“ਜਦੋਂ ਤੁਸੀਂ ਕਿਸੇ ਦੀ ਸਟੋਰੀ ਜਾਂ ਪੋਸਟ ਵੇਖਦੇ ਹੋ — ਜਿਸ ਵਿੱਚ ਲੋਕ ਬ੍ਰਾਂਡੈਡ ਕੱਪੜੇ ਪਾ ਕੇ ਵੀਡੀਓਜ਼ ਬਣਾ ਰਹੇ ਹਨ, ਫੋਟੋਆਂ ਪਾ ਰਹੇ ਹਨ, ਵਿਦੇਸ਼ ਘੁੰਮ ਰਹੇ ਹਨ, ਜਾਂ ਲਗਜ਼ਰੀ ਲਾਈਫ ਦਾ ਆਨੰਦ ਮਾਣ ਰਹੇ ਹਨ ਤਾਂ, ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਸੱਚ-ਮੁੱਚ ਇੰਨੇ ਖੁਸ਼ ਨੇ ਜਾਂ ਫਿਰ ਇਹ ਸਿਰਫ਼ ਲੋਕ ਦਿਖਾਵਾ ਹੈ?”
ਅੱਜ ਦੇ ਸਮੇਂ ‘ਚ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਲੱਗਭਗ ਹਰ ਕੋਈ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲ਼ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ। ਉਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਕਿੰਨੇ ਪ੍ਰਫੈੱਕਟ ਤੇ ਖੁਸ਼ ਹਨ, ਪਰ ਕਈ ਵਾਰ ਅਸਲ ਸੱਚਾਈ ਕੁਝ ਹੋਰ ਹੀ ਹੁੰਦੀ ਹੀ ਹੈ। ਜੋ ਸੋਸ਼ਲ ਮੀਡੀਆ ‘ਤੇ ਦਿਖਦਾ ਹੈ ਉਹ ਹਮੇਸ਼ਾ ਸੱਚ ਨਹੀਂ ਹੁੰਦਾ।

ਸੋਸ਼ਲ ਮੀਡੀਆ ‘ਤੇ ਸਭ ਦੀ ਲਾਈਫ ਸੈੱਟ…
ਸੋਸ਼ਲ ਮੀਡੀਆ ‘ਤੇ ਸਕ੍ਰੋਲ ਕਰਦੇ ਹੋਏ ਲੱਗਦਾ ਹੈ ਕਿ ਸਭ ਦੀ ਲਾਈਫ ਸੈੱਟ ਹੈ। ਕੋਈ ਬਾਹਰ ਵਿਦੇਸ਼ ‘ਚ ਸੈਟਲ, ਕੋਈ ਲਗਜ਼ਰੀ ਕਾਰ ਵਿੱਚ ਘੁੰਮ ਰਿਹਾ ਹੈ, ਕੋਈ ਹਰ ਹਫ਼ਤੇ ਨਵੀਂ ਜਗ੍ਹਾ ਘੁੰਮਦਾ ਫੋਟੋ ਪਾ ਰਿਹਾ ਹੈ। ਇਹ ਸਭ ਵੇਖ ਕੇ ਕਈ ਵਾਰ ਸਾਨੂੰ ਲੱਗਦਾ ਹੈ ਕਿ “ਸਾਡੀ ਲਾਈਫ ਹੀ ਹੌਲੀ ਚੱਲ ਰਹੀ ਹੈ” ਜਾਂ “ਅਸੀਂ ਕੁਝ ਹਾਸਿਲ ਹੀ ਨਹੀਂ ਕਰ ਸਕੇ।”
ਪਰ ਸੱਚਾਈ ਕੀ ਹੈ?
