤ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਹੁਣ ਕੈਨੇਡਾ ਨੇ ਵੀ ਆਪਣੇ ਨਿਯਮਾਂ ਵਿੱਚ ਅਜਿਹਾ ਫੇਰਬਦਲ ਕੀਤਾ ਹੈ ਜਿਸ ਨੇ ਹਜ਼ਾਰਾਂ ਪ੍ਰਵਾਸੀ ਪਰਿਵਾਰਾਂ ਦੇ ਸੁਪਨਿਆਂ ਨੂੰ ਵੱਡੀ ਸੱਟ ਮਾਰੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਨੇ ਇੱਕ ਬਹੁਤ ਵੱਡਾ ਅਤੇ ਅਚਾਨਕ ਫ਼ੈਸਲਾ ਲੈਂਦਿਆਂ ਕੈਨੇਡਾ ਦੇ ਪੱਕੇ ਵਸਨੀਕਾਂ (PR Holder) ਅਤੇ ਨਾਗਰਿਕਾਂ ਲਈ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਪੱਕੇ ਤੌਰ ‘ਤੇ ਕੈਨੇਡਾ ਬੁਲਾਉਣ ਦਾ ਰਾਹ ਫਿਲਹਾਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ‘ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ’ (PGP Program) ਦੇ ਤਹਿਤ ਨਵੀਆਂ ਅਰਜ਼ੀਆਂ ਸਵੀਕਾਰ ਕਰਨ ‘ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਹੈ।
ਨਵੇਂ ਸੱਦਾ ਪੱਤਰਾਂ ‘ਤੇ ਮੁਕੰਮਲ ਰੋਕ
15 ਜੁਲਾਈ 2026 ਨੂੰ ਕੈਨੇਡੀਅਨ ਸਰਕਾਰ ਦੁਆਰਾ ਜਾਰੀ ਕੀਤੇ ਗਏ ਇਸ ਅਧਿਕਾਰਤ ਫ਼ੈਸਲੇ ਨੇ ਇਮੀਗ੍ਰੇਸ਼ਨ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ (IRCC) ਨੇ ਸਪੱਸ਼ਟ ਕੀਤਾ ਹੈ ਕਿ ਅਗਲੇ ਨੋਟਿਸ ਤੱਕ ਕੋਈ ਵੀ ਨਵਾਂ ਸਪਾਂਸਰਸ਼ਿਪ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਰਕਾਰ ਵੱਲੋਂ ਸੰਭਾਵਿਤ ਸਪਾਂਸਰਾਂ ਨੂੰ ਨਵੀਂ ਅਰਜ਼ੀ ਜਮ੍ਹਾਂ ਕਰਵਾਉਣ ਲਈ ਕੋਈ ਵੀ ਸੱਦਾ ਪੱਤਰ (Interest to Sponsor) ਨਹੀਂ ਭੇਜਿਆ ਜਾਵੇਗਾ।
ਇਸ ਦਾ ਮਤਲਬ ਇਹ ਹੈ ਕਿ ਜਦੋਂ ਤੱਕ ਮਾਰਕ ਕਾਰਨੀ ਦੀ ਸਰਕਾਰ ਇਸ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ ਜਾਂ ਇਸ ਵਿੱਚ ਕੋਈ ਸੋਧ ਨਹੀਂ ਕਰਦੀ, ਉੱਥੋਂ ਦੇ ਪੀਆਰ ਧਾਰਕ ਆਪਣੇ ਬਜ਼ੁਰਗ ਮਾਪਿਆਂ ਨੂੰ ਪੱਕੇ ਤੌਰ ‘ਤੇ ਆਪਣੇ ਕੋਲ ਕੈਨੇਡਾ ਨਹੀਂ ਬੁਲਾ ਸਕਣਗੇ।
ਪੁਰਾਣੀਆਂ ਅਰਜ਼ੀਆਂ ਪਵੇਗਾ ਅਸਰ
ਇਸ ਵੱਡੀ ਪਾਬੰਦੀ ਦੇ ਵਿਚਕਾਰ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਤੋਂ ਅਪਲਾਈ ਕਰ ਚੁੱਕੇ ਲੋਕਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਦਿੱਤੀ ਹੈ। ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਜੋ ਅਰਜ਼ੀਆਂ ਪਹਿਲਾਂ ਹੀ ਉਨ੍ਹਾਂ ਕੋਲ ਪ੍ਰਾਪਤ ਹੋ ਚੁੱਕੀਆਂ ਹਨ, ਉਨ੍ਹਾਂ ਦੀ ਪ੍ਰੋਸੈਸਿੰਗ (Processing) ‘ਤੇ ਕੋਈ ਰੋਕ ਨਹੀਂ ਲਗਾਈ ਗਈ ਹੈ ਅਤੇ ਉਨ੍ਹਾਂ ‘ਤੇ ਕੰਮ ਨਿਰੰਤਰ ਜਾਰੀ ਰਹੇਗਾ।
ਸਰਕਾਰ ਨੇ ਸਾਲ 2026 ਲਈ ਆਪਣਾ ਟੀਚਾ ਨਿਰਧਾਰਿਤ ਕਰਦੇ ਹੋਏ ਕਿਹਾ ਹੈ ਕਿ ਪਹਿਲਾਂ ਤੋਂ ਮੌਜੂਦ ਬੈਕਲਾਗ ਵਿੱਚੋਂ ਲਗਭਗ 15,000 ਬਿਨੈਕਾਰਾਂ ਨੂੰ ਪੀਆਰ (PR) ਦਿੱਤੀ ਜਾਵੇਗੀ, ਤਾਂ ਜੋ ਪੁਰਾਣੇ ਕੇਸਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾ ਸਕੇ।
ਬੈਕਲਾਗ ਅਤੇ ਵੇਟਿੰਗ ਪੀਰੀਅਡ ਦੇ ਹੈਰਾਨੀਜਨਕ ਅੰਕੜੇ
ਇਮੀਗ੍ਰੇਸ਼ਨ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ, ਇਸ ਵੇਲੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ (PGP) ਸ਼੍ਰੇਣੀ ਦੇ ਅਧੀਨ ਲਗਭਗ 50,900 ਅਰਜ਼ੀਆਂ ਪ੍ਰਕਿਰਿਆ ਅਧੀਨ (Under Process) ਹਨ। ਇਹ ਉਹ ਲੋਕ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਫਾਈਲਾਂ ਜਮ੍ਹਾਂ ਕਰਵਾ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਜੇਕਰ ਪ੍ਰੋਸੈਸਿੰਗ ਦੇ ਸਮੇਂ (Processing Time) ਦੀ ਗੱਲ ਕੀਤੀ ਜਾਵੇ, ਤਾਂ ਜੁਲਾਈ 2025 ਜਾਂ ਉਸ ਤੋਂ ਪਹਿਲਾਂ ਅਪਲਾਈ ਕਰਨ ਵਾਲੇ ਬਿਨੈਕਾਰਾਂ ਲਈ ਉਡੀਕ ਦਾ ਸਮਾਂ ਕਾਫ਼ੀ ਜ਼ਿਆਦਾ ਹੈ।
ਜਿਹੜੇ ਪ੍ਰਵਾਸੀ ਪਰਿਵਾਰ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਜਾਂ ਅਲਬਰਟਾ ਵਰਗੇ ਸੂਬਿਆਂ ਵਿੱਚ ਰਹਿ ਰਹੇ ਹਨ, ਉਨ੍ਹਾਂ ਲਈ ਵੇਟਿੰਗ ਪੀਰੀਅਡ ਲਗਭਗ 18 ਮਹੀਨੇ ਹੈ। ਕਿਊਬੈਕ ਵਿੱਚ ਵਸਣ ਦੀ ਇੱਛਾ ਰੱਖਣ ਵਾਲੇ ਪਰਿਵਾਰਾਂ ਲਈ ਸਥਿਤੀ ਹੋਰ ਵੀ ਗੰਭੀਰ ਹੈ। ਉੱਥੇ ਇਹ ਉਡੀਕ ਸਮਾਂ 54 ਮਹੀਨੇ (ਯਾਨੀ ਸਾਢੇ ਚਾਰ ਸਾਲ) ਤੱਕ ਜਾ ਸਕਦਾ ਹੈ।
PGP Program Suspended: ਪੰਜਾਬੀਆਂ ਨੂੰ ਵੱਡਾ ਝਟਕਾ