ਜਿਹੜਾ ਬੰਦਾ ਵਿਦੇਸ਼ ਘੁੰਮ ਰਿਹਾ ਹੈ, ਫੋਟੋ ਪਾ ਰਿਹਾ ਹੈ, ਸ਼ਾਇਦ ਉਹ 12–14 ਘੰਟੇ ਕੰਮ ਕਰ ਰਿਹਾ ਹੋਵੇ। ਜਿਹੜਾ ਹੱਸ ਰਿਹਾ ਹੈ, ਸ਼ਾਇਦ ਉਹ ਅੰਦਰੋਂ ਦੁਖੀ ਤੇ ਇਕੱਲਾਪਣ ਮਹਿਸੂਸ ਕਰ ਰਿਹਾ ਹੋਵੇ। ਜ਼ਿਆਦਾਤਰ ਲੋਕ ਆਪਣਾ ਸੰਘਰਸ਼ ਕਦੇ ਵੀ ਆਨਲਾਈਨ ਸਾਂਝਾ ਨਹੀਂ ਕਰਦੇ। ਉਹ ਆਪਣੀ ਜ਼ਿੰਦਗੀ ਦਾ ਸਿਰਫ਼ ਉਹੀ ਹਿੱਸਾ ਦਿਖਾਉਂਦੇ ਨੇ ਜੋ ਉਹ ਦਿਖਾਉਣਾ ਚਾਹੁੰਦੇ ਹਨ ਤੇ ਜੋ ਲੋਕਾਂ ਨੂੰ ਵਹਿਮ ‘ਚ ਪਾ ਕੇ ਰੱਖੇ ਕਿ ਪਤਾ ਨਹੀਂ ਇਸ ਕੋਲ ਕਿੰਨਾ ਪੈਸਾ ਤੇ ਐਸ਼ੋ ਆਰਾਮ ਹੈ, ਇਸਦੀ ਜ਼ਿੰਦਗੀ ਬਹੁਤ ਸੋਹਣੀ ਬਿਨਾਂ ਕਿਸੇ ਦੁੱਖ ਤਕਲੀਫ ਤੋਂ ਹਸਦੇ ਖੇਡਦੇ ਚੱਲ ਰਹੀ ਹੈ।
ਇਹ “ਪ੍ਰਫੈੱਕਟ ਲਾਈਫ” ਦਾ ਪ੍ਰੈਸ਼ਰ ਅੱਜ ਦੀ ਨੌਜਵਾਨ ਪੀੜੀ ‘ਤੇ ਸਭ ਤੋਂ ਵੱਡਾ ਪ੍ਰਭਾਵ ਪਾ ਰਿਹਾ ਹੈ। ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਵਧੀਆ ਤੇ ਸਕਸੈੱਸਫੁੱਲ ਸਾਬਤ ਕਰਨ ਵਿੱਚ ਲੱਗਾ ਹੋਇਆ ਹੈ। “ਓਹ ਕਿੱਥੋਂ ਕਿੱਥੇ ਪਹੁੰਚ ਗਿਆ, ਮੈਂ ਕਿੱਥੇ ਹਾਂ?” ਇਹ ਸੋਚ ਡਿਪ੍ਰੈਸ਼ਨ, ਐਂਜ਼ਾਇਟੀ ਤੇ ਲੋਅ ਕਾਨਫਿਡੈਂਸ ਦਾ ਕਾਰਨ ਬਣ ਰਹੀ ਹੈ।
ਇੱਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਕਿਵੇਂ ਕਈ ਵਾਰ ਲੋਕ ਆਪਣੀ ਸੋਸ਼ਲ ਮੀਡੀਆ ਇਮੇਜ ਦੇ “ਸੁੰਦਰ” ਅਤੇ “ਸਫ਼ਲ” ਦਿਖਾਵੇ ਲਈ ਆਪਣੇ ਹੀ ਪਰਿਵਾਰ ਅਤੇ ਪਿਆਰਿਆਂ ‘ਤੇ ਬੋਝ ਪਾ ਸਕਦੇ ਹਨ? ਕਿਵੇਂ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਮਹਿੰਗੇ ਕੱਪੜੇ, ਨਵੇਂ ਫ਼ੋਨ, ਲਗਜ਼ਰੀ ਚੀਜ਼ਾਂ ਜਾਂ ਘੁੰਮਣ-ਫਿਰਨ ਲਈ ਖਰਚ ਕਰ ਲੈਂਦੇ ਹਨ, ਤਾਂ ਜੋ ਸੋਸ਼ਲ ਮੀਡੀਆ ‘ਤੇ ਲਾਈਫਸਟਾਇਲ ਆਕਰਸ਼ਕ ਲੱਗੇ। ਕਈ ਵਾਰ ਮਾਪਿਆਂ ਦੀਆਂ ਕੁਰਬਾਨੀਆਂ, ਕਰਜ਼ੇ ਜਾਂ ਘਰੇਲੂ ਤਣਾਅ ਵੀ “ਸਟੇਟਸ” ਦਾ ਹਿੱਸਾ ਬਣ ਜਾਂਦੇ ਹਨ। ਕੁਝ ਲੋਕ ਆਪਣੇ ਰਿਸ਼ਤਿਆਂ ਤੇ ਨੂੰ ਵੀ ਸਿਰਫ਼ “ਕਾਨਟੈਂਟ” ਵਜੋਂ ਵਰਤਦੇ ਹਨ।

ਇਸ ਖੋਖਲੇ ਦਿਖਾਵੇ ਦਾ ਦੇਖਣ ਵਾਲਿਆਂ ‘ਤੇ ਇੰਨਾ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿ ਦੇਖਣ ਵਾਲੇ ਵੀ ਆਪਣੀ ਜ਼ਿੰਦਗੀ ਵਿੱਚ ਉਹੀ ਕੁਝ ਚਾਹੁਣ ਲੱਗ ਪੈਂਦੇ ਹਨ। ਜਦੋਂ ਉਹ ਵਾਰ-ਵਾਰ ਮਹਿੰਗਿਆਂ ਟ੍ਰਿਪਾਂ, ਬ੍ਰਾਂਡੇਡ ਕੱਪੜੇ, ਮਹਿੰਗੇ ਗਿਫ਼ਟ, ਲਗਜ਼ਰੀ ਲਾਈਫ ਜਾਂ “ਪਰਫੈੱਕਟ” ਰਿਸ਼ਤੇ ਵੇਖਦੇ ਹਨ, ਤਾਂ ਉਹਨਾਂ ਦੇ ਮਨ ਵਿੱਚ ਵੀ ਉਹੀ ਉਮੀਦਾਂ ਪੈਦਾ ਹੋਣ ਲੱਗਦੀਆਂ ਹਨ। ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਘਰਾਂ ਅਤੇ ਰਿਸ਼ਤਿਆਂ ‘ਤੇ ਪੈਂਦਾ ਹੈ। ਕਈ ਵਾਰ ਬੱਚੇ ਆਪਣੇ ਮਾਪਿਆਂ ‘ਤੇ, ਜੀਵਨ ਸਾਥੀ ਇੱਕ-ਦੂਜੇ ‘ਤੇ ਇਹੋ ਜਿਹੀ ਜ਼ਿੰਦਗੀ ਦੇਣ ਲਈ ਦਬਾਅ ਬਣਾਉਣ ਲੱਗ ਪੈਂਦੇ ਨੇ। ਇਹ ਮਾਨਸਿਕ ਤੇ ਆਰਥਿਕ ਦਬਾਅ ਦੇ ਨਾਲ-ਨਾਲ ਰਿਸ਼ਤਿਆਂ ‘ਚ ਜ਼ਹਿਰ ਘੋਲਦਾ ਹੈ।
ਕਈ ਸਟੂਡੈਂਟਸ ਤੇ ਯੰਗ ਪ੍ਰੋਫੈਸ਼ਨਲਜ਼ ਆਪਣੀਆਂ ਅਸਲ ਮੁਸ਼ਕਲਾਂ ਨੂੰ ਅਣਦੇਖਾ ਕਰਕੇ ਸਿਰਫ਼ ਸੋਸ਼ਲ ਮੀਡੀਆ ਇਮੇਜ ਬਣਾਉਣ ਵਿੱਚ ਲੱਗੇ ਹੋਏ ਨੇ। ਕਰਜ਼ਾ ਲੈ ਕੇ ਲਾਈਫਸਟਾਈਲ ਸ਼ੋਅ ਕਰਨਾ, ਫੇਕ ਹੈਪੀਨੈੱਸ ਦਿਖਾਉਣਾ — ਇਹ ਸਭ ਇੱਕ ਰੇਸ ਬਣ ਚੁੱਕੀ ਹੈ। ਪਰ ਅੰਦਰੋਂ ਅੰਦਰ, ਉਹ ਮਾਨਸਿਕ ਰੂਪ ‘ਚ ਥੱਕ ਚੁੱਕੇ ਹੁੰਦੇ ਨੇ। ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਲੋਕ ਆਪਣੀਆਂ ਅਸਲ ਭਾਵਨਾਵਾਂ ਸਾਂਝੀਆਂ ਕਰਨਾ ਵੀ ਛੱਡ ਦਿੰਦੇ ਨੇ। ਉਹ ਡਰਦੇ ਨੇ ਕਿ “ਲੋਕ ਕੀ ਕਹਿਣਗੇ?”