ਕੈਨੇਡਾ ਸਰਕਾਰ ਦੇ ਇਸ ਅਚਾਨਕ ਲਏ ਗਏ ਫ਼ੈਸਲੇ ਨਾਲ ਖਾਸ ਕਰਕੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਅਤੇ ਨਿਰਾਸ਼ਾ ਦੀ ਲਹਿਰ ਦੌੜ ਗਈ ਹੈ। ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਕੈਨੇਡਾ ਵਿੱਚ ਪੜ੍ਹਾਈ ਅਤੇ ਰੁਜ਼ਗਾਰ ਲਈ ਗਏ ਹੋਣ ਤੋਂ ਬਾਅਦ ਉੱਥੇ ਪੀਆਰ (PR) ਲੈ ਕੇ ਸੈਟਲ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਹੁਣ ਆਰਥਿਕ ਤੌਰ ‘ਤੇ ਮਜ਼ਬੂਤ ਹੋਣ ਤੋਂ ਬਾਅਦ ਆਪਣੇ ਬਜ਼ੁਰਗ ਮਾਪਿਆਂ ਨੂੰ ਕੈਨੇਡਾ ਬੁਲਾ ਕੇ ਆਪਣੇ ਕੋਲ ਪੱਕੇ ਤੌਰ ‘ਤੇ ਰੱਖਣਾ ਚਾਹੁੰਦੇ ਸਨ।
ਸਰਕਾਰ ਦੇ ਇਸ ਐਲਾਨ ਨੇ ਉਨ੍ਹਾਂ ਸਾਰੇ ਪ੍ਰਵਾਸੀਆਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ ਜੋ ਇਸ ਸਾਲ ਪੀਜੀਪੀ (PGP) ਪ੍ਰੋਗਰਾਮ ਦੇ ਖੁੱਲ੍ਹਣ ਅਤੇ ਆਪਣੇ ਮਾਪਿਆਂ ਨੂੰ ਸਪਾਂਸਰ ਕਰਨ ਦੀ ਤਿਆਰੀ ਕਰੀ ਬੈਠੇ ਸਨ। ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਚੱਲ ਰਹੇ ਹਾਊਸਿੰਗ ਸੰਕਟ (Housing Crisis) ਅਤੇ ਸਿਹਤ ਸਹੂਲਤਾਂ ‘ਤੇ ਵੱਧ ਰਹੇ ਬੋਝ ਕਾਰਨ ਸਰਕਾਰ ਨੇ ਇਹ ਸਖ਼ਤ ਕਦਮ ਚੁੱਕਿਆ ਹੈ।
ਪੜ੍ਹੋ ਹੋਰ ਖ਼ਬਰਾਂ: ਕੈਨੇਡਾ ਵਿੱਚ ਸਾਬਕਾ MP ਦੇ ਘਰੋਂ ਮਿਲੇ ਸੈਂਕੜੇ ਹਥਿਆਰ ਅਤੇ ਲੱਖਾਂ ਡਾਲਰ
IDBI ਬੈਂਕ ਨੂੰ ਮਿਲਿਆ ਖਰੀਦਦਾਰ, ਕੈਨੇਡੀਅਨ ਕੰਪਨੀ ਫੇਅਰਫੈਕਸ ਨਾਲ ਇਤਿਹਾਸਕ ਡੀਲ
Dalveer Singh is a Punjabi news writer with StudioX News, covering Canadian news and current affairs for Punjabi-speaking readers. He has over five years of experience in journalism, editing, and Punjabi-language content, including work as a sub-editor at Zee Media and covering breaking news and national events. He holds a Master's in Political Science and writes with a focus on accuracy, clarity, and the stories that matter to the Punjabi community in Canada.