ਸੋਸ਼ਲ ਮੀਡੀਆ ‘ਤੇ ਵੱਧਦੀ ਤੁਲਨਾ ਅੱਜ ਦੇ ਨੌਜਵਾਨਾਂ ਲਈ ਗੰਭੀਰ ਚੁਣੌਤੀ ਬਣ ਰਹੀ ਹੈ। “ਓਹ ਕਿੱਥੋਂ ਕਿੱਥੇ ਪਹੁੰਚ ਗਿਆ ਤੇ ਮੈਂ ਕਿੱਥੇ ਹਾਂ?” ਇਹ ਸਵਾਲ ਕਈ ਨੌਜਵਾਨਾਂ ਦੇ ਮਨ ਵਿੱਚ ਦਿਨ-ਰਾਤ ਘੁੰਮਦਾ ਰਹਿੰਦਾ ਹੈ। ਇਸ ਲਗਾਤਾਰ ਤੁਲਨਾ ਦੇ ਕਾਰਨ ਡਿਪ੍ਰੈਸ਼ਨ, ਐਂਜ਼ਾਇਟੀ, ਲੋਅ ਕਾਨਫੀਡੈਂਸ, ਲੋੜ ਤੋਂ ਵੱਧ ਸੋਚਣ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਲੋਕ ਆਪਣੀ ਅਸਲ ਤਰੱਕੀ ਨੂੰ ਵੇਖਣ ਦੀ ਬਜਾਏ, ਦੂਜਿਆਂ ਦੀ ਸੋਸ਼ਲ ਮੀਡੀਆ ਵਾਲੀ ਜ਼ਿੰਦਗੀ ਨਾਲ ਆਪਣੀ ਜ਼ਿੰਦਗੀ ਦੀ ਤੁਲਨਾ ਕਰਨ ਲੱਗ ਪੈਂਦੇ ਹਨ।
ਇਸ ਸਮੱਸਿਆ ਦਾ ਹੱਲ ਸੋਸ਼ਲ ਮੀਡੀਆ ਤੋਂ ਦੂਰ ਭੱਜਣਾ ਨਹੀਂ, ਸਗੋਂ ਉਸਨੂੰ ਸਮਝਦਾਰੀ ਨਾਲ ਵਰਤਣਾ ਹੈ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਚਮਕਦੀ ਤਸਵੀਰ ਪਿੱਛੇ ਖੁਸ਼ਹਾਲੀ ਨਹੀਂ ਹੁੰਦੀ। ਆਪਣੀ ਜ਼ਿੰਦਗੀ ਨੂੰ ਲਾਈਕਸ, ਫਾਲੋਅਰਜ਼ ਜਾਂ ਬ੍ਰਾਂਡੈਂਡ ਲਾਈਫਸਟਾਈਲ ਨਾਲ ਨਹੀਂ ਤੋਲਣਾ ਚਾਹੀਦਾ। ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਸ ‘ਤੇ ਦੇਖੇ ਜਾਣ ਵਾਲੇ ਕੰਟੈਂਟ ਦੀ ਸਹੀ ਜਾਂ ਗਲਤ ਪਹਿਚਾਣ ਕਰਨਾ ਸਾਡੇ ਆਪਣੇ ਹੱਥ ‘ਚ ਹੈ। ਸੋਸ਼ਲ ਮੀਡੀਆ ਦੀ ਝੂਠੀ ਚਕਾਚੌਂਦ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਵਿਚਾਰ ਕਰਨਾ ਜ਼ਰੂਰੀ ਹੈ, ਕੀ ਇਹ ਸੱਚ ਹੈ, ਜਾਂ ਸਿਰਫ਼ ਇੱਕ ਲੋਕ ਦਿਖਾਵਾ?
Leave a Comment